ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਸਬੰਧੀ ਡੀ. ਜੀ. ਪੀ. ਅਰੋੜਾ ਵਲੋਂ ਖਾਸ ਨਿਰਦੇਸ਼

10/09/2018 8:49:02 AM

ਲੁਧਿਆਣਾ (ਅਭਿਸ਼ੇਕ, ਨਰਿੰਦਰ) : ਪੰਜਾਬ ਪੁਲਸ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਇੱਥੇ ਆਪਣੇ ਸਾਰੇ ਸੀਨੀਅਰ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਤਸਕਰਾਂ ਵਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈਆਂ ਗਈਆਂ ਜਾਇਦਾਦਾਂ 'ਤੇ ਵੀ ਪ੍ਰਭਾਰੀ ਕਾਰਵਾਈ ਕਰਨ ਲਈ ਕਿਹਾ, ਜਿਸ ਨਾਲ ਤਸਕਰਾਂ ਦੇ ਵਿੱਤੀ ਸਾਧਨਾਂ 'ਚ ਕਾਫੀ ਕਮੀ ਆਵੇਗੀ।

ਇਨ੍ਹਾਂ ਜਾਇਦਾਦਾਂ ਨੂੰ ਆਮ ਤੌਰ 'ਤੇ ਤਸਕਰ ਨਸ਼ਾ ਤਸਕਰੀ ਨਾਲ ਜੁੜੀਆਂ ਆਪਣੀਆਂ ਗੈਰ ਕਾਨੂੰਨੀ ਗਤੀਵਿਧੀਆਂ ਲਈ ਇਸਤੇਮਾਲ ਕਰਦੇ ਹਨ। ਇਸ ਮੀਟਿੰਗ ਦੌਰਾਨ ਪੰਜਾਬ ਦੇ ਮਾਹੌਲ ਨੂੰ ਠੀਕ ਰੱਖਣ, ਨਸ਼ਿਆਂ ਨੂੰ ਖਤਮ ਕਰਨ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।  ਡੀ. ਜੀ. ਪੀ. ਅਰੋੜਾ ਨੇ ਕਿਹਾ ਕਿ ਐੱਸ. ਟੀ. ਐੱਫ. ਹੁਣ ਡਾਇਰੈਕਟਰ ਜਨਰਲ ਆਫ ਪੁਲਸ, ਪੰਜਾਬ ਦਾ ਹਿੱਸਾ ਹੈ ਅਤੇ ਅਜਿਹੇ 'ਚ ਪੰਜਾਬ ਪੁਲਸ ਦੀਆਂ ਵੱਖ-ਵੱਖ ਯੂਨਿਟਾਂ 'ਚ ਨਸ਼ਾ ਤਸਕਰਾਂ ਦੇ ਖਿਲਾਫ ਪ੍ਰਭਾਰੀ ਕਾਰਵਾਈ ਕਰਨ ਲਈ ਤਾਲਮੇਲ ਬਹੁਤ ਜ਼ਰੂਰੀ ਹੈ।

ਉਨ੍ਹਾਂ ਨੇ ਅਧਿਕਾਰੀਆਂ ਨੂੰ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਭਗੌੜੇ ਅਤੇ ਫਰਾਰ ਅਪਰਾਧੀਆਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਉਣ ਲਈ ਕਿਹਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਦੇ ਖਿਲਾਫ ਜਾਗਰੂਕ ਕਰਦੇ ਪ੍ਰੋਗਰਾਮਾਂ 'ਚ ਸ਼ਾਮਲ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੇ ਵੀ ਨਿਰਦੇਸ਼ ਦਿੱਤੇ ਹਨ।


Related News