ਹੋਲੇ-ਮਹੱਲੇ ਮੌਕੇ ਸ੍ਰੀ ਕੀਰਤਪੁਰ ਸਾਹਿਬ ''ਚ ਲੱਗੀਆਂ ਰੌਣਕਾਂ, ਗੁਰੂਧਾਮਾਂ ''ਚ ਵੱਡੀ ਗਿਣਤੀ ''ਚ ਸੰਗਤਾਂ ਹੋਈਆਂ ਨਤਮਸਤਕ
Wednesday, Mar 12, 2025 - 12:24 PM (IST)

ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਸਲਾਨਾ ਛੇ ਰੋਜ਼ਾ ਕੌਮੀ ਤਿਉਹਾਰ ਹੋਲਾ-ਮਹੱਲਾ ਜੋੜ ਮੇਲੇ ਦੇ ਦੂਜੇ ਦਿਨ ਸ੍ਰੀ ਕੀਰਤਪੁਰ ਸਾਹਿਬ ਦੇ ਵੱਖ-ਵੱਖ ਗੁਰੂ ਘਰਾਂ ਵਿਚ ਹਜ਼ਾਰਾਂ ਦੀ ਤਦਾਦ ਵਿਚ ਸੰਗਤਾਂ ਨੇ ਮੱਥਾ ਟੇਕਿਆ, ਪਹਿਲੇ ਦਿਨ ਦੇ ਮੁਕਾਬਲੇ ਦੂਜੇ ਦਿਨ ਮੇਲੇ ਵਿਚ ਸੰਗਤਾਂ ਦੀ ਗਿਣਤੀ ਵਿਚ ਭਾਰੀ ਵਾਧਾ ਦਿਖਾਈ ਦਿੱਤਾ। ਸ਼ਰਧਾਲੂ ਆਪਣੇ ਟਰੈਕਟਰ ਟਰਾਲੀਆਂ, ਟਰੱਕਾਂ, ਬੱਸਾਂ, ਕਾਰਾਂ, ਮੋਟਰ ਸਾਈਕਲਾਂ 'ਤੇ ਕੇਸਰੀ ਅਤੇ ਨੀਲੇ ਰੰਗ ਦੇ ਝੰਡੇ ਲਗਾ ਕੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਮੱਥਾ ਟੇਕਣ ਲਈ ਆ ਰਹੇ ਸਨ, ਇਤਿਹਾਸਕ ਗੁਰਦੁਆਰਿਆਂ ਜਿਨ੍ਹਾਂ ਵਿਚੋਂ ਗੁਰਦੁਆਰਾ ਪਤਾਲਪੁਰੀ ਸਾਹਿਬ, ਗੁ. ਬਾਬਾ ਗੁਰਦਿੱਤਾ ਜੀ, ਗੁਰਦੁਆਰਾ ਚਰਨ ਕੰਵਲ ਸਾਹਿਬ, ਗੁਰਦੁਆਰਾ ਮੰਜੀ ਸਾਹਿਬ, ਗੁਰਦੁਆਰਾ ਬਿਬਾਣਗੜ ਸਾਹਿਬ, ਗੁਰਦੁਆਰਾ ਸੀਸ ਮਹਿਲ ਸਾਹਿਬ, ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਜੀ, ਡੇਰਾ ਬਾਬਾ ਸ਼੍ਰੀ ਚੰਦ ਜੀ ਵਿਖੇ ਰੋਣਕਾਂ ਵੇਖਣ ਨੂੰ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ : ਵੱਡੇ ਅਫ਼ਸਰਾਂ 'ਤੇ ਡਿੱਗੇਗੀ ਗਾਜ, ਐਕਸ਼ਨ ਮੋਡ 'ਚ ਜਲੰਧਰ ਦੇ ਮੇਅਰ ਵਿਨੀਤ ਧੀਰ, ਦਿੱਤੀ ਸਖ਼ਤ ਚਿਤਾਵਨੀ
ਸੰਗਤਾਂ ਵੱਲੋਂ ਪੈਦਲ ਪੋੜੀਆਂ ਦੇ ਰਸਤੇ ਰਾਹੀਂ ਵੀ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਅਤੇ ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਜੀ ਨੂੰ ਮੱਥਾ ਟੇਕਣ ਲਈ ਜਾ ਅਤੇ ਆ ਰਹੇ ਹਨ। ਸੰਗਤ ਵੱਲੋਂ ਮੇਲੇ ਦੌਰਾਨ ਵੱਖ-ਵੱਖ ਥਾਂਵਾਂ ’ਤੇ ਸੱਜੀਆਂ ਹੋਈਆਂ ਦੁਕਾਨਾਂ ’ਤੇ ਜਾ ਕੇ ਆਪਣੇ ਲਈ ਅਤੇ ਆਪਣੇ ਬੱਚਿਆਂ ਲਈ ਸਾਮਾਨ ਦੀ ਖਰੀਦੋ ਫਰੋਖਤ ਕੀਤੀ ਜਾ ਰਹੀ ਹੈ।
ਪਿੰਡ ਬਰੂਵਾਲ ਵਿਖੇ ਯਾਦਗਾਰੀ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੋਲੇ ਮਹੱਲੇ ਦੇ ਮੌਕੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਤੇੜਾਂ ਕਲਾਂ ਜ਼ਿਲਾ ਅਜਨਾਲਾ ਦੀਆਂ ਸੰਗਤਾਂ ਵੱਲੋਂ ਦੇਸੀ ਘਿਓ ਨਾਲ ਤਿਆਰ ਪਕਵਾਨ ਤੇ ਪ੍ਰਸ਼ਾਦਿਆਂ ਦਾ ਲੰਗਰ ਲਗਾਇਆ ਗਿਆ ਹੈ। ਸੰਗਤ ਦੀ ਸਹੂਲਤ ਲਈ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਪ੍ਰਬੰਧ ਅਧੀਨ ਚਲਦੇ ਡੇਰਾ ਬਾਬਾ ਸ਼੍ਰੀ ਚੰਦ ਜੀ, ਗੁਰਦੁਆਰਾ ਥੜਾ ਸਾਹਿਬ ਵਿਖੇ ਵੀ ਸੰਗਤ ਦੀ ਸਹੂਲਤ ਲਈ ਮੁੱਖ ਸੇਵਾਦਾਰ ਬਾਬਾ ਸੁੱਚਾ ਸਿੰਘ ਜੀ ਦੀ ਯੋਗ ਅਗਵਾਈ ਹੇਠ ਪੁਖਤਾ ਪ੍ਰਬੰਧ ਕੀਤੇ ਗਏ ਹਨ। ਮੇਲੇ ਦੌਰਾਨ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਲੱਗੇ ਧਾਰਮਿਕ ਦੀਵਾਨ ਵਿਚ ਸੰਗਤਾਂ ਬੈਠ ਕੇ ਵਾਰਾਂ ਸੁਣ ਕੇ ਸਿੱਖ ਇਤਿਹਾਸ ਤੋਂ ਜਾਣੂ ਹੋ ਰਹੀਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ 14 ਮਾਰਚ ਲਈ ਹੋ ਗਿਆ ਵੱਡਾ ਐਲਾਨ, ਵੱਡੀ ਮੁਸੀਬਤ 'ਚ ਪੈ ਸਕਦੇ ਨੇ ਲੋਕ !
ਮੇਲੇ ਵਿਚ ਪੁਲਸ ਵੱਲੋਂ ਵੱਖ-ਵੱਖ ਧਾਰਮਿਕ ਅਸਥਾਨਾਂ ਨੂੰ ਜਾਣ ਵਾਲੇ ਰਸਤਿਆਂ ’ਤੇ ਬੈਰੀਕੇਡ ਲਗਾ ਕੇ ਵੱਡੇ ਵਾਹਨਾਂ ਨੂੰ ਉਸ ਪਾਸੇ ਜਾਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਜੋ ਪੈਦਲ ਮੱਥਾ ਟੇਕਣ ਆਉਣ ਵਾਲੀ ਸੰਗਤ ਨੂੰ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮੱਥਾ ਟੇਕਣ ਆਉਣ ਵਾਲੀ ਸੰਗਤ ਦੇ ਵਾਹਨਾਂ ਲਈ ਵੱਖ-ਵੱਖ ਥਾਵਾਂ ’ਤੇ ਪਾਰਕਿੰਗਾਂ ਦਾ ਪ੍ਰਬੰਧ ਕੀਤਾ ਗਿਆ ਹੈ, ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ । ਸਿਹਤ ਵਿਭਾਗ ਵੱਲੋਂ ਵੀ ਵੱਖ-ਵੱਖ ਥਾਵਾਂ ’ਤੇ ਆਰਜੀ ਡਿਸਪੈਂਸਰੀਆਂ ਖੋਲ੍ਹੀਆਂ ਗਈਆਂ ਹਨ। ਮੇਲੇ ਵਿਚ ਆਉਣ ਵਾਲੀ ਸੰਗਤ ਲਈ ਸੱਚਖੰਡ ਵਾਸੀ ਸੰਤ ਬਾਬਾ ਮੰਗਲ ਸਿੰਘ ਸੰਪਰਦਾ ਸੰਤਲਾਣੀ ਸਾਹਿਬ ਡੇਰਾ ਬਾਬਾ ਕੁੰਮਾ ਸਿੰਘ ਜੀ ਨੇੜੇ ਬਾਘਾ ਬਾਰਡਰ ਦੇ ਮੁੱਖ ਪ੍ਰਬੰਧਕ ਬਾਬਾ ਗੁਰਪਿੰਦਰ ਸਿੰਘ ਜੀ ਤੇ ਬਾਬਾ ਇੰਦਰਬੀਰ ਸਿੰਘ ਦੀ ਅਗਵਾਈ ਹੇਠ ਸ੍ਰੀ ਕੀਰਤਪੁਰ ਸਾਹਿਬ-ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਪਿੰਡ ਭਟੋਲੀ ਵਿਖੇ ਗਿਆਰ੍ਹਵਾਂ ਸਾਲਾਨਾ ਲੰਗਰ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ : 17 ਮਾਰਚ ਨੂੰ ਹੋਵੇਗੀ SGPC ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ, ਲਏ ਜਾਣਗੇ ਵੱਡੇ ਫ਼ੈਸਲੇ
ਇਸ ਤੋਂ ਇਲਾਵਾ ਪਿੰਡ ਮੀਆਂਪੁਰ ਹੰਡੂਰ ਦੀ ਸੰਗਤ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਕਲਿਆਣਪੁਰ ਅੰਬ ਵਾਲਾ ਚੌਕ ਵਿਖੇ ਸੰਗਤ ਲਈ ਸੱਤਵਾਂ ਗੰਨੇ ਦੇ ਰਸ ਦਾ ਲੰਗਰ ਲਗਾਇਆ ਗਿਆ ਹੈ। ਗੁਰਦੁਆਰਾ ਪਤਾਲਪੁਰੀ ਸਾਹਿਬ ਮੱਥਾ ਟੇਕਣ ਜਾਣ ਵਾਲੀਆਂ ਸੰਗਤਾਂ ਵੱਲੋਂ ਸਰੋਵਰ ਅਤੇ ਅਸਤਘਾਟ ਵਿਚ ਇਸ਼ਨਾਨ ਵੀ ਕੀਤਾ ਜਾ ਰਿਹਾ ਹੈ। ਮੇਲੇ ਦੇ ਦਿਨ ਬੀਤਣ ਦੇ ਨਾਲ ਨਾਲ ਸੰਗਤ ਦੀ ਆਮਦ ਵਿਚ ਵੀ ਵਾਧਾ ਹੋ ਰਿਹਾ ਹੈ। ਆਖਰੀ ਦੋ ਦਿਨਾਂ ਵਿਚ ਮੇਲਾ ਪੂਰੇ ਜੋਬਨ ’ਤੇ ਭਰਨ ਦੀ ਉਮੀਦ ਹੈ।
ਇਸ ਤੋਂ ਇਲਾਵਾ ਸੰਗਤ ਦੀ ਸਹੂਲਤ ਲਈ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਰੂਪਨਗਰ ਹਿਮਾਂਸ਼ੂ ਜੈਨ ਵੱਲੋਂ ਅੱਜ ਸ੍ਰੀ ਕੀਰਤਪੁਰ ਸਾਹਿਬ ਮੇਲਾ ਖੇਤਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਵੱਲੋਂ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਆਉਣ ਵਾਲੇ ਵਾਹਨਾਂ ਦੀ ਪਾਰਕਿੰਗ ਵਾਲੀ ਥਾਂ ਦਾ ਵੀ ਮੌਕਾ ਵੇਖਿਆ ਗਿਆ ਅਤੇ ਪ੍ਰਬੰਧਾਂ ਬਾਰੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਮੈਨੇਜਰ ਭਾਈ ਅਮਰਜੀਤ ਸਿੰਘ ਬਾੜੀਆਂ ਨਾਲ ਵੀ ਗੱਲਬਾਤ ਕੀਤੀ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਮੀਂਹ ਤੇ ਹਨ੍ਹੇਰੀ ਦਾ Alert, ਕਿਸਾਨ ਰਹਿਣ ਚੌਕਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e