ਜ਼ਿਲਾ ਪੰਚਾਇਤ ਡੀਵੈਲਪਮੈਂਟ ਅਫਸਰ ਨੇ ਵੱਖ-ਵੱਖ ਸਿਹਤ ਡਿਸਪੈਂਸਰੀਆਂ ਦੀ ਕੀਤੀ ਅਚਨਚੇਤ ਚੈਕਿੰਗ
Monday, Aug 21, 2017 - 02:05 PM (IST)

ਝਬਾਲ/ ਸਰਾਏ ਅਮਾਨਤ ਖਾਂ (ਨਰਿੰਦਰ) — ਪੰਜਾਬ ਵਿੱਤ ਕਮਿਸ਼ਨਰ ਵਿਕਾਸ ਤੇ ਪੰਚਾਇਤ ਵਿਭਾਗ ਦੀਆਂ ਹਦਾਇਤਾਂ ਤੇ ਅੱਜ ਸਰਕਾਰੀ ਦਫਤਰਾਂ 'ਚ ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ ਯਕੀਨੀ ਬਨਾਉਣ ਲਈ ਜ਼ਿਲਾ ਪੰਚਾਇਤ ਡੀਵੈਲਪਮੈਂਟ ਅਫਸਰ ਜਗਜੀਤ ਸਿੰਘ ਬੱਲ ਨੇ ਹੋਰ ਅਧਿਕਾਰੀਆਂ ਸਮੇਤ ਜ਼ਿਲਾ ਪ੍ਰੀਸ਼ਦ ਤਹਿਤ ਆਉਂਦੀਆਂ ਸਿਹਤ ਡਿਸਪੈਂਸਰੀਆਂ ਜਿਨ੍ਹਾਂ 'ਚ ਨਾਰਲੀ, ਪਹੁਵਿੰਡ ਆਦਿ ਦੀ ਅਚਾਨਕ ਚੈਕਿੰਗ ਕਰਕੇ ਹਾਜ਼ਰੀ ਰਜਿਸਟਰ ਚੈਕ ਕੀਤੇ ਗਏ। ਇਸ ਸਬੰਧੀ ਜ਼ਿਲਾ ਪੰਚਾਇਤ ਅਫਸਰ ਜਗਜੀਤ ਸਿੰਘ ਬੱਲ ਨੇ ਚੈਕਿੰਗ ਤੋਂ ਬਾਅਦ ਪਿੰਡ ਖੈਰਦੀ ਵਿਖੇ ਕਾਂਗਰਸ ਦੇ ਸੂਬਾ ਆਗੂ ਕਰਨਬੀਰ ਸਿੰਘ ਬੁਰੱਜ ਦੇ ਗ੍ਰਹਿ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਕੀਤੀ ਗਈ ਚੈਕਿੰਗ 'ਚ ਸਭ ਕੁਝ ਠੀਕ ਪਾਇਆ ਗਿਆ ਹੈ। ਜਿਸ ਸਬੰਧੀ ਬਕਾਇਦਾ ਸਾਰੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ। ਜ਼ਿਲਾ ਅਫਸਰ ਪਿੰਡ ਖੇਰਦੀ ਵਿਖੇ ਸਵੱਛ ਭਾਰਤ ਸਕੀਮ ਤਹਿਤ ਬਣ ਰਹੇ ਪਾਖਾਨਿਆਂ ਦੇ ਕੰਮ ਦਾ ਮੁਆਇਨਾ ਕਰਨ ਲਈ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ ਦਫਤਰਾਂ 'ਚ ਯਕੀਨੀ ਬਨਾਉਣ ਲਈ ਰੋਜ਼ਾਨਾ ਚੈਕਿੰਗ ਕੀਤੀ ਜਾਵੇਗੀ। ਇਸ ਸਮੇਂ ਉਨ੍ਹਾਂ ਨਾਲ ਬੀ. ਡੀ. ਪੀ. ਓ. ਗੰਡੀਵਿੰਡ ਹਰਜੀਤ ਸਿੰਘ, ਕਾਂਗਰਸੀ ਆਗੂ ਕਰਨਬੀਰ ਸਿੰਘ, ਸੈਕਟਰੀ ਗੁਰਪਾਲ ਸਿੰਘ ਚੀਮਾ ਤੇ ਸੁਪਰਡੈਂਟ ਗੁਰਦੇਵ ਸਿੰਘ ਹਾਜ਼ਰ ਸਨ।