ਪਾਣੀ ਨੂੰ ਲੈ ਕੇ ਰਾਮਾਂ ਨਿਵਾਸੀਆਂ 'ਚ ਹਾਹਾਕਾਰ

01/18/2018 4:35:57 AM

ਰਾਮਾਂ ਮੰਡੀ (ਪਰਮਜੀਤ)-ਸਥਾਨਕ ਸ਼ਹਿਰ ਦੇ ਹਰੇਕ ਵਾਰਡ ਦੇ ਨਿਵਾਸੀ ਪੀਣ ਵਾਲੇ ਪਾਣੀ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ ਕਿਉਂਕਿ ਸਬੰਧਤ ਵਿਭਾਗ ਦੇ ਵਾਟਰ ਵਰਕਸ ਕਰਮਚਾਰੀਆਂ ਦੁਆਰਾ ਘਰਾਂ 'ਚ ਜਾਂਦਾ ਪੀਣ ਵਾਲਾ ਪਾਣੀ ਟੂਟੀਆਂ 'ਚ ਨਹੀਂ ਛੱਡਿਆ ਗਿਆ, ਜਿਸ ਕਾਰਨ ਸ਼ਹਿਰ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਤੋਂ ਵਾਂਝਾ ਰਹਿਣਾ ਪਿਆ ਅਤੇ ਆਰ. ਓ. ਪਲਾਂਟਾਂ ਤੋਂ ਪਾਣੀ ਲਿਆਉਣ ਲਈ ਮਜਬੂਰ ਹੋਣਾ ਪਿਆ।  ਲੋਕਾਂ ਨੇ ਦੱਸਿਆ ਕਿ ਵਿਭਾਗ ਨਾਲ ਸਬੰਧਤ ਵਾਟਰ ਵਰਕਸ ਵਿਖੇ ਤਾਇਨਾਤ ਕਰਮਚਾਰੀਆਂ ਦੁਆਰਾ ਪਹਿਲਾਂ ਤਾਂ ਸਮੇਂ-ਸਿਰ ਸ਼ਹਿਰ ਨਿਵਾਸੀਆਂ ਨੂੰ ਪੀਣ ਵਾਲਾ ਪਾਣੀ ਨਹੀਂ ਛੱਡਿਆ ਜਾਂਦਾ, ਜੇਕਰ ਛੱਡਿਆ ਵੀ ਜਾਂਦਾ ਹੈ ਤਾਂ ਉਹ ਵੀ ਬੇ-ਵਕਤ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਆ ਰਹੀ ਹੈ। ਸਬੰਧਤ ਕਰਮਚਾਰੀਆਂ ਨੂੰ ਇਸ ਸਬੰਧੀ ਵਾਰ-ਵਾਰ ਕਹਿਣ ਦੇ ਬਾਵਜੂਦ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਜਾਂਦਾ। ਸ਼ਹਿਰ ਨਿਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ  ਪੀਣ ਵਾਲਾ ਪਾਣੀ ਸਮੇਂ-ਸਿਰ ਅਤੇ ਸਾਫ਼-ਸੁਥਰਾ ਦਿੱਤਾ ਜਾਵੇ ਤਾਂ ਜੋ ਸ਼ਹਿਰ ਨਿਵਾਸੀ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਨਾ ਹੋ ਸਕਣ। 
ਕੀ ਕਹਿੰਦੇ ਹਨ ਜੇ. ਈ.
ਇਸ ਸਬੰਧੀ ਜੇ. ਈ. ਨੇ ਦੱਸਿਆ ਕਿ ਸ਼ਹਿਰ 'ਚ ਨਵੀਂ ਬਸਤੀ ਅੰਦਰ ਖਰਾਬ ਪਾਈਪ ਦੀ ਰਿਪੇਅਰ ਹੋ ਰਹੀ ਸੀ, ਜਿਸ ਕਾਰਨ ਪਾਣੀ ਦੀ ਸਪਲਾਈ ਬੰਦ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅੱਗੇ ਤੋਂ ਅਜਿਹੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। 


Related News