40 ਸਾਲਾਂ ਤੋਂ ਬਣਿਆ ਪੱਕਾ ਖਾਲ ਮੁਰੰਮਤ ਨੂੰ ਤਰਸਿਆ

01/11/2018 3:14:34 AM

ਸੰਗਤ ਮੰਡੀ(ਮਨਜੀਤ)-ਪਿੰਡ ਮੀਆਂ ਵਿਖੇ ਮੋਘਾ ਨੰ. 72550 ਆਰ 'ਤੇ ਬਣਿਆ ਪੱਕਾ ਖਾਲ ਪਿਛਲੇ 40 ਸਾਲਾਂ ਤੋਂ ਮੁਰੰਮਤ ਨੂੰ ਤਰਸਿਆ ਪਿਆ ਹੈ। ਖਾਲ 'ਚ ਪਈਆਂ ਤਰੇੜਾਂ ਕਾਰਨ ਨਹਿਰੀ ਪਾਣੀ ਥਾਂ-ਥਾਂ ਤੋਂ ਲੀਕ ਹੁੰਦਾ ਰਹਿੰਦਾ ਹੈ, ਜਿਸ ਕਾਰਨ ਜਿਥੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਉਨ੍ਹਾਂ ਦੀ ਫਸਲ ਵੀ ਖ਼ਰਾਬ ਹੋ ਰਹੀ ਹੈ। ਖਾਲ ਦੀ ਮੁਰੰਮਤ ਲਈ ਪਿਛਲੀ ਕਾਂਗਰਸ ਸਰਕਾਰ ਸਮੇਂ 5 ਲੱਖ ਦੀ ਗ੍ਰਾਂਟ ਵੀ ਆਈ ਸੀ ਪਰ ਉਹ ਵੀ ਕਿਸੇ ਕਾਰਨ ਵਾਪਸ ਚਲੀ ਗਈ। ਕੁਝ ਕਿਸਾਨਾਂ ਵੱਲੋਂ ਮੁੱਢ ਤੋਂ 125 ਫੁੱਟ ਦੇ ਕਰੀਬ ਆਪਣੇ ਪੈਸੇ ਭਰ ਕੇ ਖਾਲ ਨੂੰ ਨਵਾਂ ਬਣਾ ਲਿਆ ਗਿਆ ਹੈ ਪ੍ਰੰਤੂ ਉਸ ਤੋਂ ਅੱਗੇ ਖਾਲ ਦੀ ਇਸ ਕਦਰ ਖਸਤਾ ਹਾਲਤ ਹੋ ਚੁੱਕੀ ਹੈ ਕਿ ਥਾਂ-ਥਾਂ ਤੋਂ ਨਿਕਲਦੇ ਪਾਣੀ ਕਾਰਨ ਕਿਸਾਨਾਂ ਨੂੰ ਆਪਣੀ ਬੀਜੀ ਕਣਕ ਦੀ ਫਸਲ ਬਚਾਉਣ ਲਈ ਪੱਕੇ ਖਾਲ ਦੇ ਨਾਲ ਇਕ ਨਵਾਂ ਆਪਣੀ ਜ਼ਮੀਨ 'ਚ ਆਰਜ਼ੀ ਖਾਲ ਪਾਉਣਾ ਪੈ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਇਸ ਪੱਕੇ ਖਾਲ ਨੂੰ ਬਣੇ ਨੂੰ ਲਗਭਗ 40 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਸਮੇਂ ਲਗਭਗ 12 ਸਾਲ ਪਹਿਲਾਂ ਖਾਲ ਦੀ ਮੁਰੰਮਤ ਲਈ 5 ਲੱਖ ਦੀ ਗ੍ਰਾਂਟ ਆਈ ਸੀ ਪਰ ਉਹ ਵੀ ਪੱਕੇ ਖਾਲ 'ਤੇ ਲੱਗਣ ਦੀ ਬਜਾਏ ਵਾਪਸ ਹੋ ਗਈ। ਕਿਸਾਨਾਂ ਨੇ ਦੱਸਿਆ ਕਿ ਟੇਲ 'ਤੇ ਪੈਂਦੀ ਜ਼ਮੀਨ ਨੂੰ ਇਸ ਪੱਕੇ ਖਾਲ ਦਾ ਬਹੁਤ ਘੱਟ ਪਾਣੀ ਲੱਗਦਾ ਹੈ ਕਿਉਂਕਿ ਸਾਰਾ ਪਾਣੀ ਰਸਤੇ 'ਚ ਹੀ ਲੀਕ ਹੋ ਕੇ ਨਿਕਲਦਾ ਰਹਿੰਦਾ ਹੈ। ਕਿਸਾਨਾਂ 'ਚ ਇਸ ਗੱਲ ਨੂੰ ਲੈ ਕੇ ਵੀ ਭਾਰੀ ਰੋਸ ਸੀ ਕਿ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਪਰ ਇਸ ਖਾਲ 'ਤੇ ਹਾਲੇ ਤੱਕ ਕਿਸੇ ਵੀ ਸਰਕਾਰ ਦੀ ਸਵੱਲੀ ਨਜ਼ਰ ਨਹੀਂ ਪਈ। ਕਿਸਾਨਾਂ ਵੱਲੋਂ ਵਿਭਾਗ ਤੋਂ ਮੰਗ ਕੀਤੀ ਗਈ ਹੈ ਕਿ ਇਸ ਖਾਲ ਨੂੰ ਪਹਿਲ ਦੇ ਆਧਾਰ 'ਤੇ ਦੁਬਾਰਾ ਬਣਾਇਆ ਜਾਵੇ ਤਾਂ ਜੋ ਉਨ੍ਹਾਂ ਦੀ ਪ੍ਰੇਸ਼ਾਨੀ ਦਾ ਹੱਲ ਹੋ ਸਕੇ।
ਕੀ ਕਹਿੰਦੇ ਨੇ ਪੰਜਾਬ ਸਟੇਟ ਟਿਊਬਵੈੱਲ ਕਾਰਪੋਰੇਸ਼ਨ ਦੇ ਕਲਰਕ
ਇਸ ਸਬੰਧੀ ਜਦ ਪੰਜਾਬ ਸਟੇਟ ਟਿਊਬਵੈੱਲ ਕਾਪੋਰੇਸ਼ਨ ਦੇ ਕਲਰਕ ਰੋਹਿਤ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਖਾਲ ਦਾ ਕਿਸਾਨਾਂ ਵੱਲੋਂ ਆਪਣਾ 10 ਫੀਸਦੀ ਬਣਦਾ ਹਿੱਸਾ ਭਰਿਆ ਨਹੀਂ ਗਿਆ, ਜਿਸ ਕਾਰਨ ਇਹ ਖਾਲ ਦੁਬਾਰਾ ਨਹੀਂ ਬਣਿਆ। ਉਨ੍ਹਾਂ ਕਿਹਾ ਕਿ ਹੁਣ ਕੈਪਟਨ ਸਰਕਾਰ ਵੱਲੋਂ ਇਹ ਸਕੀਮ ਬੰਦ ਕਰ ਦਿੱਤੀ ਗਈ ਹੈ। 


Related News