ਸਰਕਾਰੀ ਡਿਸਪੈਂਸਰੀ ਦੀ ਹਾਲਤ ਖਸਤਾ ; ਲੋਕ ਪ੍ਰੇਸ਼ਾਨ

09/24/2017 12:09:39 AM

ਗੁਰੂਹਰਸਹਾਏ(ਵਿਪਨ)-ਮੰਡੀ ਪੰਜੇ ਕੇ ਉਤਾੜ੍ਹ ਦੀ ਸਰਕਾਰੀ ਡਿਸਪੈਂਸਰੀ ਦੀ ਹਾਲਤ ਖਸਤਾ ਹੋਣ ਕਾਰਨ ਜਿਥੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਹੀ ਸਟਾਫ਼ ਦੀ ਘਾਟ ਕਾਰਨ ਆਮ ਜਨਤਾ ਨੂੰ ਪ੍ਰਾਈਵੇਟ ਹਸਪਤਾਲਾਂ ਤੋਂ ਆਪਣਾ ਇਲਾਜ ਮਹਿੰਗੇ ਰੇਟਾਂ 'ਤੇ ਕਰਵਾਉਣਾ ਪੈਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਸਪੈਂਸਰੀ 'ਚ ਮੌਜੂਦ ਸਟਾਫ ਨਰਸ ਸੀਕੋ ਰਾਣੀ ਨੇ ਦੱਸਿਆ ਕਿ ਡਿਸਪੈਂਸਰੀ 'ਚ ਇਕ ਹੀ ਫਾਰਮਾਸਿਸਟ ਦਵਿੰਦਰ ਸਿੰਘ ਹੈ, ਜਿਨ੍ਹਾਂ ਦੀ ਡਿਊਟੀ ਹਫ਼ਤੇ 'ਚ ਦੋ ਦਿਨ ਇਥੇ ਲਗਾਈ ਗਈ ਹੈ ਅਤੇ ਇਸ ਤੋਂ ਇਲਾਵਾ ਇਥੇ 2 ਸਫ਼ਾਈ ਕਰਮਚਾਰੀ ਹਨ। ਇਥੇ ਪਰਮਾਨੈਂਟ ਡਾਕਟਰ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਹਰ ਰੋਜ਼ 15 ਤੋਂ 20 ਮਰੀਜ਼ ਆਪਣਾ ਚੈੱਕਅਪ ਕਰਵਾਉਣ ਲਈ ਆਉਂਦੇ ਹਨ ਪਰ ਫਾਰਮਾਸਿਸਟ ਦੇ ਮੌਜੂਦ ਨਾ ਹੋਣ ਕਾਰਨ ਉਨ੍ਹਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਪਣਾ ਇਲਾਜ ਪ੍ਰਾਈਵੇਟ ਹਸਪਤਾਲਾਂ ਤੋਂ ਕਰਵਾਉਣਾ ਪੈਂਦਾ ਹੈ। ਇਸ ਡਿਸਪੈਂਸਰੀ ਦੀ ਹਾਲਤ ਸਬੰਧੀ ਚਾਨਣਾ ਪਾਉਂਦਿਆਂ ਪਿੰਡ ਦੇ ਸਮਾਜਸੇਵੀ ਰੋਸ਼ਨ ਲਾਲ ਭਠੇਜਾ ਅਤੇ ਬਲਰਾਮ ਧਵਨ ਨੇ ਦੱਸਿਆ ਕਿ ਇਸ ਦੀ ਬਿਲਡਿੰਗ ਦੀ ਹਾਲਤ ਬਹੁਤ ਨਾਜ਼ੁਕ ਹੈ। ਇਸ ਦੀਆਂ ਕੰਧਾਂ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ ਅਤੇ ਇਸ ਦੇ ਕਮਰਿਆਂ ਦੀਆਂ ਛੱਤਾਂ ਵੀ ਕਾਫ਼ੀ ਪੁਰਾਣੀਆਂ ਹੋਣ ਕਾਰਨ ਹਰ ਸਮੇਂ ਖਤਰਾ ਬਣੀਆਂ ਰਹਿੰਦੀਆਂ ਹਨ। ਇਸ ਦਾ ਗਰਾਊਂਡ ਨੀਵਾਂ ਹੋਣ ਕਾਰਨ ਬਰਸਾਤੀ ਦਿਨਾਂ 'ਚ ਇਥੇ ਪਾਣੀ ਖੜ੍ਹ ਜਾਂਦਾ ਹੈ, ਜਿਸ ਨਾਲ ਬੀਮਾਰੀਆਂ ਫ਼ੈਲਣ ਦਾ ਡਰ ਬਣ ਜਾਂਦਾ ਹੈ। ਇਸ ਤੋਂ ਇਲਾਵਾ ਡਿਸਪੈਂਸਰੀ ਦਾ ਮੇਨ ਗੇਟ ਖਰਾਬ ਹੋਣ ਕਾਰਨ ਡਿਸਪੈਂਸਰੀ ਅੰਦਰ ਬੇਸਹਾਰਾ ਪਸ਼ੂ ਅਤੇ ਜਾਨਵਰ ਵੜ ਜਾਂਦੇ ਹਨ, ਜਿਸ ਕਾਰਨ ਇਥੋਂ ਦੀ ਸਫ਼ਾਈ ਵਿਵਸਥਾ ਵੀ ਵਿਗੜ ਜਾਂਦੀ ਹੈ ਅਤੇ ਇਥੇ ਹੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਡਿਸਪੈਂਸਰੀ ਅੰਦਰ ਨਸ਼ੇ ਦਾ ਸੇਵਨ ਕਰਨ ਲਈ ਆਪਣੇ ਅੱਡੇ ਵਜੋਂ ਵਰਤਿਆ ਜਾਂਦਾ ਹੈ। ਇਥੇ ਪਖਾਨਿਆਂ ਦੀ ਬਹੁਤ ਵੱਡੀ ਘਾਟ ਕਾਰਨ ਸਟਾਫ਼ ਅਤੇ ਮਰੀਜ਼ਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਸਮਾਜ ਸੇਵੀ ਸੰਸਥਾਵਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਡਿਸਪੈਂਸਰੀ ਦੀ ਬਿਲਡਿੰਗ ਨੂੰ ਰਿਪੇਅਰ ਕਰਵਾ ਕੇ ਇਥੇ ਨਵੇਂ ਪਖਾਨੇ ਬਣਵਾਏ ਜਾਣ ਅਤੇ ਇਥੇ ਡਾਕਟਰਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਮਹਿੰਗੇ ਰੇਟਾਂ 'ਤੇ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਦਾ ਸ਼ਿਕਾਰ ਨਾ ਹੋਣਾ ਪਵੇ। 


Related News