NRC ''ਚ ਸ਼ਾਮਲ 27 ਲੱਖ ਲੋਕ ''ਆਧਾਰ'' ਹੀਨ, ਸਰਕਾਰੀ ਸਕੀਮਾਂ ਤੋਂ ਹਨ ਸੱਖਣੇ

05/05/2024 3:17:03 PM

ਰਾਂਗੀਆ- ਆਸਾਮ ਦੇ ਲੱਖਾਂ ਲੋਕ ਆਧਾਰ ਕਾਰਡ ਨਾ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਕਈ ਸਰਕਾਰੀ ਸਕੀਮਾਂ ਦੇ ਪਾਤਰ ਹੋਣ ਦੇ ਬਾਵਜੂਦ ਉਹ ਇਸ ਦਾ ਫਾਇਦਾ ਨਹੀਂ ਚੁੱਕ ਸਕਦੇ। ਇਨ੍ਹਾਂ 'ਚ ਕਈ ਸੈਂਕੜੇ ਨੌਜਵਾਨ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਯੋਗਤਾ ਦੇ ਬਾਵਜੂਦ ਵੀ ਆਧਾਰ ਨਾ ਹੋਣ ਕਾਰ ਨੌਕਰੀ ਨਹੀਂ ਮਿਲ ਰਹੀ ਹੈ। ਆਸਾਮ ਦੇ ਨਾਗਰਿਕਾਂ ਨੂੰ ਰਾਸ਼ਟਰੀ ਨਾਗਰਿਕ ਰਜਿਸਟਰ (NRC) 'ਚ ਨਾਂ ਦਰਜ ਕਰਨ ਲਈ ਅਪਲਾਈ ਕਰਨ ਵਾਲੇ 40 ਲੱਖ ਲੋਕਾਂ ਨੂੰ ਖਾਰਜ ਕੀਤਾ ਗਿਆ। ਇਨ੍ਹਾਂ ਵਿਚੋਂ ਮੁੜ ਅਪਲਾਈ ਕਰਨ 'ਤੇ 27 ਲੱਖ ਲੋਕ NRC 'ਚ ਸ਼ਾਮਲ ਕੀਤੇ ਗਏ। ਇਸ ਦੇ ਬਾਵਜੂਦ ਵੀ ਹੁਣ ਤੱਕ ਉਨ੍ਹਾਂ ਦਾ ਬਾਇਓਮੈਟ੍ਰਿਕ ਡਾਟਾ ਨਾ ਹੋਣ ਕਰ ਕੇ ਆਧਾਰ ਕਾਰਡ ਤੱਕ ਨਹੀਂ ਬਣ ਰਹੇ ਹਨ। ਇਸ ਲਈ ਇਨ੍ਹਾਂ ਨੂੰ ਸਾਰੀਆਂ ਸਰਕਾਰੀ ਸਕੀਮਾਂ ਦਾ ਲਾਭ ਨਹੀਂ ਮਿਲ ਰਿਹਾ।

ਸੁਪਰੀਮ ਕੋਰਟ ਨੇ ਜਨਹਿੱਤ ਪਟੀਸ਼ਨ 'ਤੇ ਨਿਰਦੇਸ਼ ਦਿੱਤਾ ਸੀ ਕਿ ਜਿਨ੍ਹਾਂ ਲੋਕਾਂ ਦੇ ਨਾਂ NRC 'ਚ ਹੈ, ਉਨ੍ਹਾਂ ਦੇ ਆਧਾਰ ਕਾਰਡ ਬਣਾਏ ਜਾਣ। ਇਨ੍ਹਾਂ ਦਾ ਬਾਇਓਮੈਟ੍ਰਿਕ ਡਾਟਾ NRC ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਦੌਰਾਨ ਲਾਕ ਕਰ ਦਿੱਤਾ ਗਿਆ ਸੀ। ਸੁਪਰੀਮ ਕੋਰਟ ਨੇ ਕੇਂਦਰ, ਆਸਾਮ ਸਰਕਾਰ ਅਤੇ UIDAI ਤੋਂ ਜਵਾਬ ਮੰਗਿਆ ਪਰ ਬਾਇਓਮੈਟ੍ਰਿਕ ਡਾਟਾ ਲਾਕ ਹੈ। ਇਸ ਦਾ ਕੋਈ ਸਪੱਸ਼ਟ ਕਾਰਨ ਵੀ ਨਹੀਂ ਦੱਸਿਆ ਗਿਆ ਹੈ। ਖ਼ੁਦ ਆਸਾਮ ਸਰਕਾਰ ਹੀ ਕੇਂਦਰ ਤੋਂ ਡਾਟਾ ਅਨਲਾਕ ਕਰਨ ਦੀ ਮੰਗ ਕਰ ਰਹੀ ਹੈ।

ਆਸਾਮ ਸਰਕਾਰ ਨੇ 2018 ਵਿਚ ਦਾਅਵੇ ਅਤੇ ਇਤਰਾਜ਼ ਪ੍ਰਕਿਰਿਆ ਤਹਿਤ ਲੋਕਾਂ ਨੂੰ NRC 'ਚ ਸ਼ਾਮਲ ਹੋਣ ਦਾ ਮੌਕਾ ਦਿੱਤਾ। ਇਹ ਪ੍ਰਕਿਰਿਆ ਉਨ੍ਹਾਂ ਲੋਕਾਂ ਲਈ ਸ਼ੁਰੂ ਕੀਤੀ ਗਈ ਸੀ, ਜਿਨ੍ਹਾਂ ਨੂੰ NRC ਦੇ ਮਸੌਦੇ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ। ਉਨ੍ਹਾਂ ਨੂੰ ਨਾਗਰਿਕਤਾ ਲਈ ਆਪਣੀ ਪਾਤਰਤਾ ਸਾਬਤ ਕਰਨ ਅਤੇ ਆਖ਼ਰੀ NRC ਸੂਚੀ ਵਿਚ ਸ਼ਾਮਲ ਹੋਣ ਲਈ ਜ਼ਰੂਰੀ ਦਸਤਾਵੇਜ਼ ਦੇਣ ਦਾ ਮੌਕਾ ਦਿੱਤਾ ਗਿਆ। ਇਸ ਦੌਰਾਨ ਆਧਾਰ ਲਈ 27 ਲੱਖ ਲੋਕਾਂ ਨੇ ਆਪਣੀ ਬਾਇਓਮੈਟ੍ਰਿਕ ਜਾਣਕਾਰੀ ਦਿੱਤੀ ਹੈ।
 


Tanu

Content Editor

Related News