ਡੇਰਾਬੱਸੀ ਹਲਕੇ ''ਚ ਸਾਹਮਣੇ ਆਇਆ ਪਹਿਲਾ ਕੋਰੋਨਾ ਪਾਜ਼ੀਟਿਵ ਕੇਸ
Saturday, Apr 04, 2020 - 08:30 PM (IST)
ਡੇਰਾਬੱਸੀ,(ਗੁਰਪ੍ਰੀਤ) : ਡੇਰਾਬੱਸੀ ਹਲਕੇ 'ਚ ਅੰਬਾਲਾ ਚੰਡੀਗੜ੍ਹ ਰੋਡ 'ਤੇ ਸ਼ਹਿਰ ਡੇਰਾਬੱਸੀ ਨਾਲ ਸਟੇ ਪਿੰਡ ਜਵਾਹਰਪੁਰ 'ਚ ਕੋਰੋਨਾ ਪੋਜ਼ੀਟਿਵ ਕੇਸ ਸਾਹਮਣੇ ਆਇਆ ਹੈ। ਜਿਵੇ ਹੀ ਇਹ ਕੇਸ ਸਾਹਮਣੇ ਆਇਆ, ਉਸੇ ਸਮੇ ਹਰਕਤ 'ਚ ਆਏ ਸਿਹਤ ਵਿਭਾਗ ਤੇ ਪੁਲਸ ਨੇ ਪਿੰਡ ਨੂੰ ਸੀਲ ਕਰ ਦਿੱਤਾ। ਜਿਥੇ ਜਵਾਹਰਪੁਰ (ਡੇਰਾਬੱਸੀ) ਦੇ 42 ਵਰ੍ਹਿਆਂ ਦੇ ਵਿਅਕਤੀ ਦੇ ਸੈਂਪਲ ਲਏ ਗਏ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਉਸ ਨੂੰ ਚੰਡੀਗੜ੍ਹ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਖ਼ਬਰ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ।
ਦੱਸਣਯੋਗ ਹੈ ਕਿ ਇਸ ਤੋਂ ਇਲਾਵਾ ਕੱਲ ਜਿਉਂ ਹੀ ਮੋਹਾਲੀ 'ਚ ਦੋ ਤਬਲੀਗੀ ਜਮਾਤ ਨਾਲ ਸਬੰਧਤ ਵਿਅਕਤੀਆਂ ਦੇ ਸੈਂਪਲ ਪਾਜ਼ੇਟਿਵ ਆਏ ਸਨ, ਉਸ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਅਤੇ ਪ੍ਰਸ਼ਾਸਨ ਵਲੋਂ ਵੱਖੋ ਵੱਖਰੀਆਂ ਟੀਮਾਂ ਰਾਹੀਂ ਮੋਹਾਲੀ ਜ਼ਿਲੇ ਵਿਚ ਰਹਿੰਦੇ ਤਬਲੀਗੀ ਜਮਾਤ ਨਾਲ ਸਬੰਧਤ ਵਿਅਕਤੀਆਂ ਦੀ ਭਾਲ ਵਿਚ ਤੇਜ਼ੀ ਲਿਆਂਦੀ ਗਈ ਹੈ। ਤਬਲੀਗੀ ਜਮਾਤ ਨਾਲ ਸਬੰਧਤ ਕੁੱਝ ਵਿਅਕਤੀਆਂ ਦੇ ਸੈਂਪਲ ਪੀ. ਜੀ. ਆਈ. ਨੂੰ ਭੇਜੇ ਗਏ ਹਨ। ਜ਼ਿਕਰਯੋਗ ਹੈ ਕਿ ਮਾਰਚ ਦੇ ਤੀਸਰੇ ਹਫਤੇ ਦਿੱਲੀ ਵਿਖੇ ਨਿਜ਼ਾਮੁਦੀਨ ਮਰਕਜ਼ ਵਿਖੇ ਹੋਏ ਇਕ ਧਾਰਮਿਕ ਸਮਾਗਮ ਵਿਚ ਜਿਹੜੇ ਵਿਅਕਤੀ ਸ਼ਾਮਲ ਹੋਏ ਸਨ, ਉਨ੍ਹਾਂ ਦੀ ਸਿਹਤ ਵਿਭਾਗ ਵਲੋਂ ਜਾਂਚ ਕੀਤੀ ਜਾ ਰਹੀ ਹੈ। ਅੱਜ ਦੁਪਹਿਰ ਵੇਲੇ ਮੋਹਾਲੀ ਜ਼ਿਲੇ ਨਾਲ ਸਬੰਧਤ ਤਿੰਨ ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਦੀਆਂ ਟੀਮਾਂ ਪਿੰਡ ਜਵਾਹਰਪੁਰ ਅਤੇ ਸੈਕਟਰ-91 ਵੱਲ ਨੂੰ ਕੂਚ ਕਰ ਗਈਆਂ ਅਤੇ ਪੂਰੀ ਤਰ੍ਹਾਂ ਇਨ੍ਹਾਂ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ।