ਡੇਰਾ ਮੁਖੀ ਦੇ ਪਰਿਵਾਰਕ ਮੈਂਬਰਾਂ ਦੇ ਨਾਂ ''ਤੇ ਰੱਖੇ ਗਏ ਪਿੰਡਾਂ ਦੇ ਨਾਂ ਬਦਲਣ ਦੀ ਉੱਠੀ ਮੰਗ

09/01/2017 9:45:29 PM

ਬਠਿੰਡਾ — ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ ਚਲੇ ਜਾਣ ਤੋਂ ਬਾਅਦ ਹੁਣ ਉਨ੍ਹਾਂ ਪਿੰਡਾਂ ਦੇ ਨਾਂ ਦੋਬਾਰਾ ਬਦਲ ਕੇ ਪੁਰਾਣੇ ਨਾਮ ਰੱਖਣ ਦੀ ਮੰਗ ਉਠਣ ਲੱਗੀ ਹੈ। ਡੇਰਾ ਮੁਖੀ ਨੂੰ ਖੁਸ਼ ਕਰਨ ਲਈ ਪਿੰਡ ਦੇ ਨਾਂ ਬਦਲ ਦਿੱਤੇ ਸਨ। ਬਠਿੰਡਾ ਜ਼ਿਲੇ 'ਚ ਅਜਿਹੇ ਦੋ ਪਿੰਡ ਹਨ ਜਿਨ੍ਹਾਂ ਦੇ ਨਾਂ ਬਦਲੇ ਗਏ ਸਨ।  
ਪਿੰਡ ਕੈਲੇ ਵਾਂਦਰ ਦਾ ਨਾਮ ਡੇਰਾ ਮੁਖੀ ਦੀ ਮਾਂ ਨਸੀਬ ਕੌਰ ਦੇ ਨਾਂ 'ਤੇ ਨਸੀਬਪੁਰਾ ਕਰ ਦਿੱਤਾ ਗਿਆ ਸੀ। ਹਾਲਾਂਕਿ ਪਿੰਡ ਕੈਲੇਵਾਂਦਰ ਦੇ ਕੁਝ ਲੋਕਾਂ ਨੇ ਉਸ ਸਮੇਂ ਵੀ ਨਾਂ ਬਦਲਣ ਦਾ ਵਿਰੋਧ ਕੀਤਾ ਸੀ ਪਰ ਉਸ ਸਮੇਂ ਕਾਂਗਰਸ ਸਰਕਾਰ ਵੀ ਡੇਰਾ ਪ੍ਰੇਮੀਆਂ ਨੂੰ ਖੁਸ਼ ਕਰਨਾ ਚਾਹੁੰਦੀ ਸੀ। ਉਥੇ ਅਕਾਲੀ-ਭਾਜਪਾ ਸਰਕਾਰ ਦੇ ਸਮੇਂ 2016 'ਚ ਪਿੰਡ ਕੋਟਲੀ ਖੁਰਦ ਦਾ ਨਾਂ ਬਦਲ ਕੇ ਪ੍ਰੇਮ ਕੋਟਲੀ ਕਰ ਦਿੱਤਾ ਸੀ। 
ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦਾ ਨਾਂ 2009-10 'ਚ ਬਦਲ ਕੇ ਨਸੀਬਪੁਰਾ ਕਰ ਦਿੱਤਾ ਗਿਆ ਸੀ। ਪਿੰਡ ਦੇ ਲੋਕਾਂ ਨੇ ਇਸ ਦਾ ਵਿਰੋਧ ਵੀ ਕੀਤਾ ਸੀ ਪਰ ਡੇਰਾ ਪ੍ਰੇੇਮੀਆਂ ਨੂੰ ਖੁਸ਼ ਕਰਨ ਲਈ ਸਰਕਾਰ ਨੇ ਨਾਂ ਬਦਲ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹੁਣ ਮੁੜ ਪਿੰਡ ਦਾ ਨਾਂ ਬਦਲਣ ਲਈ ਹਰੇਕ ਪੱਧਰ 'ਤੇ ਆਵਾਜ਼ ਬੁਲੰਦ ਕੀਤੀ ਜਾਵੇਗੀ। ਨਾਲ ਹੀ ਪਿਡੰ ਦੇ ਨੰਬਰਦਾਰ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਪਿੰਡ ਦਾ ਨਾਂ ਬਦਲਣ ਦੇ ਮਤੇ 'ਤੇ ਪੰਚਾਂ ਤੋਂ ਇਲਾਵਾ ਉਸ ਦੇ ਹਸਤਾਖਰ ਵੀ ਹਨ ਜੋ ਉਸ ਨੇ ਕੀਤੇ ਹੀ ਨਹੀਂ । ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। 
ਉਥੇ ਹੀ ਕੁਝ ਬਜ਼ੁਰਗਾਂ ਦਾ ਕਹਿਣਾ ਹੈ ਕਿ ਸ਼ਾਹ ਸਤਨਾਮ ਨੇ ਬਦਲਿਆ ਸੀ ਪਿੰਡ ਦਾ ਨਾਂ। ਉਨ੍ਹਾਂ ਕਿਹਾ ਕਿ ਸ਼ਾਹ ਸਤਨਾਮ ਜੀ ਇਸ ਪਿੰਡ 'ਚ ਆਏ ਸਨ। ਉਨ੍ਹਾਂ ਕਿਹਾ ਕਿ ਤੁਹਾਡਾ ਪਿੰਡ ਨਸੀਬਾਂ ਵਾਲਾ ਹੈ, ਇਸ ਲਈ ਪਿੰਡ ਦਾ ਨਾਂ ਕੈਲੇ ਵਾਂਦਰ ਤੋਂ ਬਦਲ ਕੇ ਨਸੀਬਪੁਰਾ ਰੱਖਿਆ ਹੈ।
ਲੋਕ ਤੇ ਪੰਚਾਇਤ ਚਾਹੁਣਗੇ ਤਾਂ ਬਦਲ ਦਿੱਤਾ ਜਾਵੇਗਾ ਪਿੰਡ ਦਾ ਨਾਂ : ਡੀ. ਸੀ. 
ਡੀ. ਸੀ. ਦਾ ਕਹਿਣਾ ਹੈ ਕਿ ਲੋਕ ਤੇ ਪੰਚਾਇਤ ਚਾਹੁੰਣਗੇ ਤਾਂ ਪਿੰਡ ਦਾ ਨਾਂ ਨਸੀਬਪੁਰਾ ਤੋਂ ਬਦਲ ਕੇ ਪਹਿਲਾਂ ਵਾਲਾ ਨਾਂ ਹੀ ਰੱਖ ਦਿੱਤਾ ਜਾਵੇਗਾ। ਪੰਚਾਇਤ ਨੂੰ ਮਤਾ ਪਾਸ ਕਰਨਾ ਹੋਵੇਗਾ। ਇਸ ਤੋਂ ਬਾਅਦ ਪ੍ਰੋਸੈਸ ਸ਼ੁਰੂ ਕਰ ਦਿੱਤਾ ਜਾਵੇਗਾ। 
ਨਹੀਂ ਬਦਲੇਗਾ ਕੋਟਲੀ ਖੁਰਦ ਦਾ ਨਾਂ
ਮੌੜ ਤਹਿਸੀਲ ਦੇ ਪਿੰਡ ਕੋਟਲੀ ਖੁਰਦ ਦਾ ਨਾਂ ਬਦਲਣ ਦਾ ਮੁੱਦਾ ਸਿੱਖਾਂ ਤੇ ਡੇਰਾ ਪ੍ਰੇਮੀਆਂ ਦੇ ਵਿਚਾਲੇ ਲੰਮੇ ਸਮੇਂ ਤੋਂ ਚਲਦਾ ਆ ਰਿਹਾ ਹੈ। ਸਿੱਖ ਭਾਈਚਾਰਾ ਨਾਮ ਕੋਟਲੀ ਖੁਰਦ ਹੀ ਰੱਖਣਾ ਚਾਹੁੰਦਾ ਹੈ ਜਦ ਕਿ ਡੇਰਾ ਪ੍ਰੇਮੀ ਇਸ ਦਾ ਨਾਂ ਪ੍ਰੇਮ ਕੋਟਲੀ ਰੱਖਣਾ ਚਾਹੁੰਦਾ ਹੈ। ਪਿੰਡ ਦੇ ਕੁਝ ਲੋਕਾਂ ਨੇ ਇਸ ਤੋਂ ਬਾਅਦ ਏ. ਡੀ. ਐੱਮ. ਕੋਲ ਬਿਆਨ ਦਿੱਤਾ ਕਿ ਪੰਚਾਇਤ ਨੇ ਆਪਣੇ ਪੱਧਰ 'ਤੇ ਹੀ ਪਿੰਡ ਦਾ ਨਾਂ ਬਦਲ ਕੇ ਪ੍ਰਏਮ ਕੋਟਲੀ ਕਰ ਦਿੱਤਾ ਹੈ। ਪੰਚਾਇਤ ਦੇ ਰਿਕਾਰਡ 'ਚ ਇਸ ਦਾ ਜ਼ਿਕਰ ਨਹੀਂ ਹੈ। ਇਸ ਤੋਂ ਇਲਾਵਾ ਗ੍ਰਾਮ ਸਭਾ ਦੀ ਸਹਿਮਤੀ ਨਹੀਂ ਲਈ ਗਈ। ਇਸ ਲਈ ਸੂਬਾ ਸਰਕਾਰ ਦੀ ਸੂਚਨਾ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਹਾਲਾਕਿ ਡੀ. ਸੀ. ਨੇ ਸਪੱਸ਼ਟ ਕੀਤਾ ਕਿ ਕੋਟਲੀ ਦਾ ਨਾਂ ਨਹੀਂ ਬਦਲੇਗਾ।
ਤੁਹਾਨੂੰ ਦੱਸ ਦੇਈਏ ਕਿ ਗ੍ਰਾਮ ਪੰਚਾਇਤ ਦੇ ਪ੍ਰਸਤਾਵ 'ਤੇ ਰਾਜਸਵ ਵਿਭਾਗ ਨੇ ਇਕ ਸਾਲ ਪਹਿਲਾਂ ਪਿੰਡ ਕੋਟਲੀ ਖੁਰਦ ਦਾ ਨਾਂ ਬਦਲ ਕੇ ਪ੍ਰੇਮ ਕੋਟਲੀ ਕਰ ਦਿੱਤਾ ਸੀ। 4 ਅਗਸਤ 2016 ਨੂੰ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ। 


Related News