ਕ੍ਰੇਨ ਪਲਟਣ ਕਾਰਨ ਬਿਜਲੀ ਦੇ ਖੰਭੇ ਟੁੱਟ ਕੇ ਸੜਕ ’ਤੇ ਡਿੱਗੇ, ਦਰਜਨਾਂ ਇਲਾਕਿਆਂ ’ਚ ਬਲੈਕਆਊਟ
Monday, May 19, 2025 - 09:56 AM (IST)

ਲੁਧਿਆਣਾ (ਖੁਰਾਣਾ) : ਸਥਾਨਕ ਜਲੰਧਰ ਬਾਈਪਾਸ ਚੌਕ ਨੇੜੇ ਇਕ ਵੱਡੀ ਕੱਪੜਾ ਫੈਕਟਰੀ ’ਚ ਸਫੈਦੇ ਦੇ ਦਰੱਖਤਾਂ ਦੀ ਕਟਾਈ ਲਈ ਲਿਆਂਦੀ ਗਈ ਇਕ ਕ੍ਰੇਨ ਪਲਟ ਗਈ, ਜਿਸ ਨਾਲ ਕਈ ਬਿਜਲੀ ਦੇ ਖੰਭੇ ਅਤੇ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਅਤੇ ਮੁੱਖ ਸੜਕ ’ਤੇ ਖਿੱਲਰ ਗਈਆਂ। ਛਾਉਣੀ ਮੁਹੱਲੇ ’ਚ ਸਥਿਤ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਬਿਜਲੀ ਘਰ ਵਿਖੇ ਤਾਇਨਾਤ ਐੱਸ. ਡੀ. ਓ. ਸ਼ਿਵ ਕੁਮਾਰ ਨੇ ਦੱਸਿਆ ਕਿ ਜਲੰਧਰ ਬਾਈਪਾਸ ਚੌਕ ਨੇੜੇ ਇਕ ਵੱਡੀ ਰੈਡੀਮੇਡ ਕੱਪੜਾ ਫੈਕਟਰੀ ਦੇ ਸੰਚਾਲਕਾਂ ਨੇ ਫੈਕਟਰੀ ਦੇ ਆਲੇ-ਦੁਆਲੇ ਲਗਾਏ ਗਏ ਸਫੈਦੇ ਦੇ ਦਰੱਖਤਾਂ ਨੂੰ ਕੱਟਣ ਲਈ ਕ੍ਰੇਨ ਮੰਗਵਾਈ ਸੀ। ਇਸ ਦੌਰਾਨ ਇਕ ਵੱਡਾ ਦਰੱਖਤ ਕ੍ਰੇਨ ’ਤੇ ਡਿੱਗ ਪਿਆ। ਕ੍ਰੇਨ ਅਸੰਤੁਲਿਤ ਹੋ ਗਈ ਅਤੇ ਕਈ ਬਿਜਲੀ ਦੇ ਖੰਭਿਆਂ ਅਤੇ ਹਾਈ ਵੋਲਟੇਜ ਲਾਈਨਾਂ ’ਤੇ ਡਿੱਗ ਗਈ, ਦਰਜਨਾਂ ਇਲਾਕਿਆਂ ’ਚ ਬਿਜਲੀ ਸਪਲਾਈ ਠੱਪ ਹੋ ਗਈ। ਇਹ ਹਾਦਸਾ ਸ਼ਾਮ 7 ਵਜੇ ਦੇ ਕਰੀਬ ਵਾਪਰਿਆ।
ਇਹ ਵੀ ਪੜ੍ਹੋ : ਸਿਹਤ ਮੰਤਰੀ ਵੱਲੋਂ ਸਰਜਰੀ ਤੋਂ ਬਾਅਦ ਮਰੀਜ਼ ਤੋਂ ਪੈਸੇ ਮੰਗਣ ਵਾਲਾ ਡਾਕਟਰ ਮੁਅੱਤਲ
ਐੱਸ. ਡੀ. ਓ. ਸ਼ਿਵ ਕੁਮਾਰ ਅਨੁਸਾਰ ਹਾਦਸੇ ਕਾਰਨ ਪਾਵਰਕਾਮ ਨੂੰ ਲਗਭਗ 4 ਤੋਂ 5 ਲੱਖ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ, ਜਿਸ ਦਾ ਸਹੀ ਅਨੁਮਾਨ ਹਾਲੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਉਹ ਆਪਣੀ ਪੂਰੀ ਟੀਮ ਨਾਲ ਮੌਕੇ ’ਤੇ ਪਹੁੰਚੇ ਅਤੇ ਇਲਾਕੇ ’ਚ ਬਿਜਲੀ ਸਪਲਾਈ ਬਹਾਲ ਕਰਨ ਲਈ ਜੰਗੀ ਪੱਧਰ ’ਤੇ ਯਤਨ ਕੀਤੇ ਗਏ ਤਾਂ ਜੋ ਲੋਕਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਹਾਦਸੇ ਕਾਰਨ ਪ੍ਰਭਾਵਿਤ ਕਈ ਇਲਾਕਿਆਂ ਦਾ ਲੋਡ ਤੁਰੰਤ ਪ੍ਰਭਾਵ ਨਾਲ ਦੂਜੇ ਟਰਾਂਸਫਾਰਮਰਾਂ ’ਤੇ ਸ਼ਿਫਟ ਕਰ ਦਿੱਤਾ ਗਿਆ ਅਤੇ ਕੁਝ ਇਲਾਕਿਆਂ ’ਚ ਬਿਜਲੀ ਸਪਲਾਈ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪਾਵਰਕਾਮ ਨੂੰ ਹੋਏ ਵਿੱਤੀ ਨੁਕਸਾਨ ਦੀ ਭਰਪਾਈ ਲਈ ਕ੍ਰੇਨ ਮਾਲਕ ਵਿਰੁੱਧ ਸਲੇਮ ਟਾਬਰੀ ਥਾਣੇ ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ, ਜਿਸ ਤੋਂ ਬਾਅਦ ਪੁਲਸ ਨੇ ਕ੍ਰੇਨ ਨੂੰ ਬਰਾਮਦ ਕਰ ਕੇ ਥਾਣੇ ਲੈ ਗਈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8