ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਦੋਸ਼ੀਆਂ ਨੂੰ ਲੈ ਕੇ ਭਗਤਾ ਭਾਈ ਪਹੁੰਚੀ NIA, ਦੁਹਰਾਇਆ ਕਤਲ ਦਾ ਸੀਨ
Thursday, Nov 25, 2021 - 10:12 AM (IST)
ਬਠਿੰਡਾ/ਭਗਤਾ ਭਾਈਕਾ (ਵਰਮਾ)- ਕਰੀਬ ਇਕ ਸਾਲ ਪਹਿਲਾਂ ਬਠਿੰਡਾ ਜ਼ਿਲ੍ਹੇ ’ਚ ਪੈਂਦੇ ਸ਼ਹਿਰ ਭਗਤਾ ਭਾਈ ਦੇ ਮੁੱਖ ਬਾਜ਼ਾਰ ’ਚ ਦਿਨ-ਦਿਹਾੜੇ ਕਤਲ ਕੀਤੇ ਗਏ ਡੇਰਾ ਸੱਚਾ ਸੌਦਾ ਸਰਸਾ ਦੇ ਪ੍ਰੇਮੀ ਮਨੋਹਰ ਲਾਲ (53) ਦੇ ਕਤਲ ਮਾਮਲੇ ਦੀ ਜਾਂਚ ਹੁਣ ਨੈਸ਼ਨਲ ਜਾਂਚ ਏਜੰਸੀ ਵੱਲੋਂ ਆਰੰਭ ਕਰ ਦਿੱਤੀ ਹੈ। ਗੌਰ ਹੋਵੇ ਕਿ ਡੇਰਾ ਪ੍ਰੇਮੀ ਮਨੋਹਰ ਲਾਲ ਦੀ ਸ਼ਹਿਰ ਦੀ ਮੁੱਖ ਸੜਕ ’ਤੇ ਬੱਸ ਅੱਡੇ ਲਾਗੇ ਜਤਿੰਦਰਾ ਟੈਲੀਕਾਮ ਨਾਂ ਦੀ ਮੋਬਾਇਲਾਂ ਦੀ ਦੁਕਾਨ ਸੀ, ਜਿੱਥੇ ਵੈਸਟਰਨ ਯੂਨੀਅਨ ਮਨੀ ਟਰਾਂਸਫਰ ਦਾ ਵੀ ਕੰਮ ਕੀਤਾ ਜਾਂਦਾ ਸੀ।
ਪੜ੍ਹੋ ਇਹ ਵੀ ਖ਼ਬਰ - 10 ਦਿਨ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਨਹਿਰ ’ਚੋਂ ਬਰਾਮਦ, ਘਰ ’ਚ ਪਿਆ ‘ਚੀਕ-ਚਿਹਾੜਾ’
ਇਕ ਸਾਲ ਪਹਿਲਾਂ ਮਨੋਹਰ ਲਾਲ ਨੂੰ ਬਾਅਦ ਦੁਪਹਿਰ ਕਰੀਬ ਸਾਢੇ ਚਾਰ ਕੁ ਵਜੇ ਉਨ੍ਹਾਂ ਦੀ ਦੁਕਾਨ ’ਤੇ ਕਾਲੇ ਰੰਗ ਦੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਮੂੰਹ ਢੱਕੇ ਨੌਜਵਾਨਾਂ ਨੇ ਮਨੋਹਰ ਲਾਲ ’ਤੇ ਫਾਇਰਿੰਗ ਕਰ ਕਤਲ ਕਰ ਦਿੱਤਾ ਸੀ। ਨੌਜਵਾਨ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਮੌਕੇ ਤੋਂ ਫਰਾਰ ਹੋ ਗਏ ਸਨ। ਉਥੇ ਹੀ ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਸੁੱਖਾ ਲੰਮੇ ਗਰੁੱਪ ਨੇ ਸੋਸ਼ਲ ਮੀਡੀਆ ਉੱਪਰ ਪੋਸਟ ਪਾ ਕੇ ਲਈ ਸੀ। ਕਤਲ ਦਾ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੱਸਿਆ ਗਿਆ ਸੀ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸਕੂਲ ਤੋਂ ਲਾਪਤਾ ਵਿਦਿਆਰਥੀ ਦੀ 5 ਦਿਨਾਂ ਬਾਅਦ ਸਿਧਵਾਂ ਨਹਿਰ ’ਚੋਂ ਤੈਰਦੀ ਹੋਈ ਮਿਲੀ ਲਾਸ਼
ਇਸ ਕਤਲ ਕਾਂਡ ਨੂੰ ਲੈ ਕੇ ਲੰਮਾਂ ਸਮਾਂ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ ਅਤੇ ਕਾਤਲਾਂ ਦੀ ਗ੍ਰਿਫਤਾਰੀ ਲਈ ਡੇਰਾ ਪ੍ਰੇਮੀਆਂ ਨੇ ਕਈ ਦਿਨ ਲਾਸ਼ ਸੜਕ ’ਤੇ ਰੱਖ ਕੇ ਧਰਨਾ ਵੀ ਲਾਈ ਰੱਖਿਆ ਸੀ ਜੋ ਬਾਅਦ ’ਚ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਚੁੱਕਿਆ ਗਿਆ ਸੀ। ਤਕਰੀਬਨ ਸਾਢੇ ਕੁ 11 ਵਜੇ ਐੱਨ. ਆਈ. ਏ. ਦੀ ਟੀਮ ਭਾਰੀ ਪੁਲਸ ਫੋਰਸ ਸਮੇਤ ਭਗਤਾ ਭਾਈਕਾ ਘਟਨਾ ਵਾਲੀ ਜਗ੍ਹਾ ’ਤੇ ਪੁੱਜੀ ਅਤੇ ਕਰੀਬ ਸ਼ਾਮ ਛੇ ਵਜੇ ਤਕ ਮੈਰਾਥਾਨ ਜਾਂਚ ਕੀਤੀ। ਉਥੇ ਹੀ ਜਾਂਚ ਟੀਮ ਨੇ ਨਾਲ ਲਿਆਂਦੇ ਦੋਸ਼ੀਆਂ ਤੋਂ ਜੁਰਮ ਦਾ ਸੀਨ ਦੁਹਰਾਇਆ, ਜਿਸ ਦੀ ਬਾਕਾਇਦਾ ਵੀਡੀਓਗ੍ਰਾਫੀ ਵੀ ਟੀਮ ਵੱਲੋਂ ਕੀਤੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ਨੇੜੇ ਵਾਪਰਿਆ ਦਿਲ-ਕੰਬਾਊ ਹਾਦਸਾ: ਕਾਰ ਦੇ ਉੱਡੇ ਚੀਥੜੇ, ਵਿਆਹ ਤੋਂ ਪਰਤੇ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ
ਜਾਂਚ ਟੀਮ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਵੀ ਕੀਤੀ ਅਤੇ ਵਾਰਦਾਤ ਵਾਲੀ ਥਾਂ ਦਾ ਨਵੇਂ ਸਿਰੇ ਤੋਂ ਬਾਰੀਕੀ ਨਾਲ ਜਾਇਜ਼ਾ ਲਿਆ। ਜਾਂਚ ਟੀਮ ਨੇ ਦੁਕਾਨ ਦੇ ਅੰਦਰ ਲੱਗੇ ਕੈਮਰਿਆਂ ਦੀ ਫੁਟੇਜ਼ ਨੂੰ ਵੀ ਪੂਰੀ ਡੂੰਘਾਈ ਨਾਲ ਖੰਘਾਲਿਆ ਹੈ। ਹਾਲਾਂਕਿ ਐੱਨ. ਆਈ. ਏ. ਅਧਿਕਾਰੀਆਂ ਨੇ ਇਸ ਮੁੱਦੇ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਸੂਤਰ ਦੱਸਦੇ ਹਨ ਕਿ ਜਾਂਚ ਅਧਿਕਾਰੀ ਇਸ ਕਤਲ ਮਾਮਲੇ ’ਚ ਵਿਦੇਸ਼ੀ ਤਾਕਤਾਂ ਦੀ ਭੂਮਿਕਾ ਦੇ ਐਂਗਲ ਤੋਂ ਜਾਂਚ ਕਰ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਖਹਿਰਾ ਨੇ ਚੁੱਕੇ ਸਵਾਲ, ਕਿਹਾ ‘7 ਸਾਲ ’ਚ BJP ਦੇ ਕਿਸੇ ਆਗੂ ’ਤੇ ED, CBI, Income Tax ਨੇ ਨਹੀਂ ਕੀਤੀ ਕੋਈ ਜਾਂਚ’