ਅੰਬਾਲਾ ਜੇਲ ਤੋਂ ਰਿਹਾਅ ਹੋ ਕੇ ਆਏ ਡੇਰਾ ਪ੍ਰੇਮੀਆਂ ਦਾ ਭਰਵਾਂ ਸਵਾਗਤ ਕੀਤਾ
Friday, Nov 24, 2017 - 11:38 AM (IST)

ਸਾਦਿਕ (ਪਰਮਜੀਤ) - ਡੇਰਾ ਸੱਚਾ ਸੌਦਾ ਸਰਸਾ ਦੇ ਗੱਦੀ ਨਸ਼ੀਨ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੇ ਮਾਨਯੋਗ ਅਦਾਲਤ ਦੇ 25 ਅਗਸਤ ਨੂੰ ਹੋਣ ਵਾਲੇ ਫੈਸਲੇ ਨੂੰ ਲੈ ਕੇ ਵੱਡੀ ਗਿਣਤੀ ਵਿਚ ਪੰਚਕੂਲਾ ਗਏ ਡੇਰਾ ਪ੍ਰੇਮੀਆਂ ਦੀ ਕੁੱਟਮਾਰ ਅਤੇ ਫੱਟੜ ਕਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ। ਜਿਸ ਵਿਚ ਬਲਾਕ ਸਾਦਿਕ ਦੇ ਬਹੁਤ ਸਾਰੇ ਡੇਰਾ ਪ੍ਰੇਮੀ ਗ੍ਰਿਫਤਾਰ ਹੋ ਗਏ, ਜਿੰਨਾਂ ਨੂੰ ਅੰਬਾਲਾ ਅਤੇ ਕੁਰਕਸ਼ੇਤਰ ਦੀਆਂ ਜੇਲਾਂ ਵਿਚ ਰੱਖਿਆ ਗਿਆ। ਉਨ੍ਹਾਂ ਵਿਚ ਡੇਰਾ ਸੱਚਾ ਸੌਦਾ ਸਰਸਾ ਬਲਾਕ ਸਾਦਿਕ ਦੇ ਪਿੰਡ ਨਵਾਂ ਕਿਲ੍ਹਾ ਦੇ ਸਿਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਸਿੰਘ ਤੇ ਪ੍ਰੇਮੀ ਕੁਲਵੰਤ ਸਿੰਘ ਨੂੰ ਜਮਾਨਤ ਮਿਲਣ 'ਤੇ ਰਿਹਾਅ ਕਰ ਦਿੱਤਾ ਗਿਆ। ਉਨਾਂ ਦੀ ਪੈਰਵੀ ਕਰਨ ਵਾਲੇ ਬਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਪ੍ਰੇਮੀ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 89 ਦਿਨ ਜੇਲ ਵਿਚ ਬਤੀਤ ਕਰਨ ਤੋਂ ਬਾਅਦ ਚਾਰੇ ਪ੍ਰੇਮੀ ਪਿੰਡ ਪੁੱਜੇ ਹਨ ਜਿੰਨਾਂ ਦਾ ਭਰਵਾਂ ਸਵਾਗਤ ਕਰਨ ਤੋਂ ਬਾਅਦ ਖੁਸ਼ੀ ਵਿਚ ਲੱਡੂ ਵੰਡੇ ਗਏ। ਜ਼ਮਾਨਤ 'ਤੇ ਆਏ ਪ੍ਰੇਮੀਆਂ ਨੇ ਦੱਸਿਆ ਕਿ ਸਾਡਾ ਗੁਰੂ ਪ੍ਰਤੀ ਦਿੜ ਵਿਸ਼ਵਾਸ਼ ਹੈ ਤੇ ਸਾਨੂੰ ਯਕੀਨ ਹੈ ਕਿ ਗੁਰੂ ਜੀ ਜਲਦੀ ਹੀ ਆਪਣਾ ਮਿਸ਼ਨ ਪੂਰਾ ਕਰਕੇ ਬਾਹਰ ਆਉਣਗੇ। ਸਾਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਹੈ ਕਿ ਸਾਨੂੰ ਜੇਲ ਜਾਣਾ ਪਿਆ ਪਰ ਦੁੱਖ ਇਸ ਗੱਲ ਦਾ ਹੈ ਕਿ ਰਾਮ ਦਾ ਨਾਮ ਲੈਣ ਵਾਲਿਆਂ ਨਾਲ ਜ਼ਿਆਦਤੀ ਹੋਈ ਹੈ।ਸਾਡਾ ਡੇਰਾ ਸਿਰਸਾ ਪ੍ਰਤੀ ਵਿਸ਼ਵਾਸ਼ ਪਹਿਲਾਂ ਨਾਲੋਂ ਵੀ ਮਜਬੂਤ ਹੋਇਆ ਹੈ। ਪ੍ਰੇਮੀਆਂ ਦੇ ਆਉਣ ਦੀ ਖੁਸ਼ੀ ਵਿਚ ਨਾਮ ਚਰਚਾ ਵੀ ਕੀਤੀ ਗਈ ਜਿਸ ਚਾਰੇ ਪ੍ਰੇਮੀਆਂ ਨੇ ਬੀਤੇ 89 ਦਿਨਾਂ ਦੀਆਂ ਗੱਲ੍ਹਾਂ ਸਾਂਝੀਆਂ ਕੀਤੀਆਂ । ਇਸ ਮੌਕੇ ਰਾਮ ਸ਼ਰਨ ਭੰਗੀਦਾਸ, ਬੂਟਾ ਸਿੰਘ, ਗੁਰਜੰਟ ਸਿੰਘ ਤੇ ਪਿੰਡ ਵਾਸੀ ਮੌਕੇ 'ਤੇ ਮੌਜੂਦ ਸਨ।