ਯਾਤਰੀ ਟਰਮੀਨਲ ''ਚ ਬਾਬੇ ਨਾਨਕ ਦੇ ਦਰ ''ਤੇ ਜਾਣ ਲਈ ਆਇਆ ਸੰਗਤਾਂ ਦਾ ਹੜ੍ਹ
Sunday, Nov 10, 2019 - 12:01 PM (IST)

ਡੇਰਾ ਬਾਬਾ ਨਾਨਕ (ਵਤਨ) : ਅੱਜ ਕਸਬਾ ਡੇਰਾ ਬਾਬਾ ਨਾਨਕ ਦੇ ਨਾਲ ਲਗਦੀ ਭਾਰਤ ਪਾਕਿ ਕੌਮਾਂਤਰੀ ਸਰਹੱਦ 'ਤੇ ਬਣੇ ਯਾਤਰੀ ਟਰਮੀਨਲ 'ਚ ਸਵੇਰ ਤੋਂ ਸੰਗਤਾਂ ਦੀ ਆਮਦ ਸ਼ੁਰੂ ਹੋ ਗਈ ਹੈ ਤਾਂ ਜੋ ਉਹ ਪਾਕਿਸਤਾਨ ਜਾ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰ ਸਕਣ। ਯਾਤਰੀ ਆਪਣੇ ਕਾਗਜ਼ਾਤ ਵਿਖਾ ਕੇ ਯਾਤਰੀ ਟਰਮੀਨਲ 'ਚ ਦਾਖਲ ਹੋ ਰਹੇ ਹਨ। ਜਾਣਕਾਰੀ ਮੁਤਾਬਕ ਉਨ੍ਹਾਂ ਦੇ ਕਾਗਜਾਤ ਦੀ ਜਾਂਚ ਆਦਿ ਹੋਣ ਤੋਂ ਬਾਅਦ ਗਰੁੱਪਾਂ 'ਚ ਯਾਤਰੀਆਂ ਨੂੰ ਕਰਤਾਰਪੁਰ ਸਾਹਿਬ ਭੇਜਿਆ ਜਾਵੇਗਾ।
ਦੂਸਰੇ ਪਾਸੇ ਜਿਨ੍ਹਾਂ ਸੰਗਤਾਂ ਕੋਲ ਅਜੇ ਪਾਸਪੋਰਟ ਜਾਂ ਪਾਕਿਸਤਾਨ ਜਾਣ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਸਬੰਧੀ ਜ਼ਰੂਰੀ ਕਾਗਜ਼ਾਤ ਨਹੀਂ ਹਨ, ਉਹ ਅੱਜ ਵੀ ਦੂਰਬੀਨ ਰਾਹੀਂ ਹੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰ ਰਹੀਆਂ ਹਨ। ਇਸ ਸਬੰਧੀ ਅੱਜ ਸਵੇਰ ਤੋਂ ਹੀ ਸੰਗਤਾ ਡੇਰਾ ਬਾਬਾ ਨਾਨਕ ਪਹੁੰਚ ਗਈਆਂ ਸਨ।
ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੰਗਤ ਨੂੰ ਸਹੂਲਤਾਂ ਦੇਣ ਲਈ ਪੁਲਸ ਵਲੋਂ ਸਾਰੇ ਕਰਤਾਰਪੁਰ ਸਾਹਿਬ ਮਾਰਗ ਤੋਂ ਬੈਰੀਕੇਡ ਹਟਾ ਦਿੱਤੇ ਗਏ ਹਨ ਤਾਂਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਪਹਿਲੇ ਜਥੇ ਨੂੰ ਰਵਾਨਾ ਕੀਤਾ ਜਾ ਸਕੇ ਪਰ ਸੁਰੱਖਿਆ ਬਲਾਂ ਵਲੋਂ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ।