12ਵੇਂ ਦਿਨ 239 ਸ਼ਰਧਾਲੂਆਂ ਨੇ ਕੀਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ
Wednesday, Nov 20, 2019 - 06:08 PM (IST)

ਡੇਰਾ ਬਾਬਾ ਨਾਨਕ (ਵਤਨ) : ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਨਾਲ ਲੱਗਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਣਾਏ ਗਏ ਲਾਂਘੇ ਦੀ ਸ਼ੁਰੂਆਤ ਤਾਂ ਬੜੇ ਜ਼ੋਰਾਂ-ਸ਼ੋਰਾਂ ਨਾਲ ਕੀਤੀ ਗਈ ਸੀ ਪਰ ਦੇਸ਼-ਵਿਦੇਸ਼ ਤੋਂ ਇਸ ਕਸਬੇ 'ਚ ਪਹੁੰਚਣ ਵਾਲੀ ਸੰਗਤ ਨੂੰ ਸਹੂਲਤਾਂ ਦੀ ਘਾਟ ਕਾਰਣ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਲਾਂਘੇ ਦੀ ਸ਼ੁਰੂਆਤ ਦੇ 12ਵੇਂ ਦਿਨ 239 ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ।
ਡੇਰਾ ਬਾਬਾ ਨਾਨਕ 'ਚ ਨਹੀਂ ਹੈ ਕਰਤਾਰਪੁਰ ਲਾਂਘੇ ਸਬੰਧੀ ਕੋਈ ਸਾਈਨ ਬੋਰਡ
ਸੰਗਤ ਨੂੰ ਸਭ ਤੋਂ ਵੱਡੀ ਪ੍ਰੇਸ਼ਾਨੀ ਇਸ ਗੱਲ ਦੀ ਆਉਂਦੀ ਹੈ ਜਦੋਂ ਉਹ ਤੜਕਸਾਰ ਡੇਰਾ ਬਾਬਾ ਨਾਨਕ ਪਹੁੰਚ ਕੇ ਕਰਤਾਰਪੁਰ ਸਾਹਿਬ ਲਾਂਘੇ ਦਾ ਰਸਤਾ ਲੱਭਦੀ ਫਿਰਦੀ ਹੈ ਅਤੇ ਕਈ ਵਾਰ ਤੜਕਸਾਰ ਉਨ੍ਹਾਂ ਨੂੰ ਲਾਂਘੇ ਦਾ ਰਾਹ ਦੱਸਣ ਵਾਲਾ ਕੋਈ ਨਹੀਂ ਲੱਭਦਾ ਜਾਂ ਫਿਰ ਦੱਸਣ ਵਾਲੇ ਨੂੰ ਹੀ ਕਸਬੇ ਰਾਹੀਂ ਲਾਂਘੇ ਦੇ ਰਸਤੇ ਦਾ ਆਪ ਸਹੀ ਤਰੀਕੇ ਨਾਲ ਪਤਾ ਨਹੀਂ ਹੁੰਦਾ। ਦੱਸਣਯੋਗ ਹੈ ਕਿ ਜਿੰਨੇ ਵੀ ਸ਼ਰਧਾਲੂਆਂ ਨੂੰ ਪਾਕਿਸਤਾਨ ਜਾ ਕੇ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ ਮਿਲੀ ਹੁੰਦੀ ਹੈ ਉਹ ਤੜਕਸਾਰ ਹੀ ਡੇਰਾ ਬਾਬਾ ਨਾਨਕ ਪਹੁੰਚ ਕੇ ਸਵੇਰੇ-ਸਵੇਰੇ ਹੀ ਕਰਤਾਰਪੁਰ ਸਾਹਿਬ ਜਾਣਾ ਚਾਹੁੰਦੇ ਹਨ ਪਰ ਡੇਰਾ ਬਾਬਾ ਨਾਨਕ ਆ ਕੇ ਉਹ ਕਰਤਾਰਪੁਰ ਸਾਹਿਬ ਦੇ ਰਸਤੇ ਲੱਭਣ ਦੀ ਘੁੰਮਣ ਘੇਰੀ 'ਚ ਫਸ ਜਾਂਦੇ ਹਨ।
ਸੰਗਤਾਂ ਲਈ ਡੇਰਾ ਬਾਬਾ ਨਾਨਕ 'ਚ ਨਹੀਂ ਹੈ ਕੋਈ ਰਿਹਾਇਸ਼ ਜਾਂ ਲੰਗਰ ਦੇ ਪ੍ਰਬੰਧ
ਉਂਝ ਤਾਂ ਪੰਜਾਬ ਸਰਕਾਰ ਵਲੋਂ ਸੰਗਤਾਂ ਦੀ ਰਿਹਾਇਸ਼ ਲਈ 40 ਏਕੜ 'ਚ ਟੈਂਟ ਸਿਟੀ ਬਣਾਈ ਗਈ ਸੀ ਪਰ ਇਕੋ ਮੀਂਹ ਨੇ ਹੀ ਟੈਂਟ ਸਿਟੀ ਦੇ ਪ੍ਰਬੰਧ ਵਿਗਾੜ ਕੇ ਰੱਖ ਦਿੱਤੇ ਸਨ ਅਤੇ ਟੈਂਟ ਸਿਟੀ ਦੇ ਪ੍ਰਬੰਧਕ ਮੀਂਹ ਨਾਲ ਹੋਏ ਨੁਕਸਾਨ ਨੂੰ ਸੰਭਾਲਣ 'ਚ ਲੱਗੇ ਰਹੇ। ਟੈਂਟ ਸਿਟੀ ਵਲੋਂ ਹੁਣ ਆਪਣਾ ਕੁਝ ਸਾਮਾਨ ਸਮੇਟਣਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਥੇ ਹੁਣ ਲੰਗਰ ਆਦਿ ਦਾ ਵੀ ਕੋਈ ਪ੍ਰਬੰਧ ਨਹੀਂ ਹੈ ਤਾਂ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਰਾਤ ਨੂੰ ਸੰਗਤ ਆ ਜਾਵੇ ਤਾਂ ਉਹ ਠਹਿਰੇ ਕਿਥੇ। ਦੱਸਣਯੋਗ ਹੈ ਕਿ ਡੇਰਾ ਬਾਬਾ ਨਾਨਕ ਵਿਚ ਕੋਈ ਵੀ ਹੋਟਲ ਜਾਂ ਪ੍ਰਾਈਵੇਟ ਸਰਾਂ ਵੀ ਨਹੀਂ ਹੈ, ਜਿਥੇ ਸੰਗਤ ਆ ਕੇ ਠਹਿਰ ਸਕੇ। ਕਸਬੇ ਦਾ ਗੁਰਦੁਆਰਾ ਦਰਬਾਰ ਸਾਹਿਬ ਹੀ ਅਜਿਹਾ ਸਥਾਨ ਹੈ ਜਿਥੇ ਲੋਕ ਰਾਤ ਨੂੰ ਆ ਕੇ ਠਹਿਰ ਸਕਦੇ ਹਨ ਪਰ ਕਈ ਸੰਗਤਾਂ ਇਥੇ ਵੀ ਢੁਕਵੇਂ ਪ੍ਰਬੰਧ ਨਾ ਹੋਣ ਦੀ ਗੱਲ ਆਖ ਕੇ ਗਏ ਹਨ। ਸੰਗਤਾਂ ਦਾ ਕਹਿਣਾ ਹੈ ਕਿ ਕੌਮਾਂਤਰੀ ਪੱਧਰ 'ਤੇ ਤਾਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਬੜਾ ਉਛਾਲਿਆ ਗਿਆ ਹੈ ਪਰ ਸੰਗਤਾਂ ਨੂੰ ਸਹੂਲਤ ਦੇਣ ਦੇ ਨਾਂ 'ਤੇ ਇਥੇ ਕੁਝ ਵੀ ਦਿਖਾਈ ਨਹੀਂ ਦਿੰਦਾ।
ਕਰਤਾਰਪੁਰ ਲਾਂਘੇ ਤੱਕ ਪਹੁੰਚਣ ਲਈ ਸਰਕਾਰ ਵਲੋਂ ਨਹੀਂ ਹੈ ਕੋਈ ਪ੍ਰਬੰਧ
ਸ਼ਤਾਬਦੀ ਸਮਾਗਮਾਂ ਦੌਰਾਨ ਪੰਜਾਬ ਸਰਕਾਰ ਵਲੋਂ ਮਿੰਨੀ ਬੱਸਾਂ ਲਾ ਕੇ ਸੰਗਤ ਨੂੰ ਫ੍ਰੀ ਕਰਤਾਰਪੁਰ ਦਰਸ਼ਨ ਸਥੱਲ ਤੱਕ ਲਿਜਾਇਆ ਜਾਂਦਾ ਸੀ ਪਰ ਸਮਾਗਮਾਂ ਦੇ ਖਤਮ ਹੋਣ ਤੋਂ ਬਾਅਦ ਸੰਗਤ ਨੂੰ ਮਿਲਦੀ ਇਹ ਸਹੂਲਤ ਵੀ ਖਤਮ ਕਰ ਦਿੱਤੀ ਗਈ ਹੈ। ਹੁਣ ਸੰਗਤ ਜਾਂ ਤਾਂ ਪੈਦਲ ਚਾਰ ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਕਰਤਾਰਪੁਰ ਲਾਂਘੇ ਤੱਕ ਪਹੁੰਚਦੀ ਹੈ ਜਾਂ ਫਿਰ ਪ੍ਰਾਈਵੇਟ ਵਾਹਨਾਂ 'ਤੇ ਕਿਰਾਇਆ ਖਰਚ ਕੇ। ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਕਰਤਾਰਪੁਰ ਲਾਂਘੇ ਤੱਕ ਪਹੁੰਚਣ ਲਈ ਵਾਹਨਾਂ ਦਾ ਪ੍ਰਬੰਧ ਕਰੇ।
ਇਸ ਤੋਂ ਇਲਾਵਾ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾ ਕੇ ਗੁ. ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਅਜੇ ਵੀ ਸੈਂਕੜਿਆਂ 'ਚ ਹੀ ਚੱਲ ਰਹੀ ਹੈ ਜਦਕਿ ਭਾਰਤ-ਪਾਕਿ ਸਰਹੱਦ ਦੇ ਧੁੱਸੀ ਬੰਨ੍ਹ 'ਤੇ ਪਹੁੰਚ ਕੇ ਦੂਰੋਂ ਦਰਸ਼ਨ ਕਰਨ ਵਾਲੀ ਸੰਗਤ ਦੀ ਗਿਣਤੀ ਕਈ ਵਾਰ ਵੱਧ ਅਤੇ ਕਈ ਵਾਰ ਘੱਟ ਹੋ ਜਾਂਦੀ ਹੈ। ਅੱਜ ਵੀ ਵੱਡੀ ਗਿਣਤੀ 'ਚ ਸੰਗਤ ਡੇਰਾ ਬਾਬਾ ਨਾਨਕ ਪਹੁੰਚੀ ਅਤੇ ਦਰਸ਼ਨ ਸਥੱਲ 'ਤੇ ਖਲੋ ਕੇ ਦੂਰੋਂ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਦਿਆਂ ਵਾਹਿਗੁਰੂ ਤੋਂ ਅਰਦਾਸ ਕੀਤੀ ਕਿ ਪਾਸਪੋਰਟ, 20 ਡਾਲਰ ਦੀ ਫੀਸ ਅਤੇ 12 ਦਿਨ ਪਹਿਲਾਂ ਲੈਣ ਵਾਲੀ ਇਜਾਜ਼ਤ ਦੀ ਸ਼ਰਤ ਨੂੰ ਖਤਮ ਕਰ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਕਰਵਾਏ ਜਾਣ।