''ਯੁੱਧ ਨਸ਼ਿਆਂ ਵਿਰੁੱਧ'' ਮੁਹਿੰਮ ਤਹਿਤ ਭਵਾਨੀਗੜ੍ਹ ਪੁਲਸ ਨੇ ਦਰਜ ਕੀਤੇ 15 ਮੁਕੱਦਮੇ
Thursday, Oct 09, 2025 - 09:05 PM (IST)

ਭਵਾਨੀਗੜ੍ਹ (ਵਿਕਾਸ ਮਿੱਤਲ) - ਨਸ਼ਾ ਖਤਮ ਕਰਨ ਲਈ ਚਲਾਈ ਜਾ ਰਹੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਡੀ.ਐਸ.ਪੀ. ਸਬ ਡਵੀਜਨ ਭਵਾਨੀਗੜ੍ਹ ਰਾਹੁਲ ਕੌਸ਼ਲ ਪੀ.ਪੀ.ਐਸ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਲਾਕੇ 'ਚ ਅਮਨ ਸ਼ਾਂਤੀ ਬਹਾਲ ਰੱਖਣ ਲਈ ਸਥਾਨਕ ਸਬ ਡਵੀਜਨ ਅਧੀਨ ਆਉੰਦੇ ਥਾਣਾ ਭਵਾਨੀਗੜ੍ਹ, ਪੁਲਸ ਚੌਂਕੀ ਘਰਾਚੋਂ, ਕਾਲਾਝਾੜ ਤੇ ਜੌਲੀਆਂ ਦੀ ਪੁਲਸ ਵੱਲੋਂ ਸਤੰਬਰ ਮਹੀਨੇ ਦੌਰਾਨ ਐਨ.ਡੀ.ਪੀ.ਐਸ ਐਕਟ ਅਧੀਨ ਕੁੱਲ 7 ਮੁਕੱਦਮੇ ਦਰਜ ਕਰਦਿਆਂ 9 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਪਾਸੋਂ 20 ਗ੍ਰਾਮ ਹੈਰੋਇਨ/ਚਿੱਟਾ ਤੇ 130 ਨਸ਼ੇ ਵਾਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ।
ਇਸ ਤੋਂ ਇਲਾਵਾ ਪੁਲਸ ਨੇ ਐਕਸਾਇਜ ਐਕਟ ਅਧੀਨ ਕੁੱਲ 8 ਮੁਕੱਦਮੇ ਦਰਜ ਕਰਦਿਆਂ 9 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ 172 ਬੋਤਲਾਂ ਸ਼ਰਾਬ ਹਰਿਆਣਾ ਬਰਾਮਦ ਕੀਤੀ। ਇਸ ਮੌਕੇ ਡੀਐਸਪੀ ਕੌਸ਼ਲ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ 8 ਸਮੱਗਲਰਾਂ/ਪੈਡਲਰਾਂ ਵਿਰੁੱਧ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ। ਇਸ ਤੋਂ ਇਲਾਵਾ ਸਬ-ਡਵੀਜਨ ਦੇ ਪਿੰਡਾਂ, ਮੁਹੱਲੇ/ਵਾਰਡ ਪੱਧਰ 'ਤੇ ਕੌੰਸਲਰਾਂ, ਸਰਪੰਚਾਂ-ਪੰਚਾਂ ਸਮੇਤ ਹੋਰ ਮੋਹਤਬਰਾਂ ਦੇ ਸਹਿਯੋਗ ਨਾਲ ਨਸ਼ਾ ਕਰਨ ਦੇ ਆਦੀ ਲੋਕਾਂ ਦੀ ਪਛਾਣ ਗੁਪਤ ਰੱਖਦੇ ਹੋਏ ਉਨ੍ਹਾਂ ਨੂੰ ਨਸ਼ੇ ਦੀ ਦਲਦਲ 'ਚੋਂ ਬਾਹਰ ਕੱਢਣ ਲਈ ਓਟ ਸੈਂਟਰਾਂ ਵਿਚ ਰਜਿਸਟਰ ਕਰਵਾਇਆ ਗਿਆ ਜਿਨ੍ਹਾਂ 'ਚੋਂ ਕੁੱਲ 16 ਲੋਕਾਂ ਨੂੰ ਚੈੱਕ ਕਰਨ ਉਪਰੰਤ ਦਵਾਈ ਦਿੱਤੀ ਗਈ ਤੇ 4 ਨੂੰ ਨਸ਼ਾ ਛੁਡਾਓ ਕੇਂਦਰ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ।
ਇਸ ਤੋਂ ਇਲਾਵਾ ਇਲਾਕੇ ਵਿਚ 6 ਕਾਸੋ ਅਪ੍ਰੇਸ਼ਨ ਕੀਤੇ ਜਾਣ ਦੇ ਨਾਲ ਨਸ਼ੇ ਤੋਂ ਪ੍ਰਭਾਵਿਤ ਪਿੰਡਾਂ/ਵਾਰਡਾਂ ਵਿਚ ਛਾਪੇਮਾਰੀ ਕੀਤੀਆਂ ਜਾ ਰਹੀਆਂ ਹਨ ਅਤੇ ਆਮ ਪਬਲਿਕ ਨੂੰ ਨਸ਼ਿਆਂ ਵਿਰੁੱਧ ਪੁਲਸ ਪ੍ਰਸ਼ਾਸ਼ਨ ਦਾ ਸਾਥ ਦੇਣ ਲਈ ਵੱਖ-ਵੱਖ ਪਿੰਡਾਂ ਵਿਚ ਪੁਲਸ ਵੱਲੋਂ 35 ਪਬਲਿਕ ਮੀਟਿੰਗਾਂ ਕੀਤੀਆਂ ਗਈਆਂ ਹਨ। ਡੀ.ਐਸ.ਪੀ. ਕੌਸ਼ਲ ਨੇ ਸਪੱਸ਼ਟ ਲਫਜਾਂ 'ਚ ਆਖਿਆ ਕਿ ਭਵਿੱਖ 'ਚ ਵੀ ਇਲਾਕੇ ਅੰਦਰ ਗੈਰ ਸਮਾਜਿਕ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।