PSPCL ਨੇ ਚੁੱਕਿਆ ਵੱਡਾ ਕਦਮ, ਜਾਰੀ ਕੀਤੇ ਨਵੇਂ ਹੁਕਮ
Tuesday, Oct 07, 2025 - 06:30 PM (IST)

ਚੰਡੀਗੜ੍ਹ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਨੇ ਇਨਵੈਸਟ ਪੰਜਾਬ ਦੇ ਸਹਿਯੋਗ ਨਾਲ, ਪੀ.ਐੱਸ.ਪੀ.ਸੀ.ਐੱਲ. ਦੇ ਆਉਣ ਵਾਲੇ ਸੂਰਜੀ ਅਤੇ ਨਵਿਆਉਣਯੋਗ ਊਰਜਾ ਟੈਂਡਰਾਂ ਵਿਚ ਵੱਡੇ ਪੱਧਰ 'ਤੇ ਪ੍ਰਮੁੱਖ ਨਵਿਆਉਣਯੋਗ ਊਰਜਾ ਕੰਪਨੀਆਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਚੰਡੀਗੜ੍ਹ ਵਿਚ ਇਕ ਨਵਿਆਉਣਯੋਗ ਬਿਜਲੀ ਡਿਵੈਲਪਰਾਂ ਦੀ ਮੀਟਿੰਗ ਦਾ ਆਯੋਜਨ ਕੀਤਾ। ਇਸ ਸਮਾਗਮ ਵਿਚ ਪੰਜਾਬ ਸਰਕਾਰ ਦੇ ਬਿਜਲੀ, ਉਦਯੋਗ ਅਤੇ ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਸੰਜੀਵ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੀਟਿੰਗ ਵਿਚ ਭਾਰਤ ਦੇ ਨਵਿਆਉਣਯੋਗ ਊਰਜਾ ਖੇਤਰ ਵਿਚ ਮੋਹਰੀ ਨੁਮਾਇੰਦਗੀ ਕਰਨ ਵਾਲੇ ਲਗਭਗ 30 ਪ੍ਰਮੁੱਖ ਡਿਵੈਲਪਰਾਂ ਅਤੇ ਕੰਪਨੀਆਂ ਨੇ ਹਿੱਸਾ ਲਿਆ। ਪੀ.ਐੱਸ.ਪੀ.ਸੀ.ਐੱਲ. ਇਨਵੈਸਟ ਪੰਜਾਬ ਅਤੇ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਮੀਟਿੰਗ ਵਿਚ ਸ਼ਿਰਕਤ ਕੀਤੀ ਅਤੇ ਭਾਈਵਾਲਾਂ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ। ਉਨ੍ਹਾਂ ਨੇ ਡਿਵੈਲਪਰਾਂ ਨੂੰ ਪੰਜਾਬ ਦੀਆਂ ਪ੍ਰਗਤੀਸ਼ੀਲ ਨਵਿਆਉਣਯੋਗ ਊਰਜਾ ਨੀਤੀਆਂ, ਨਿਵੇਸ਼ ਸਹੂਲਤ ਵਿਧੀਆਂ ਅਤੇ ਪਾਰਦਰਸ਼ੀ ਪ੍ਰਤੀਯੋਗੀ ਬੋਲੀ ਰਾਹੀਂ ਨਵਿਆਉਣਯੋਗ ਊਰਜਾ ਦੀ ਖਰੀਦ ਲਈ ਪੀ.ਐੱਸ.ਪੀ.ਸੀ.ਐੱਲ. ਦੀਆਂ ਯੋਜਨਾਵਾਂ ਤੋਂ ਜਾਣੂ ਕਰਵਾਇਆ।
ਇਹ ਵੀ ਪੜ੍ਹੋ : ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾਉਣ ਵਾਲਿਆਂ ਲਈ ਅਹਿਮ ਖ਼ਬਰ, ਸਰਕਾਰ ਨੇ ਦਿੱਤੀ ਜਾਣਕਾਰੀ
ਸੈਸ਼ਨ ਦੌਰਾਨ, ਪੀ.ਐੱਸ.ਪੀ.ਸੀ.ਐੱਲ. ਨੇ ਆਪਣਾ ਬੋਲੀ ਲਗਾਉਣ ਸਬੰਧੀ ਭਵਿੱਖ ਖਰੜਾ ਪੇਸ਼ ਕੀਤਾ, ਜਿਸ ਵਿਚ ਪ੍ਰਾਈਵੇਟ ਡਿਵੈਲਪਰਾਂ ਲਈ ਸੂਰਜੀ ਅਤੇ ਹੋਰ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਵਿਚ ਨਿਵੇਸ਼ ਕਰਨ ਦੇ ਆਉਣ ਵਾਲੇ ਮੌਕਿਆਂ ਦੀ ਰੂਪਰੇਖਾ ਦਿੱਤੀ ਗਈ। ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਰਾਜ ਨੂੰ ਆਪਣੇ ਰੀਨੀਏਬਲ ਪਰਚੇਜ਼ ਔਬਲੀਗੇਸ਼ਨ(ਆਰਪੀਓ) ਟੀਚਿਆਂ ਨੂੰ ਪ੍ਰਾਪਤ ਕਰਨ ਵਿਚ ਮਦਦ ਕਰਨਾ, ਊਰਜਾ ਸੁਰੱਖਿਆ ਨੂੰ ਵਧਾਉਣਾ ਅਤੇ ਸਾਫ਼-ਸੁਥਰੀ ਅਤੇ ਹਰੀ ਊਰਜਾ ਰਾਹੀਂ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਮੀਟਿੰਗ ਵਿਚ ਇਕ ਇੰਟਰਐਕਟਿਵ ਸੈਸ਼ਨ ਵੀ ਹੋਇਆ ਜਿੱਥੇ ਡਿਵੈਲਪਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪੰਜਾਬ ਦੇ ਨਵਿਆਉਣਯੋਗ ਊਰਜਾ ਖੇਤਰ ਵਿਚ ਪ੍ਰਕਿਰਿਆਵਾਂ ਨੂੰ ਹੋਰ ਸੁਚਾਰੂ ਬਣਾਉਣ ਅਤੇ ਕਾਰੋਬਾਰ ਕਰਨ ਵਿਚ ਆਸਾਨੀ ਵਧਾਉਣ ਲਈ ਰਚਨਾਤਮਕ ਸੁਝਾਅ ਦਿੱਤੇ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਨਗਰ ਕੀਰਤਨ ਦੌਰਾਨ ਵੱਡੀ ਘਟਨਾ, ਪੈ ਗਈਆਂ ਭਾਜੜਾਂ
ਹੋਰ ਮੁੱਦਿਆਂ ਦੇ ਨਾਲ-ਨਾਲ ਡਿਵੈਲਪਰਾਂ ਨੇ ਟੈਂਡਰਾਂ ਵਿਚ ਸੀਲਿੰਗ ਟੈਰਿਫ ਲਗਾਉਣ ਅਤੇ ਟ੍ਰਾਂਸਮਿਸ਼ਨ ਲਾਈਨਾਂ ਵਿਛਾਉਣ ਲਈ ਸਰਵੇਖਣ ਵਿਚ ਪੀ.ਐੱਸ.ਪੀ.ਸੀ.ਐੱਲ./ਪੀਐੱਸਟੀਸੀਐੱਲ ਵੱਲੋਂ ਲਏ ਲੰਬੇ ਸਮੇਂ ਦਾ ਮੁੱਖ ਮੁੱਦਾ ਉਠਾਇਆ, ਜੋ ਪ੍ਰੋਜੈਕਟਾਂ ਦੇ ਸ਼ੁਰੂ ਹੋਣ ਵਿਚ ਦੇਰੀ ਦਾ ਕਾਰਨ ਬਣਦਾ ਹੈ। ਮਾਣਯੋਗ ਮੰਤਰੀ ਨੇ ਡਿਵੈਲਪਰਾਂ ਨੂੰ ਇਹ ਯਕੀਨੀ ਬਣਾਇਆ ਕਿ ਟੈਂਡਰਾਂ ਵਿਚ ਕੋਈ ਸੀਲਿੰਗ ਟੈਰਿਫ ਨਹੀਂ ਲਗਾਇਆ ਜਾਵੇਗਾ ਅਤੇ ਪ੍ਰੋਜੈਕਟਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਡਿਵੈਲਪਰਾਂ ਦੁਆਰਾ ਖੁਦ ਲਾਈਨਾਂ ਦੇ ਸਰਵੇਖਣ ਦਾ ਪ੍ਰਬੰਧ ਉਪਲਬਧ ਕਰਵਾਇਆ ਜਾਵੇਗਾ। ਇਕੱਠ ਨੂੰ ਸੰਬੋਧਨ ਕਰਦੇ ਹੋਏ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਰਾਜ ਸਰਕਾਰ ਦੀ ਨਿਵੇਸ਼ਕ-ਅਨੁਕੂਲ ਵਾਤਾਵਰਣ ਬਣਾਉਣ ਅਤੇ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਦੀ ਸਥਾਪਨਾ ਲਈ ਡਿਵੈਲਪਰਾਂ ਨੂੰ ਵਿਆਪਕ ਸਹਾਇਤਾ ਪ੍ਰਦਾਨ ਕਰਨ ਦੀ ਵਚਨਬੱਧਤਾ ਬਾਰੇ ਦੱਸਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਾਫ਼, ਹਰੀ ਅਤੇ ਕਿਫ਼ਾਇਤੀ ਨਵਿਆਉਣਯੋਗ ਊਰਜਾ ਵਧਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਖਪਤਕਾਰਾਂ ਨੂੰ ਭਰੋਸੇਯੋਗ, ਕਿਫਾਇਤੀ ਅਤੇ ਉੱਚ-ਗੁਣਵੱਤਾ ਵਾਲੀ ਬਿਜਲੀ ਮਿਲਦੀ ਰਹੇ।
ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਦਿਨ-ਦਿਹਾੜੇ ਕਿਸਾਨ ਦਾ ਗੋਲ਼ੀਆਂ ਮਾਰ ਕੇ ਕਤਲ
ਇਸ ਮੌਕੇ `ਤੇ ਬੋਲਦੇ ਹੋਏ, ਅਜੋਏ ਕੁਮਾਰ ਸਿਨਹਾ, ਆਈਏਐਸ, ਪ੍ਰਮੁੱਖ ਸਕੱਤਰ (ਬਿਜਲੀ) ਅਤੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ, ਪੀ.ਐੱਸ.ਪੀ.ਸੀ.ਐੱਲ. ਨੇ ਨਵਿਆਉਣਯੋਗ ਬਿਜਲੀ ਖਰੀਦ ਲਈ ਇਕ ਪਾਰਦਰਸ਼ੀ, ਕੁਸ਼ਲ ਅਤੇ ਪ੍ਰਤੀਯੋਗੀ ਪਲੇਟਫਾਰਮ ਦੀ ਪੇਸ਼ਕਸ਼ ਕਰਨ ਲਈ ਪੀ.ਐੱਸ.ਪੀ.ਸੀ.ਐੱਲ. ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਇਹ ਵੀ ਦੁਹਰਾਇਆ ਕਿ ਪੀ.ਐੱਸ.ਪੀ.ਸੀ.ਐੱਲ. ਰਾਜ ਦੇ ਟਿਕਾਊ ਊਰਜਾ ਵਿੱਚ ਤੇਜ਼ੀ ਨਾਲ ਤਬਦੀਲੀ ਲਿਆਉਣ ਲਈ ਨਿਵੇਸ਼ਕਾਂ ਅਤੇ ਡਿਵੈਲਪਰਾਂ ਨਾਲ ਮਿਲ ਕੇ ਕੰਮ ਕਰੇਗਾ। ਇਸ ਸਮਾਗਮ ਵਿਚ ਪੀ.ਐੱਸ.ਪੀ.ਸੀ.ਐੱਲ. ਦੇ ਡਾਇਰੈਕਟਰ (ਜਨਰੇਸ਼ਨ) ਇੰਜੀਨੀਅਰ ਹਰਜੀਤ ਸਿੰਘ, ਪੀਐਸਟੀਸੀਐੱਲ ਦੇ ਡਾਇਰੈਕਟਰ ਟੈਕਨੀਕਲ ਇੰਜੀਨੀਅਰ ਸੰਜੀਵ ਸੂਦ ਅਤੇ ਮੁੱਖ ਇੰਜੀਨੀਅਰ (ਐੱਨਆਰਐੱਸਈ ਅਤੇ ਥਰਮਲ ਡਿਜ਼ਾਈਨ), ਪੀ.ਐੱਸ.ਪੀ.ਸੀ.ਐੱਲ. ਇੰਜੀਨੀਅਰ ਇੰਦਰਜੀਤ ਸਿੰਘ ਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e