ਰਿਸ਼ਵਤ ਲੈਣ ਦੇ ਦੋਸ਼ ''ਚ ਪਟਵਾਰੀ ਗ੍ਰਿਫ਼ਤਾਰ

Thursday, Mar 28, 2019 - 11:19 AM (IST)

ਰਿਸ਼ਵਤ ਲੈਣ ਦੇ ਦੋਸ਼ ''ਚ ਪਟਵਾਰੀ ਗ੍ਰਿਫ਼ਤਾਰ

ਡੇਰਾ ਬਾਬਾ ਨਾਨਕ (ਕੰਵਲਜੀਤ) : ਵਿਜੀਲੈਂਸ ਵਿਭਾਗ ਗੁਰਦਾਸਪੁਰ ਨੇ 3 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਇਕ ਪਟਵਾਰੀ ਤੇ ਉਸ ਦੇ ਸਹਿਯੋਗੀ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਵਿਜੀਲੈਂਸ ਗੁਰਦਾਸਪੁਰ ਕੁਲਦੀਪ ਸਿੰਘ ਨੇ ਦੱਸਿਆ ਕਿ ਕਿਸਾਨ ਤਰਲੋਕ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਸ਼ਾਹਪੁਰ ਗੋਰਾਇਆ ਨੇ ਆਪਣੀ 4 ਏਕੜ ਜ਼ਮੀਨ ਆਪਣੇ 2 ਲੜਕਿਆਂ ਨਿਸ਼ਾਨ ਸਿੰਘ ਅਤੇ ਅਮਰਜੀਤ ਸਿੰਘ ਦੇ ਨਾਂ ਰਜਿਸਟਰੀ ਕੀਤੀ ਸੀ। ਇਸ ਜ਼ਮੀਨ ਦਾ ਲੜਕਿਆਂ ਦੇ ਨਾਂ 'ਤੇ ਇੰਤਕਾਲ ਕਰਵਾਉਣ ਲਈ ਹਲਕਾ ਸ਼ਾਹਪੁਰ ਗੋਰਾਇਆ ਪਟਵਾਰੀ ਹਰਪ੍ਰੀਤ ਸਿੰਘ ਵਾਸੀ ਡੇਰਾ ਬਾਬਾ ਨਾਨਕ 3000 ਰੁਪਏ ਦੀ ਮੰਗ ਕਰ ਰਿਹਾ ਸੀ। ਇਸ ਸਬੰਧੀ ਤਰਲੋਕ ਸਿੰਘ ਨੇ ਇਹ ਜਾਣਕਾਰੀ ਸਾਨੂੰ ਦਿੱਤੀ। ਇਸ ਆਧਾਰ 'ਤੇ ਤਰਲੋਕ ਸਿੰਘ ਨੂੰ ਅੱਜ ਨਿਸ਼ਾਨ ਲੱਗੇ ਤਿੰਨ ਹਜ਼ਾਰ ਰੁਪਏ ਦੇ ਕੇ ਪਟਵਾਰਖਾਨੇ 'ਚ ਜਾ ਕੇ ਉਕਤ ਪਟਵਾਰੀ ਨੂੰ ਰਾਸ਼ੀ ਦੇਣ ਗਿਆ ਤਾਂ ਉਸ ਨੇ ਰਾਸ਼ੀ ਆਪਣੇ ਸਾਥੀ ਚਾਹ ਵੇਚਣ ਵਾਲੇ ਸੁਖਦੇਵ ਰਾਜ ਪੁੱਤਰ ਬਿਸ਼ਨ ਦਾਸ ਵਾਸੀ ਸੁਲਤਾਨੀ ਨੂੰ ਦੇਣ ਨੂੰ ਕਿਹਾ। ਜਿਸ 'ਤੇ ਤਰਲੋਕ ਸਿੰਘ ਨੇ ਇਹ ਰਾਸ਼ੀ ਸੁਖਦੇਵ ਰਾਜ ਨੂੰ ਫੜਾ ਦਿੱਤੀ।

ਡੀ. ਐੱਸ. ਪੀ. ਨੇ ਦੱਸਿਆ ਕਿ ਤਰਲੋਕ ਸਿੰਘ ਦਾ ਇਸ਼ਾਰਾ ਮਿਲਦੇ ਹੀ ਮੇਰੇ ਨਾਲ ਗਈ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੁਖਦੇਵ ਰਾਜ ਅਤੇ ਹਰਪ੍ਰੀਤ ਸਿੰਘ ਨੂੰ ਹਿਰਾਸਤ 'ਚ ਲੈ ਕੇ ਸਰਕਾਰੀ ਗਵਾਹਾਂ ਦੇ ਸਾਹਮਣੇ ਰੰਗ ਲੱਗੇ ਨੋਟ ਬਰਾਮਦ ਕੀਤੇ ਗਏ ਅਤੇ ਪਟਵਾਰੀ ਅਤੇ ਉਸ ਦੇ ਸਾਥੀ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਗ੍ਰਿਫ਼ਤਾਰ ਕੀਤਾ ਗਿਆ।


author

Baljeet Kaur

Content Editor

Related News