ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 16 ਨਵੰਬਰ ਤੋਂ ਬਾਅਦ ਨਹੀਂ ਹੋਈ ਰਜਿਸਟ੍ਰੇਸ਼ਨ

11/04/2019 6:16:58 PM

ਡੇਰਾ ਬਾਬਾ ਨਾਨਕ (ਵਤਨ) : ਡੇਰਾ ਬਾਬਾ ਨਾਨਕ ਦੇ ਨਾਲ ਲੱਗਦੀ ਕੌਮਾਂਤਰੀ ਸਰਹੱਦ ਤੋਂ 9 ਨਵੰਬਰ ਨੂੰ ਗੁਰਦੁਆਰਾ ਸ੍ਰੀ ਕਰਤਾਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਜਾ ਰਿਹਾ ਹੈ ਅਤੇ ਇਸ ਸਬੰਧੀ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਆਪੋ-ਆਪਣੇ ਪੱਧਰ 'ਤੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚਲਾਈਆਂ ਜਾ ਰਹੀਆਂ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਟਵੀਟ ਕਰ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰੱਖੀ ਗਈ ਪਾਸਪੋਰਟ ਦੀ ਸ਼ਰਤ ਨੂੰ ਖਤਮ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ ਪਰ ਪਾਕਿਸਤਾਨ ਸਰਕਾਰ ਵਲੋਂ ਅਜੇ ਤੱਕ ਅਧਿਕਾਰਿਤ ਤੌਰ 'ਤੇ ਇਸ ਦੀ ਜਾਣਕਾਰੀ ਭਾਰਤ ਸਰਕਾਰ ਨੂੰ ਨਹੀਂ ਦਿੱਤੀ ਗਈ। ਜਿਸ ਕਾਰਣ ਭਾਰਤ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਰਜਿਸਟ੍ਰੇਸ਼ਨ ਲਈ ਬਣਾਈ ਗਈ ਵੈੱਬਸਾਈਟ ਦੇ ਮੁੱਖ ਸਫੇ 'ਤੇ ਅਜੇ ਵੀ ਪਾਸਪੋਰਟ ਸਬੰਧੀ ਜਾਣਕਾਰੀ ਮੰਗੀ ਜਾ ਰਹੀ ਹੈ, ਜਿਸ ਕਾਰਣ ਅਜੇ ਵੀ ਸੰਗਤ ਰਜਿਸਟ੍ਰੇਸ਼ਨ ਲਈ ਬਹੁਤਾ ਉਤਸ਼ਾਹ ਨਹੀਂ ਵਿਖਾ ਰਹੀ।

ਪਾਕਿਸਤਾਨੀ ਪ੍ਰਧਾਨ ਮੰਤਰੀ ਤਾਂ 10 ਦਿਨ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣ ਦੀ ਸ਼ਰਤ ਵੀ ਹਟਾਉਣ ਦਾ ਐਲਾਨ ਕਰ ਚੁੱਕੇ ਹਨ ਪਰ ਅਜੇ ਤੱਕ ਇਸ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ। ਭਾਰਤ ਵਲੋਂ ਰਜਿਸਟ੍ਰੇਸ਼ਨ ਲਈ ਬਣਾਈ ਗਈ ਵੈੱਬਸਾਈਟ ਅਨੁਸਾਰ ਅੱਜ ਤੱਕ ਸਿਰਫ 16 ਨਵੰਬਰ ਤੱਕ ਦੇ ਹੀ ਸਲਾਟ ਭਰੇ ਹਨ ਅਤੇ 17 ਤਰੀਕ ਲਈ ਸੰਗਤਾਂ ਵੱਲੋਂ ਘੱਟ ਰਜਿਸਟ੍ਰੇਸ਼ਨ ਕਰਵਾਈ ਗਈ ਹੈ। ਸੰਗਤ ਦੇ ਮੰਨ 'ਚ ਇਹ ਵੀ ਦੁਵਿਧਾ ਹੈ ਕਿ ਜਦੋਂ 10 ਦਿਨ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣ ਦੀ ਪਾਕਿਸਤਾਨ ਸਰਕਾਰ ਸ਼ਰਤ ਹਟਾ ਚੁੱਕੀ ਹੈ ਤਾਂ ਫਿਰ ਵੈੱਬਸਾਈਟ 'ਤੇ ਕਿਸ ਚੀਜ਼ ਦੀ ਰਜਿਸਟ੍ਰੇਸ਼ਨ ਕਰਵਾਉਣੀ ਪੈਣੀ ਹੈ ਜਦਕਿ ਭਾਰਤ ਸਰਕਾਰ ਸੁਰੱਖਿਆ ਕਾਰਣ ਵੀ ਦੁਵਿਧਾ 'ਚ ਹੈ ਕਿ ਜੇਕਰ ਪਾਸਪੋਰਟ ਦੀ ਸ਼ਰਤ ਹਟਾ ਦਿੱਤੀ ਜਾਂਦੀ ਹੈ ਤਾਂ ਸੰਗਤਾਂ ਦੀ ਸਹੀ ਤਰ੍ਹਾਂ ਨਾਲ ਵੈਰੀਫਿਕੇਸ਼ਨ ਕਿਸ ਦਸਤਾਵੇਜ ਨਾਲ ਕਰਵਾਈ ਜਾਵੇ।


Baljeet Kaur

Content Editor

Related News