ਸਨਾਵਾ ਸਕੂਲ ''ਚ 53 ਵਿਦਿਆਰਥੀਆਂ ਲਈ 10 ਅਧਿਆਪਕ ਤਾਇਨਾਤ, ਡੀ. ਸੀ. ਨੇ ਕੀਤੀ ਚੈਕਿੰਗ
Saturday, Feb 24, 2018 - 12:38 PM (IST)

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)— ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਸ਼ੁੱਕਰਵਾਰ ਵੱਖ-ਵੱਖ ਸਰਕਾਰੀ ਸਕੂਲਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਸਰਕਾਰੀ ਹਾਈ ਸਕੂਲ ਸਨਾਵਾ ਵਿਖੇ 53 ਵਿਦਿਆਰਥੀਆਂ ਲਈ 10 ਅਧਿਆਪਕਾਂ ਦੀ ਤਾਇਨਾਤੀ 'ਤੇ ਹੈਰਾਨੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਜ਼ਿਲੇ ਦੇ ਸਕੂਲਾਂ 'ਚੋਂ ਵਾਧੂ ਸਟਾਫ ਨੂੰ ਰੈਸ਼ਨੇਲਾਈਜ਼ੇਸ਼ਨ ਰਾਹੀਂ ਅਧਿਆਪਕਾਂ ਦੀ ਘਾਟ ਵਾਲੇ ਸਕੂਲਾਂ ਵਿਚ ਭੇਜਿਆ ਜਾਵੇਗਾ। ਇਸ ਸਬੰਧੀ ਉਨ੍ਹਾਂ ਵੱਲੋਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨਾਲ ਵੀ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ 53 ਵਿਦਿਆਰਥੀਆਂ ਨੂੰ ਪੜ੍ਹਾਉਣ ਲਈ 10 ਅਧਿਆਪਕਾਂ ਦਾ ਸਟਾਫ ਹੈ ਪਰ ਬੱਚਿਆਂ ਦਾ ਵਿਦਿਅਕ ਪੱਧਰ ਉਸ ਲੈਵਲ ਦਾ ਨਹੀਂ ਹੈ, ਜਿਸ ਦੀ ਇੰਨੇ ਸਟਾਫ ਨਾਲ ਆਸ ਕੀਤੀ ਜਾਂਦੀ ਹੈ। ਉਪਰੰਤ ਡਿਪਟੀ ਕਮਿਸ਼ਨਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੀ ਚੈਕਿੰਗ 'ਤੇ ਵੀ ਗਏ ਅਤੇ ਉੱਥੇ ਉਨ੍ਹਾਂ ਮਿਡ-ਡੇ ਮੀਲ ਦੀ ਗੁਣਵੱਤਾ 'ਤੇ ਤਸੱਲੀ ਨਹੀਂ ਪ੍ਰਗਟਾਈ।