ਮਾਮਲਾ ਅਸ਼ਲੀਲ ਵੀਡੀਓ ਗਰੁੱਪ 'ਚ ਪਾਉਣ ਦਾ : ਸਕੂਲ ਮੁਖੀ ਬੱਚਿਆਂ 'ਤੇ ਮੜ੍ਹ ਰਿਹੈ ਆਪਣਾ ਕਸੂਰ

05/26/2018 1:38:14 PM

ਬਠਿੰਡਾ (ਬਲਵਿੰਦਰ)-ਵਿਭਾਗੀ ਵਟਸਐਪ ਗਰੁੱਪ 'ਚ ਅਸ਼ਲੀਲ ਵੀਡੀਓ ਪਾਉਣ ਵਾਲਾ ਸਕੂਲ ਮੁਖੀ ਹੁਣ ਆਪਣਾ ਕਸੂਰ ਸਕੂਲੀ ਬੱਚਿਆਂ 'ਤੇ ਮੜ੍ਹ ਰਿਹਾ ਹੈ। ਕਰੀਬ 48 ਘੰਟੇ ਬੀਤਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਸਕੀ ਪਰ ਗਰੁੱਪ ਮੈਂਬਰ ਮੁਕੱਦਮਾ ਦਰਜ ਕਰਵਾਉਣ ਦੀ ਮੰਗ ਕਰ ਚੁੱਕੇ ਹਨ। 
ਜਾਣਕਾਰੀ ਮੁਤਾਬਕ ਇਕ ਸਕੂਲ ਦੇ ਮੁਖੀ ਨੇ ਇਕ ਅਸ਼ਲੀਲ ਵੀਡੀਓ ਸਿੱਖਿਆ ਵਿਭਾਗ ਦੇ ਇਕ ਵਟਸਐਪ ਗਰੁੱਪ 'ਚ ਪਾ ਦਿੱਤੀ ਸੀ, ਜਿਸ 'ਚ ਬਠਿੰਡਾ, ਮਾਨਸਾ ਤੇ ਗੁਰਦਾਸਪੁਰ ਜ਼ਿਲਿਆਂ ਦੇ ਸਕੂਲ ਮੁਖੀਆਂ ਤੋਂ ਇਲਾਵਾ ਡੀ. ਈ. ਓ., ਡੀ. ਪੀ. ਆਈ., ਡੀ. ਜੀ. ਐੱਸ. ਈ. ਤੇ ਸਕੱਤਰ ਕ੍ਰਿਸ਼ਨ ਕੁਮਾਰ ਵੀ ਹਨ। ਵੀਡੀਓ ਪਾਏ ਜਾਣ ਤੋਂ ਬਾਅਦ ਗਰੁੱਪ 'ਚ ਹੰਗਾਮਾ ਹੋ ਗਿਆ ਤੇ ਸਾਰੇ ਮੈਂਬਰ ਉਕਤ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕਰਨ ਲੱਗੇ। 
ਸਕੱਤਰ ਕ੍ਰਿਸ਼ਨ ਕੁਮਾਰ ਅੱਜਕਲ ਕਰਨਾਟਕ 'ਚ ਹਨ, ਜਿਨ੍ਹਾਂ ਦੀ ਉਥੇ ਚੋਣਾਂ 'ਚ ਤਾਇਨਾਤੀ ਸੀ। ਹੇਠਲੇ ਅਧਿਕਾਰੀ ਇਸ ਮਾਮਲੇ ਨੂੰ ਹਲਕੇ 'ਚ ਲੈ ਰਹੇ ਹਨ ਪਰ ਸਕੱਤਰ ਦੇ ਪਰਤਣ ਤੋਂ ਬਾਅਦ ਇਹ ਮਾਮਲਾ ਦੋਬਾਰਾ ਭੜਕ ਸਕਦਾ ਹੈ। 
ਇਸ ਸਬੰਧ 'ਚ ਡੀ. ਈ. ਓ. ਮਨਿੰਦਰ ਕੌਰ ਨੇ ਕਿਹਾ ਕਿ ਮਾਮਲਾ ਬਹੁਤ ਸ਼ਰਮਨਾਕ ਹੈ। ਉਹ ਸਕੂਲ ਮੁਖੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸੰਪਰਕ ਨਹੀਂ ਹੋ ਸਕਿਆ। ਉਹ ਇਸ ਸਬੰਧੀ ਉੱਚ ਅਧਿਕਾਰੀਆਂ ਨਾਲ ਗੱਲ ਕਰ ਰਹੇ ਹਨ। ਉਕਤ ਵਿਰੁੱਧ ਕਾਰਵਾਈ ਜ਼ਰੂਰ ਹੋਵੇਗੀ। ਦੂਜੇ ਪਾਸੇ ਥਾਣਾ ਸਦਰ ਦੇ ਮੁਖੀ ਇਕਬਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਮਿਲੀ। 
ਕੀ ਕਹਿੰਦਾ ਹੈ ਸਕੂਲ ਮੁਖੀ
ਸਕੂਲ ਮੁਖੀ ਖੁਦ ਤਾਂ ਸਾਹਮਣੇ ਨਹੀਂ ਆ ਰਹੇ ਪਰ ਉਨ੍ਹਾਂ ਵੱਲੋਂ ਆਪਣੇ ਸਾਥੀਆਂ ਰਾਹੀਂ ਸਪੱਸ਼ਟੀਕਰਨ ਦਿੱਤਾ ਗਿਆ ਹੈ ਕਿ ਜਦੋਂ ਉਹ ਦੁਪਹਿਰ ਦਾ ਖਾਣਾ ਖਾ ਕੇ ਸਕੂਲ ਤੋਂ ਬਾਹਰ ਟਹਿਲ ਰਹੇ ਸਨ ਤਾਂ ਕਿਸੇ ਬੱਚੇ ਨੇ ਵਟਸਐਪ 'ਤੇ ਆਇਆ ਇਹ ਵੀਡੀਓ ਗਰੁੱਪ 'ਚ ਪਾ ਦਿੱਤਾ। ਉਨ੍ਹਾਂ ਨੂੰ ਕਾਫੀ ਦੇਰ ਬਾਅਦ ਇਸ ਬਾਰੇ ਪਤਾ ਲੱਗਾ।


Related News