ਬਿਜਲੀ ਵਿਭਾਗ ਨੇ ਘਰੇਲੂ ਖਪਤਕਾਰ ਨੂੰ ਭੇਜਿਆ ਇਕ ਲੱਖ ਤੋਂ ਵੱਧ ਦਾ ਬਿੱਲ

06/20/2020 5:41:23 PM

ਭਵਾਨੀਗੜ੍ਹ (ਸੰਜੀਵ) : ਸਥਾਨਕ ਸ਼ਹਿਰ ਵਿਖੇ ਇਕ ਖਪਤਕਾਰ ਨੂੰ ਪਾਵਰਕਾਮ ਵੱਲੋਂ ਘਰੇਲੂ ਬਿਜਲੀ ਸਪਲਾਈ ਦਾ ਓਵਰਰੀਡਿੰਗ ਕਰਕੇ 1 ਲੱਖ ਰੁਪਏ ਤੋਂ ਉਪਰ ਦਾ ਬਿਜਲੀ ਬਿੱਲ ਭੇਜ ਕੇ ਜ਼ੋਰਦਾਰ ਝੱਟਕਾ ਦਿੱਤਾ ਹੈ। ਜਾਣਕਾਰੀ ਦਿੰਦਿਆਂ ਖਪਤਕਾਰ ਸਿੱਬੂ ਗੋਇਲ ਨੇ ਦੱਸਿਆ ਕਿ ਕੋਰੋਨਾ ਦੀ ਮਹਾਮਾਰੀ ਕਾਰਣ ਲੱਗੇ ਲਾਕਡਾਊਨ ਅਤੇ ਕਰਫਿਊ ਦੇ ਚੱਲਦੇ ਸਾਰੇ ਕੰਮ ਧੰਦੇ ਅਤੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋਣ ਕਾਰਣ ਉਹ ਪਹਿਲਾਂ ਹੀ ਬਹੁਤ ਪ੍ਰੇਸ਼ਾਨ ਸਨ ਉਪਰੋਂ ਪਾਵਰਕਾਮ ਨੇ ਉਸ ਨੂੰ ਘਰੇਲੂ ਬਿਜਲੀ ਦਾ ਬਿੱਲ 1 ਲੱਖ ਰੁਪਏ ਤੋਂ ਉਪਰ ਦਾ ਭੇਜ ਕੇ ਹੋਰ ਪ੍ਰੇਸ਼ਾਨ ਕਰ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਰੋਜ਼ਾਨਾ ਦੀ ਬਿਜਲੀ ਦੀ ਖਪਤ 20 ਤੋਂ 25 ਯੂਨਿਟ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮੀਟਰ ਉਪਰ ਅਜੇ ਕੁੱਲ 96 ਹਜ਼ਾਰ ਦੇ ਕਰੀਬ ਯੂਨਿਟਾਂ ਦੀ ਰੀਡਿੰਗ ਦਿਖਾਈ ਦੇ ਰਹੀ ਹੈ ਅਤੇ ਪਾਵਰਕਾਮ ਵੱਲੋਂ ਉਨ੍ਹਾਂ ਦੇ ਬਿੱਲ 'ਚ 10408 ਯੂਨਿਟਾਂ ਤੋਂ ਓਪਰ ਰੀਡਿੰਗ ਦਰਸ਼ਾ ਕੇ 12788 ਯੂਨਿਟਾਂ ਦੀ ਖਪਤ ਦਰਸਾਈ ਗਈ ਹੈ। ਜਿਸ ਹਿਸਾਬ ਨਾਲ ਉਨ੍ਹਾਂ ਨੂੰ 8 ਹਜ਼ਾਰ ਦੇ ਕਰੀਬ ਓਵਰ ਰੀਡਿੰਗ ਦਾ ਵਾਧੂ ਬਿਜਲੀ ਦਾ ਬਿੱਲ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਅਸਲ ਬਿਜਲੀ ਦੀ ਖਪਤ ਦਾ ਬਿੱਲ 4 ਹਜ਼ਾਰ ਯੂਨਿਟ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਿਜਲੀ ਦੇ ਬਿੱਲ ਨੂੰ ਜਲਦ ਠੀਕ ਕੀਤਾ ਜਾਵੇ। ਪਾਵਰਕਾਮ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਬਿਜਲੀ ਦੇ ਬਿੱਲ ਸਬੰਧੀ ਰੀਡਿੰਗਾਂ ਲੈਣ ਵਾਲੇ ਵਿਅਕਤੀ ਵੱਲੋਂ ਗਲਤੀ ਨਾਲ ਇਹ ਰੀਡਿੰਗ ਲਈ ਗਈ ਹੈ ਅਤੇ ਉਕਤ ਖਪਤਕਾਰ ਦੇ ਬਿਜਲੀ ਦੇ ਬਿੱਲ ਨੂੰ ਠੀਕ ਕਰ ਕੇ ਸਹੀ ਬਿੱਲ ਦੁਬਾਰਾ ਭੇਜਿਆ ਜਾਵੇਗਾ।


Gurminder Singh

Content Editor

Related News