SMS ਰਾਹੀਂ ਭੇਜੀ ਜਾ ਰਹੀ ਹੈ ਕੋਵਿਡ-19 ਦੇ ਨਤੀਜਿਆਂ ਦੀ ਜਾਣਕਾਰੀ : ਸਿਹਤ ਮੰਤਰੀ

07/30/2020 7:45:02 PM

ਚੰਡੀਗੜ੍ਹ : ਕੋਵਿਡ ਟੈਸਟ ਦੇ ਨਤੀਜੇ ਭੇਜਣ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ  ਵੱਲੋਂ ਪ੍ਰਸ਼ਾਸਨਿਕ ਸੁਧਾਰਾਂ ਵਿਭਾਗ ਨਾਲ ਸਮਝੌਤਾ ਕੀਤਾ ਗਿਆ ਹੈ, ਜਿਸ ਤਹਿਤ ਆਈ. ਸੀ. ਐਮ. ਆਰ. ਪੋਰਟਲ 'ਤੇ ਲੈਬਾਂ ਦੁਆਰਾ ਨਤੀਜੇ ਅਪਡੇਟ ਕਰਨ ਤੋਂ ਬਾਅਦ ਟੈਸਟ ਦੇ ਨਤੀਜੇ ਐਸ. ਐਮ. ਐਸ. ਜ਼ਰੀਏ ਲੋਕਾਂ ਨੂੰ ਭੇਜੇ ਜਾਂਦੇ ਹਨ।
ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਤਰਫੋਂ ਪ੍ਰਸ਼ਾਸਨਿਕ ਸੁਧਾਰਾਂ ਵਿਭਾਗ ਵੱਲੋਂ ਟੈਸਟ ਰਿਪੋਰਟਾਂ ਦੇ ਨਤੀਜੇ ਐਸ.ਐਮ.ਐਸ. ਰਾਹੀਂ ਭੇਜੇ ਜਾ ਰਹੇ ਹਨ। ਪ੍ਰਸ਼ਾਸਨਿਕ ਸੁਧਾਰਾਂ ਵਿਭਾਗ ਦੀ ਟੀਮ ਨੇ ਆਈ. ਸੀ. ਐਮ. ਆਰ. ਨਾਲ ਤਾਲਮੇਲ ਕੀਤਾ ਹੈ ਅਤੇ ਲੈਬਾਂ ਦੁਆਰਾ ਪੋਰਟਲ 'ਤੇ ਨਤੀਜਿਆਂ ਨੂੰ ਅਪਡੇਟ ਕਰਨ ਤੋਂ ਬਾਅਦ ਆਪਣਾ ਟੈਸਟ ਕਰਵਾਉਣ ਵਾਲੇ ਵਿਅਕਤੀਆਂ ਨੂੰ ਸੰਦੇਸ਼ ਰਾਹੀਂ ਸੂਚਿਤ ਕੀਤਾ ਜਾ ਰਿਹਾ ਹੈ।

ਸੰਦੇਸ਼ ਭੇਜ ਕੇ ਸੂਚਿਤ ਕਰਨ ਦੀ ਉਕਤ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਤੱਕ 1.37 ਲੱਖ ਲੋਕਾਂ ਨੇ ਐਸ.ਐਮ.ਐਸ. ਰਾਹੀਂ ਨਤੀਜੇ ਪ੍ਰਾਪਤ ਕੀਤੇ ਹਨ। ਇਹ ਪਹਿਲ ਵਿਅਕਤੀਆਂ ਨੂੰ ਸਮੇਂ ਸਿਰ ਟੈਸਟ ਦੇ ਨਤੀਜਿਆਂ ਬਾਰੇ ਸੂਚਿਤ ਕਰਨ ਨੂੰ ਯਕੀਨੀ ਬਣਾਉਣ ਲਈ ਕੀਤੀ ਗਈ ਹੈ। ਕੰਟੇਨਮੈਂਟ ਜ਼ੋਨਾਂ/ਹਾਟ-ਸਪਾਟ ਵਿਚ ਸੇਰੋ-ਸਰਵੇ ਬਾਰੇ ਵੇਰਵੇ ਦਿੰਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ 5 ਜ਼ਿਲ੍ਹਿਆਂ ਵਿਚ ਸਰਵੇ ਕਰਨ ਦੀ ਯੋਜਨਾ ਬਣਾਈ ਹੈ, ਜਿਸ ਤਹਿਤ ਟੀਮਾਂ ਦੀ ਪਛਾਣ ਲਈ ਗਈ ਹੈ। ਪੰਜ ਜ਼ਿਲ੍ਹਿਆਂ (ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਅਤੇ ਐਸ. ਏ. ਐਸ. ਨਗਰ) ਵਿੱਚੋਂ ਹਰੇਕ ਜ਼ਿਲ੍ਹੇ ਵਿੱਚ ਸਰਵੇਖਣ ਵਾਲੀਆਂ ਥਾਵਾਂ ਤੋਂ 250 ਵਿਅਕਤੀਆਂ ਦੇ ਨਮੂਨੇ ਲਏ ਜਾਣਗੇ। ਮੰਤਰੀ ਨੇ ਕਿਹਾ ਕਿ ਸਿਵਲ ਸਰਜਨਾਂ ਨੂੰ ਜ਼ਿਲ੍ਹਾ ਪੱਧਰੀ ਲੈਬ ਸਥਾਪਤ ਕਰਨ ਅਤੇ ਹਰੇਕ ਲੈਬ ਦੀਆਂ ਮੁੱਢਲੀਆਂ ਜ਼ਰੂਰਤਾਂ ਅਨੁਸਾਰ ਸਾਜ਼ੋ-ਸਮਾਨ ਦਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
 


Deepak Kumar

Content Editor

Related News