ਸਿੱਖਿਆ ਵਿਭਾਗ ਵਲੋਂ ਆਦਰਸ਼ ਸਕੂਲ ਨੂੰ ਬੰਦ ਕਰਨ ਦੇ ਹੁਕਮ ਜਾਰੀ, ਅਧਿਆਪਕਾਂ ''ਚ ਰੋਸ

10/24/2019 4:14:05 PM

ਫਰੀਦਕੋਟ: ਸਿੱਖਿਆ ਵਿਭਾਗ ਵਲੋਂ ਜ਼ਿਲੇ ਦੇ ਮੱਲ੍ਹਾ ਪਿੰਡ ਵਿਖੇ ਸਰਕਾਰੀ ਆਦਰਸ਼ ਸਕੂਲ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ, ਜਿਸ ਦੇ ਚੱਲਦੇ ਬੀਤੇ ਦਿਨ ਵਿਵਾਦ ਖੜ੍ਹਾ ਹੋ ਗਿਆ। ਜਾਣਕਾਰੀ ਮੁਤਾਬਕ ਜਦੋਂ ਵਿਭਾਗ ਨੇ ਇਸ ਸਕੂਲ ਦੇ ਸਾਰੇ 590 ਵਿਦਿਆਰਥੀਆਂ ਨੂੰ ਦੂਜੇ ਸਰਕਾਰੀ ਸਕੂਲਾਂ 'ਚ ਤਬਦੀਲ ਕਰਨ ਅਤੇ 50 ਦੇ ਕਰੀਬ ਕਰਮਚਾਰੀਆਂ ਦੀਆਂ ਸੇਵਾਵਾਂ ਖਤਮ ਕਰਨ ਦੇ ਆਦੇਸ਼ ਜਾਰੀ ਕੀਤੇ ਤਾਂ ਵਿਦਿਆਰਥੀਆਂ ਦੇ ਮਾਪਿਆਂ ਅਤੇ ਕਰਮਚਾਰੀਆਂ ਨੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਫਰੀਦਕੋਟ ਦੇ ਜ਼ਿਲਾ ਸਿੱਖਿਆ ਅਫਸਰ (ਡੀ.ਈ.ਓ.) ਬਲਜੀਤ ਕੌਰ ਪੁਲਸ ਸਮੇਤ ਮਾਪਿਆਂ ਅਤੇ ਅਧਿਆਪਕਾਂ ਨੂੰ ਸ਼ਾਂਤ ਕਰਨ ਲਈ ਪਿੰਡ ਪਹੁੰਚੀ, ਪਰ ਉਹ ਇਸ ਸਕੂਲ ਨੂੰ ਜਾਰੀ ਰੱਖਣ ਦੀ ਆਪਣੀ ਮੰਗ 'ਤੇ ਅੜੇ ਹੋਏ ਜੋ ਕਿ ਨਾਲ ਲੱਗਦੇ ਖੇਤਰ ਦੇ ਪੰਜ ਪਿੰਡਾਂ ਨੂੰ ਜਾਂਦਾ ਹੈ। ਡੀ.ਈ.ਓ. ਨੂੰ ਲਿਖੇ ਇਕ ਪੱਤਰ 'ਚ ਡਾਇਰੈਕਟਰ ਜਨਰਲ ਸਕੂਲ ਸਿੱਖਿਆ (ਡੀ.ਜੀ.ਐੱਸ.ਆਈ.) ਨੇ ਮੰਗਲਵਾਰ ਨੂੰ ਸਕੂਲ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਸਕੂਲ ਖੋਲ੍ਹਣ ਦੇ ਮੰਤਵ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ।

ਦੱਸਣਯੋਗ ਹੈ ਕਿ ਪੱਤਰ 'ਚ ਲਿਖਿਆ ਗਿਆ ਹੈ ਕਿ 'ਕਿਰਾਏ 'ਤੇ ਚੱਲ ਰਹੇ ਸਕੂਲ 'ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਖੇਤਰ ਦੇ ਹੋਰ ਸਰਕਾਰੀ ਸਕੂਲਾਂ 'ਚ ਤਬਦੀਲ ਕਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਅਧਿਆਪਕਾਂ ਨੂੰ ਆਪਣੇ ਅਸਲ ਮਾਲਕ ਨੂੰ ਰਿਪੋਰਟ ਕਰਨ ਲਈ ਕਿਹਾ ਜਾਵੇਗਾ।
ਪੀ.ਪੀ. ਮੋਡ ਦੇ ਤਹਿਤ ਸੂਬੇ 'ਚ 25 ਆਦਰਸ਼ ਸਕੂਲ ਚੱਲ ਰਹੇ ਹਨ। ਆਦਰਸ਼ ਸਕੂਲ ਖੋਲ੍ਹਣ ਦਾ ਮੰਤਵ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਮਿਆਰੀ ਬੁਨਿਆਦੀ ਢਾਂਚੇ ਨਾਲ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਸੀ। ਜਦਕਿ ਇਨ੍ਹਾਂ ਸਕੂਲਾਂ ਨੂੰ ਚਲਾਉਣ ਲਈ 70 ਫੀਸਦੀ ਖਰਚ ਸੂਬਾ ਸਰਕਾਰ ਵਲੋਂ ਕੀਤਾ ਜਾਂਦਾ ਹੈ ਅਤੇ ਬਾਕੀ ਸਕੂਲ ਪ੍ਰਬੰਧਕਾਂ ਵਲੋਂ  ਖਰਚ ਕੀਤਾ ਜਾਂਦਾ ਹੈ। ਇਹ ਸਕੂਲ ਬਾਲਾ ਜੀ ਐਜੂਕੇਸ਼ਨ ਟਰੱਸਟ ਵਲੋਂ ਸਾਲ 2011 'ਚ ਸ਼ੁਰੂ ਕੀਤੇ ਗਏ ਸਨ। ਇਨ੍ਹਾਂ ਸਕੂਲਾਂ 'ਚ ਕੰਮ ਕਰਨ ਵਾਲਾ ਸਟਾਫ ਇਸੇ ਟਰੱਸਟ ਦੇ ਅਧੀਨ ਆਉਂਦਾ ਹੈ। ਇਸੇ ਕਾਰਨ ਇਸ ਸਟਾਫ ਨੂੰ ਇਸ ਟਰੱਸਟ ਦੇ ਅਧਿਕਾਰੀਆਂ ਨੂੰ ਰਿਪੋਰਟ ਕਰਨ ਲਈ ਕਿਹਾ ਜਾਵੇਗਾ।


Shyna

Content Editor

Related News