ਲੋਹੜੀ ਤੋਂ ਬਾਅਦ ਫਿਰ ਸੰਘਣੀ ਧੁੰਦ ਛਾਈ, ਸੜਕਾਂ ’ਤੇ ਰੇਂਗਦੇ ਨਜ਼ਰ ਆਏ ਵਾਹਨ
Thursday, Jan 16, 2025 - 04:15 PM (IST)
ਅਬੋਹਰ (ਸੁਨੀਲ) : ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਅੱਜ ਫਿਰ ਸੰਘਣੀ ਧੁੰਦ ਛਾਈ ਰਹੀ। ਇਸ ਕਾਰਨ ਸ਼ਹਿਰ ਤੇ ਆਲੇ-ਦੁਆਲੇ ਦੇ ਪਿੰਡ ਧੁੰਦ ਦੀ ਚਿੱਟੀ ਚਾਦਰ ਹੇਠ ਢੱਕ ਗਏ। ਜ਼ੀਰੋ ਵਿਜ਼ੀਬਿਲਟੀ ਕਾਰਨ ਵਾਹਨ ਚਾਲਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਇਕ ਵਾਰ ਫਿਰ ਧੁੰਦ ਨੇ ਦਸਤਕ ਦਿੱਤੀ ਅਤੇ ਸੀਤ ਲਹਿਰ ਕਾਰਨ ਤਾਪਮਾਨ ’ਚ ਕਾਫ਼ੀ ਗਿਰਾਵਟ ਆਈ। ਇਸ ਕਾਰਨ ਲੋਕ ਇਕ ਵਾਰ ਫਿਰ ਕੰਬਦੇ ਦੇਖੇ ਗਏ।
ਸੜਕਾਂ ’ਤੇ ਵਿਜ਼ੀਬਿਲਟੀ ਜ਼ੀਰੋ ਹੋਣ ਕਾਰਨ, ਵਾਹਨ ਹੌਲੀ ਚੱਲ ਰਹੇ ਸਨ ਅਤੇ ਦਿਨ ਵੇਲੇ ਵੀ ਵਾਹਨਾਂ ਨੂੰ ਆਪਣੀਆਂ ਲਾਈਟਾਂ ਜਗਾਉਣੀਆਂ ਪਈਆਂ। ਜ਼ਿਕਰਯੋਗ ਹੈ ਕਿ ਪਿਛਲੇ 2-3 ਦਿਨਾਂ ਤੋਂ ਮੌਸਮ ਸਾਫ਼ ਸੀ ਅਤੇ ਚੰਗੀ ਧੁੱਪ ਕਾਰਨ ਲੋਕਾਂ ਨੇ ਕਾਫ਼ੀ ਰਾਹਤ ਮਹਿਸੂਸ ਕੀਤੀ। ਕੁੱਝ ਲੋਕ ਅੰਦਾਜ਼ਾ ਲਗਾ ਰਹੇ ਸਨ ਕਿ ਲੋਹੜੀ ਤੋਂ ਬਾਅਦ ਠੰਡ ਦੂਰ ਹੋ ਜਾਵੇਗੀ ਪਰ ਅੱਜ ਫਿਰ ਅਚਾਨਕ ਇਸ ਨੇ ਆਪਣਾ ਭਿਆਨਕ ਰੂਪ ਦਿਖਾਇਆ, ਲੋਕ ਆਪਣੇ ਘਰਾਂ ਅਤੇ ਦੁਕਾਨਾਂ ’ਚ ਦੁਬਕੇ ਰਹੇ। ਲੋਕਾਂ ਨੂੰ ਠੰਡ ਤੋਂ ਬਚਣ ਲਈ ਅੱਗ ਕੋਲ ਬੈਠਣਾ ਪਿਆ।