ਲੁਧਿਆਣਾ ਜ਼ਿਲ੍ਹੇ ''ਚ ਨਵੀਂ ਮੁਸੀਬਤ, ਕੋਰੋਨਾ ਰੁਕਣ ਮਗਰੋਂ ਹੁਣ ਮੱਛਰਾਂ ਦਾ ਕੋਹਰਾਮ
Sunday, Aug 01, 2021 - 08:54 AM (IST)
ਲੁਧਿਆਣਾ : ਮਹਾਂਨਗਰ 'ਚ ਕੋਰੋਨਾ ਦੀ ਰਫ਼ਤਾਰ ਰੁਕਣ ਤੋਂ ਬਾਅਦ ਡੇਂਗੂ ਦੇ ਮੱਛਰਾਂ ਨੇ ਕੋਹਰਾਮ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਜੁਲਾਈ ਮਹੀਨੇ ਹੁਣ ਤੱਕ ਡੇਂਗੂ ਦੇ 70 ਮਰੀਜ਼ ਵੱਖ-ਵੱਖ ਹਸਪਤਾਲਾਂ ਤੋਂ ਸਾਹਮਣੇ ਆਏ ਚੁੱਕੇ ਹਨ, ਜਦੋਂ ਕਿ ਸਿਹਤ ਵਿਭਾਗ ਨੇ 20 ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ। ਸਿਹਤ ਅਧਿਕਾਰੀ ਡਾ. ਰਮੇਸ਼ ਭਗਤ ਮੁਤਾਬਕ ਵੱਖ-ਵੱਖ ਹਸਪਤਾਲਾਂ ਤੋਂ ਸਾਹਮਣੇ ਆਏ ਮਰੀਜ਼ਾਂ ਦੀ ਕ੍ਰਾਸ ਚੈਕਿੰਗ ਤੋਂ ਬਾਅਦ 20 ਮਰੀਜ਼ਾਂ 'ਚ ਡੇਂਗੂ ਦੀ ਪੁਸ਼ਟੀ ਹੋਈ ਹੈ।
ਇਨ੍ਹਾਂ 'ਚੋਂ 10 ਜ਼ਿਲ੍ਹੇ ਦੇ, ਜਦੋਂ ਕਿ 8 ਦੂਜੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਇਸ ਤੋਂ ਇਲਾਵਾ 2 ਮਰੀਜ਼ ਹੋਰਨਾਂ ਸੂਬਿਆਂ ਦੇ ਰਹਿਣ ਵਾਲੇ ਹਨ। ਜ਼ਿਕਰਯੋਗ ਹੈ ਕਿ ਉਕਤ ਮਰੀਜ਼ ਸਥਾਨਕ ਹਸਪਤਾਲਾਂ 'ਚ ਸਾਹਮਣੇ ਆਏ, ਜਦੋਂ ਕਿ ਨਿੱਜੀ ਪ੍ਰੈਕਟਿਸ ਕਰ ਰਹੇ ਡਾਕਟਰਾਂ ਦੇ ਕਲੀਨਿਕ 'ਤੇ ਡੇਂਗੂ ਦੇ ਲੱਛਣਾਂ ਵਾਲੇ ਮਰੀਜ਼ਾਂ ਦੀ ਕਾਫੀ ਗਿਣਤੀ ਸਾਹਮਣੇ ਆ ਰਹੀ ਹੈ। ਇਨ੍ਹਾਂ 'ਚੋਂ ਜੋ ਮਰੀਜ਼ ਗੰਭੀਰ ਹੁੰਦਾ ਹੈ, ਉਹੀ ਹਸਪਤਾਲਾਂ 'ਚ ਆ ਰਿਹਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ ਅਹਿਮ ਖ਼ਬਰ, 11 ਸਤੰਬਰ ਨੂੰ ਜ਼ਿਲ੍ਹੇ 'ਚ ਲੱਗੇਗੀ 'ਕੌਮੀ ਲੋਕ ਅਦਾਲਤ'
ਕੁੱਝ ਜਾਗਰੂਕ ਮਰੀਜ਼ ਡੇਂਗੂ ਦੇ ਲੱਛਣ ਸਾਹਮਣੇ ਆਉਣ 'ਤੇ ਸਿੱਧਾ ਹਸਪਤਾਲ ਆ ਰਹੇ ਹਨ। ਇਹ ਵੀ ਦੱਸਣਯੋਗ ਹੈ ਕਿ ਜੁਲਾਈ ਦੇ ਪਹਿਲੇ ਹਫ਼ਤੇ ਸ਼ਹਿਰ ਦੇ 58 ਇਲਾਕਿਆਂ 'ਚ ਡੇਂਗੂ ਦਾ ਭਰਪੂਰ ਲਾਰਵਾ ਸਾਹਮਣੇ ਆਇਆ ਹੈ, ਜਦੋਂ ਕਿ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਿਲਸਿਲਾ ਅੱਜ ਤੱਕ ਜਾਰੀ ਹੈ ਅਤੇ ਲਗਾਤਾਰ ਬਾਰਸ਼ ਨਾਲ ਕਦੇ ਵੀ ਭਿਆਨਕ ਰੂਪ ਧਾਰ ਸਕਦਾ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਲੋਕਾਂ ਨੂੰ ਜਾਗਰੂਕ ਕਰਨਾ ਅਤਿ ਜਰੂਰੀ ਹੈ। ਇਸ ਲਈ ਉਨ੍ਹਾਂ ਨੂੰ ਚਾਹੀਦਾ ਹੈ ਕਿ ਆਪਣੇ ਘਰਾਂ ਤੇ ਦਫ਼ਤਰਾਂ 'ਚ ਲੱਗੇ ਫੁੱਲਾਂ ਦੇ ਗਮਲਿਆਂ, ਆਪਣੇ ਘਰ ਦੇ ਆਸ-ਪਾਸ ਅਤੇ ਛੱਤ 'ਤੇ ਬਾਰਸ਼ ਦਾ ਪਾਣੀ ਇਕੱਠਾ ਨਾ ਹੋਣ ਦੇਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ