ਸਿਵਲ ਹਸਪਤਾਲ ''ਚ ਡੇਂਗੂ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣਾ ਚਿੰਤਾ ਦਾ ਵਿਸ਼ਾ

09/23/2017 12:04:27 PM

ਕਪੂਰਥਲਾ(ਮਲਹੋਤਰਾ)— ਸਿਵਲ ਹਸਪਤਾਲ ਕਪੂਰਥਲਾ 'ਚ ਡੇਂਗੂ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਕਪੂਰਥਲਾ ਤੇ ਆਸ-ਪਾਸ ਦੇ ਖੇਤਰਾਂ ਤੋਂ ਅੱਜ ਡੇਂਗੂ ਪੀੜਤ ਕੁਝ ਮਹੀਨਿਆਂ ਦੀ ਬੱਚੀ ਸਮੇਤ 10 ਦੇ ਕਰੀਬ ਮਰੀਜ਼ਾਂ ਨੂੰ ਇਲਾਜ ਲਈ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਦਾਖਲ ਕਰਵਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਇਲਾਜ ਅਧੀਨ ਮਹੇਸ਼ ਕੁਮਾਰ ਪੁੱਤਰ ਸ਼ਿਵ ਕੁਮਾਰ ਨਿਵਾਸੀ ਔਜਲਾ ਫਾਟਕ ਦੇ ਪਰਿਵਾਰਾਂ ਨੇ ਦੱਸਿਆ ਕਿ ਮਹੇਸ਼ ਨੂੰ ਪਿਛਲੇ 3-4 ਦਿਨ ਤੋਂ ਤੇਜ਼ ਬੁਖਾਰ ਆ ਰਿਹਾ ਸੀ। ਉਸ ਨੂੰ ਇਲਾਜ ਲਈ ਕਪੂਰਥਲਾ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਦਾਖਲ ਕਰਵਾਇਆ ਗਿਆ। ਡਾਕਟਰਾਂ ਵੱਲੋਂ ਜਦੋਂ ਉਸ ਦੇ ਖੂਨ ਦੀ ਜਾਂਚ ਕੀਤੀ ਗਈ ਤਾਂ ਖੂਨ ਦੀ ਕਮੀ ਅਤੇ ਸੈੱਲਾਂ ਦੀ ਗਿਣਤੀ 45 ਹਜ਼ਾਰ ਦੱਸੀ ਗਈ। ਡਾਕਟਰਾਂ ਨੇ ਮਹੇਸ਼ ਨੂੰ ਡੇਂਗੂ ਬੁਖਾਰ ਦੱਸਿਆ।
ਇਸੇ ਤਰ੍ਹਾਂ ਆਰਤੀ ਪਤਨੀ ਅਸ਼ਵਨੀ ਕੁਮਾਰ ਨਿਵਾਸੀ ਲਕਸ਼ਮੀ ਨਗਰ ਕਪੂਰਥਲਾ ਨੇ ਦੱਸਿਆ ਕਿ ਉਸ ਨੂੰ ਬੁਖਾਰ ਹੈ ਅਤੇ ਸ਼ੁੱਕਰਵਾਰ ਬਾਅਦ ਦੁਪਹਿਰ ਘਬਰਾਹਟ ਹੋਣ ਲੱਗੀ, ਜਦੋਂ ਸਿਵਲ ਹਸਪਤਾਲ 'ਚ ਇਲਾਜ ਲਈ ਲਿਆਂਦਾ ਗਿਆ ਤਾਂ ਡਾਕਟਰਾਂ ਨੇ 96 ਹਜ਼ਾਰ ਸਰੀਰ 'ਚ ਸੈੱਲ ਤੇ ਖੂਨ 'ਚ ਕਮੀ ਦੱਸਿਆ ਹੈ। ਇਸੇ ਤਰ੍ਹਾਂ ਚਰਨ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਕੇਸਰੀ ਬਾਗ ਕਪੂਰਥਲਾ ਨੇ ਦੱਸਿਆ ਕਿ ਉਸ ਨੂੰ 5-6 ਦਿਨ ਤੋਂ ਬੁਖਾਰ ਆ ਰਿਹਾ ਸੀ। ਜਦੋਂ ਉਸ ਨੂੰ ਸਿਵਲ ਹਸਪਤਾਲ 'ਚ ਲਿਆਂਦਾ ਗਿਆ ਤਾਂ ਖੂਨ ਦੀ ਜਾਂਚ ਤੋਂ ਬਾਅਦ ਸਰੀਰ 'ਚ ਸੈੱਲਾਂ ਦੀ ਗਿਣਤੀ 50 ਹਜ਼ਾਰ ਦੱਸੀ ਗਈ।
ਇਸੇ ਤਰ੍ਹਾਂ ਦਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਨਿਵਾਸੀ ਲੱਖਣ ਕਲਾਂ ਕਪੂਰਥਲਾ ਨੂੰ ਬੁਖਾਰ ਹੈ ਅਤੇ ਖੂਨ ਦੀ ਕਮੀ ਸਮੇਤ ਸੈੱਲਾਂ ਦੀ ਗਿਣਤੀ 1 ਲੱਖ 20 ਹਜ਼ਾਰ ਹੈ। ਇਸੇ ਤਰ੍ਹਾਂ ਮੰਦਬੁੱਧੀ ਬੱਚਾ ਜੱਸੂ ਜੋ ਕਈ ਦਿਨਾਂ ਤੋਂ ਸਿਵਲ ਹਸਪਤਾਲ 'ਚ ਇਲਾਜ ਅਧੀਨ ਹੈ ਤੇ ਉਸ ਨੂੰ ਤੇਜ਼ ਬੁਖਾਰ ਦੇ ਨਾਲ ਉਸ ਨੂੰ ਦੌਰੇ ਵੀ ਪੈ ਰਹੇ ਹਨ। ਇਸੇ ਤਰ੍ਹਾਂ ਮਨਜੀਤ ਕੌਰ ਪਤਨੀ ਮੁੱਖਾ ਸਿੰਘ ਨਿਵਾਸੀ ਮਾਰਕਫੈਡ ਚੌਕ ਕਪੂਰਥਲਾ ਦੀ ਖੂਨ ਦੀ ਜਾਂਚ ਕੀਤੀ ਗਈ ਸੈੱਲਾਂ ਦੀ ਗਿਣਤੀ 80 ਹਜ਼ਾਰ ਪਾਈ ਗਈ।  ਇਸੇ ਤਰ੍ਹਾਂ ਮਨਪ੍ਰੀਤ (10 ਮਹੀਨੇ) ਪੁੱਤਰ ਬਲਜੀਤ ਸਿੰਘ ਨਿਵਾਸੀ ਪਿੰਡ ਚੁਗਾਵਾਂ ਕਪੂਰਥਲਾ ਦੇ ਖੂਨ ਦੀ ਜਾਂਚ ਕੀਤੀ ਗਈ ਤਾਂ ਉਸਨੂੰ ਡੇਂਗੂ ਦੱਸਿਆ। ਇਸੇ ਤਰ੍ਹਾਂ ਕੋਮਲ ਪੁੱਤਰੀ ਰਾਜ ਕੁਮਾਰ ਨਿਵਾਸੀ ਕੇਸਰੀ ਬਾਗ ਕਪੂਰਥਲਾ 'ਚ ਖੂਨ ਦੀ ਕਮੀ ਪਾਈ ਗਈ।


Related News