ਬਠਿੰਡਾ ’ਚ 237 ਥਾਵਾਂ ’ਤੇ ਮਿਲਿਆ ਡੇਂਗੂ ਦਾ ਲਾਰਵਾ
Monday, Oct 13, 2025 - 11:35 AM (IST)

ਬਠਿੰਡਾ (ਸੁਖਵਿੰਦਰ) : ਬਠਿੰਡਾ ’ਚ ਪਿਛਲੇ ਕਈ ਸਾਲਾਂ ਤੋਂ ਡੇਂਗੂ ਆਪਣੇ ਪੈਰ ਪਸਾਰ ਰਿਹਾ ਹੈ। ਹਰ ਸਾਲ ਸੈਂਕੜੇ ਡੇਂਗੂ ਮਰੀਜ਼ ਸਾਹਮਣੇ ਆਉਂਦੇ ਹਨ ਅਤੇ ਕੁੱਝ ਦੀ ਮੌਤ ਵੀ ਹੋ ਜਾਂਦੀ ਹੈ। ਇਸ ਦੌਰਾਨ ਬਠਿੰਡਾ ਪ੍ਰਸ਼ਾਸਨ ਸਮੇਂ-ਸਮੇਂ ’ਤੇ ਘਰਾਂ, ਦੁਕਾਨਾਂ, ਸਕੂਲਾਂ, ਦਫਤਰਾਂ ਅਤੇ ਹੋਰ ਸਹੂਲਤਾਂ ਦਾ ਡੇਂਗੂ ਲਾਰਵੇ ਲਈ ਨਿਰੀਖਣ ਕਰਦਾ ਹੈ। ਹੁਣ ਤੱਕ 2025 ’ਚ 237 ਥਾਵਾਂ ’ਤੇ ਡੇਂਗੂ ਲਾਰਵਾ ਮਿਲਿਆ ਹੈ, ਜਿਸ ਨੂੰ ਵਿਭਾਗ ਵਲੋਂ ਨਸ਼ਟ ਕਰ ਦਿੱਤਾ ਗਿਆ ਹੈ। ਇਸ ਦੇ ਬਾਵਜੂਦ ਲੋਕ ਡੇਂਗੂ ਦਾ ਸ਼ਿਕਾਰ ਹੋ ਰਹੇ ਹਨ।
2024 ਅਤੇ 2025 ਦੇ ਸਬੰਧ ’ਚ ਸਰਕਾਰੀ ਰਿਕਾਰਡ ਅਨੁਸਾਰ ਜੁਲਾਈ 2025 ਤੱਕ 522 ਥਾਵਾਂ ’ਤੇ ਡੇਂਗੂ ਲਾਰਵਾ ਮਿਲਿਆ ਹੈ। 2024 ’ਚ 285 ਥਾਵਾਂ ’ਤੇ ਡੇਂਗੂ ਲਾਰਵਾ ਮਿਲਿਆ ਸੀ ਅਤੇ 2025 ਵਿਚ (ਜੁਲਾਈ ਦੇ ਅਖ਼ੀਰ ਤੱਕ), 237 ਥਾਵਾਂ ’ਤੇ ਡੇਂਗੂ ਲਾਰਵਾ ਮਿਲਿਆ ਹੈ। ਇਹ ਜਾਣਕਾਰੀ ਸੰਜੀਵ ਗੋਇਲ ਨੇ ਸਿਹਤ ਵਿਭਾਗ ਤੋਂ ਆਰ. ਟੀ. ਆਈ. ਐਕਟ ਤਹਿਤ ਪ੍ਰਾਪਤ ਕੀਤੀ। ਬਠਿੰਡਾ ਪ੍ਰਸ਼ਾਸਨ ਸਮੇਂ-ਸਮੇਂ ’ਤੇ ਡੇਂਗੂ ਦੀ ਰੋਕਥਾਮ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਲੱਖਾਂ ਰੁਪਏ ਖ਼ਰਚ ਕਰਦਾ ਹੈ, ਫਿਰ ਵੀ ਹਰ ਸਾਲ ਸੈਂਕੜੇ ਡੇਂਗੂ ਦੇ ਮਾਮਲੇ ਸਾਹਮਣੇ ਆਉਂਦੇ ਹਨ। ਨਗਰ ਨਿਗਮ ਡੇਂਗੂ ਨੂੰ ਰੋਕਣ ਲਈ ਫੌਗਿੰਗ ’ਤੇ ਸਾਲਾਨਾ ਲੱਖਾਂ ਰੁਪਏ ਖ਼ਰਚ ਕਰਦਾ ਹੈ। ਬਦਕਿਸਮਤੀ ਨਾਲ ਡੇਂਗੂ ਹਰ ਸਾਲ ਸੈਂਕੜੇ ਲੋਕਾਂ ਨੂੰ ਸੰਕਰਮਿਤ ਕਰਦਾ ਰਹਿੰਦਾ ਹੈ।