ਚੰਡੀਗੜ੍ਹ ''ਚ ਡੇਂਗੂ ਮਰੀਜ਼ਾਂ ਦੀ ਗਿਣਤੀ ਹੋਈ 910, ਮੋਹਾਲੀ ਜ਼ਿਲੇ ''ਚ 1112 ਦੀ ਪੁਸ਼ਟੀ

10/23/2017 9:40:07 AM

ਚੰਡੀਗੜ੍ਹ/ਮੋਹਾਲੀ (ਪਾਲ, ਰਾਣਾ) : ਐਂਟੀ ਮਲੇਰੀਆ ਵਿਭਾਗ ਵਲੋਂ ਐਤਵਾਰ ਨੂੰ 8 ਨਵੇਂ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਇਸਦੇ ਨਾਲ ਹੀ ਸ਼ਹਿਰ 'ਚ ਡੇਂਗੂ ਮਰੀਜ਼ਾਂ ਦੀ ਕੁਲ ਗਿਣਤੀ 910 ਤਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 14 ਮਾਮਲੇ ਸਾਹਮਣੇ ਆਏ ਸਨ। ਪਿਛਲੇ ਦੋ ਦਿਨਾਂ 'ਚ ਡੇਂਗੂ ਦੇ 22 ਮਰੀਜ਼ ਕਨਫਰਮ ਹੋ ਚੁੱਕੇ ਹਨ। ਐਤਵਾਰ ਨੂੰ ਸਵਾਈਨ ਫਲੂ ਦਾ ਨਵਾਂ ਕੋਈ ਮਰੀਜ਼ ਕਨਫਰਮ ਨਹੀਂ ਕੀਤਾ ਗਿਆ ਹੈ। ਹੁਣ ਤਕ ਸ਼ਹਿਰ 'ਚ ਸਵਾਈਨ ਫਲੂ ਦੇ 53 ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 6 ਵਿਅਕਤੀਆਂ ਦੀ ਮੌਤ ਇਸ ਵਾਇਰਸ ਕਾਰਨ ਹੋਈ ਹੈ।
ਉਥੇ ਹੀ ਮੋਹਾਲੀ ਜ਼ਿਲੇ ਵਿਚ ਹੁਣ ਤਕ 1112 ਡੇਂਗੂ ਦੇ ਕੇਸ ਸਾਹਮਣੇ ਆ ਚੁੱਕੇ ਹਨ ਤੇ ਕਈ ਲੋਕ ਡੇਂਗੂ ਨਾਲ ਆਪਣੀ ਜਾਨ ਵੀ ਗੁਆ ਚੁੱਕੇ ਹਨ। ਦੂਜੇ ਪਾਸੇ ਸਿਹਤ ਵਿਭਾਗ ਤੇ ਨਗਰ ਨਿਗਮ ਵਲੋਂ ਡੇਂਗੂ ਨਾਲ ਨਜਿੱਠਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨਾਕਾਮ ਸਾਬਿਤ ਹੋ ਰਹੀਆਂ ਹਨ । ਜਾਣਕਾਰੀ ਮੁਤਾਬਕ ਡੇਂਗੂ ਨਾਲ ਨਜਿੱਠਣ ਲਈ ਭਾਵੇਂ ਪ੍ਰਸ਼ਾਸਨ ਤੇ ਸਿਹਤ ਵਿਭਾਗ ਨੇ ਸ਼ੁਰੂ ਤੋਂ ਹੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਸਨ ਪਰ ਫਿਰ ਵੀ ਉਸ ਹਿਸਾਬ ਨਾਲ ਸਫਲਤਾ ਨਹੀਂ ਮਿਲ ਸਕੀ ਹੈ । ਨਗਰ ਨਿਗਮ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਡੇਂਗੂ ਨਾਲ ਨਜਿੱਠਣ ਦੇ ਤਰੀਕੇ ਵਾਲੇ ਬੋਰਡ ਵੀ ਲਵਾਏ ਹਨ ।
ਇਸ ਤੋਂ ਇਲਾਵਾ ਫੌਗਿੰਗ ਵੀ ਕਰਵਾਈ ਜਾ ਰਹੀ ਹੈ ਪਰ ਉਸ ਦੇ ਉੱਚਿਤ ਨਤੀਜੇ ਸਾਹਮਣੇ ਨਹੀਂ ਆ ਰਹੇ । ਫੌਗਿੰਗ 'ਤੇ ਸ਼ੁਰੂ ਤੋਂ ਸਵਾਲ ਚੁੱਕੇ ਜਾ ਰਹੇ ਹਨ । ਕੁਝ ਕੌਂਸਲਰਾਂ ਨੇ ਤਾਂ ਬਾਕਾਇਦਾ ਆਪਣੇ ਖੇਤਰਾਂ ਵਿਚ ਹੋ ਰਹੀ ਫੌਗਿੰਗ 'ਤੇ ਵੀ ਸਵਾਲ ਚੁੱਕੇ ਸਨ । ਉਨ੍ਹਾਂ ਨੇ ਇਸ ਸਬੰਧੀ ਵੀਡੀਓ ਬਣਾ ਕੇ ਵੀ ਅਧਿਕਾਰੀਆਂ ਨੂੰ ਭੇਜੀਆਂ ਹਨ, ਜਿਸ ਵਿਚ ਵਿਖਾਇਆ ਗਿਆ ਹੈ ਕਿ ਵਿਭਾਗ ਦੀਆਂ ਮਸ਼ੀਨਾਂ ਉੱਚਿਤ ਢੰਗ ਨਾਲ ਕੰਮ ਨਹੀਂ ਕਰ ਰਹੀਆਂ ਹਨ । ਫੌਗਿੰਗ ਕਰਨ ਵਾਲੀਆਂ ਮਸ਼ੀਨਾਂ ਬੰਦ ਹੀ ਰਹਿੰਦੀਆਂ ਹਨ । ਬੀ. ਜੇ. ਪੀ. ਕੌਂਸਲਰ ਅਰੁਣ ਸ਼ਰਮਾ ਤੇ ਅਸ਼ੋਕ ਝਾਅ ਨੇ ਦੱਸਿਆ ਕਿ ਇਲਾਕੇ ਵਿਚ ਫੌਗਿੰਗ ਉੱਚਿਤ ਤਰੀਕੇ ਨਾਲ ਨਹੀਂ ਹੋ ਰਹੀ । ਦਵਾਈ ਉਸ ਹਿਸਾਬ ਨਾਲ ਕੰਮ ਨਹੀਂ ਕਰ ਰਹੀ ਤੇ ਇਸ ਮਾਮਲੇ ਨੂੰ ਲੈ ਕੇ ਜਲਦੀ ਹੀ ਉਹ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ, ਕਿਉਂਕਿ ਲੋਕਾਂ ਦੀ ਸੁਰੱਖਿਆ ਪ੍ਰਮੁੱਖ ਹੈ ।ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਮੋਹਾਲੀ ਵਿਚ ਸਭ ਤੋਂ ਜ਼ਿਆਦਾ ਡੇਂਗੂ ਦੇ ਕੇਸ ਸਾਹਮਣੇ ਆਏ ਸਨ । ਇਸ ਤੋਂ ਬਾਅਦ ਵਿਭਾਗ ਸ਼ੁਰੂ ਤੋਂ ਕਾਫੀ ਅਲਰਟ ਹੋ ਕੇ ਚੱਲ ਰਿਹਾ ਸੀ ।


Related News