''ਡੇਂਗੂ'' ਦਾ ਲਾਰਵਾ ਮਿਲਣ ''ਤੇ ਹੋਵੇਗਾ ਜੁਰਮਾਨਾ, ਟੀਮਾਂ ਨੇ ਕੀਤਾ ਘਰਾਂ ਦਾ ਸਰਵੇ
Wednesday, Apr 27, 2022 - 11:51 AM (IST)
ਮੋਹਾਲੀ/ਡੇਰਾਬੱਸੀ, (ਪਰਦੀਪ, ਜ. ਬ.) : ਡਾ. ਸੰਗੀਤਾ ਜੈਨ ਸੀਨੀਅਰ ਮੈਡੀਕਲ ਅਫ਼ਸਰ ਸਬ-ਡਵੀਜ਼ਨਲ ਹਸਪਤਾਲ ਡੇਰਾਬੱਸੀ ਦੀ ਅਗਵਾਈ ਹੇਠ ਅਤੇ ਨਗਰ ਕੌਂਸਲ ਡੇਰਾਬੱਸੀ ਦੇ ਸਹਿਯੋਗ ਨਾਲ ਗਠਿਤ ਕੀਤੀਆਂ ਡੇਂਗੂ ਸਰਵੇ ਟੀਮਾਂ ਵਲੋਂ ਸਾਂਝੀ ਮੁਹਿੰਮ ਤਹਿਤ ਡੇਰਾਬੱਸੀ ਦੇ ਸ਼ਕਤੀ ਨਗਰ ਦੇ ਘਰਾਂ ਦਾ ਡੇਂਗੂ ਸਰਵੇ ਕੀਤਾ ਗਿਆ। ਟੀਮਾਂ ਨੇ 201 ਘਰਾਂ ਦਾ ਸਰਵੇ ਕੀਤਾ। ਸਰਵੇ ਦੌਰਾਨ 670 ਕੰਟੇਨਰ ਚੈੱਕ ਕੀਤੇ ਗਏ। ਇਕ ਘਰ ਦੇ ਕੰਟੇਨਰ ਵਿਚੋਂ ਡੇਂਗੂ ਦਾ ਲਾਰਵਾ ਮਿਲਿਆ, ਜਿਸ ਦਾ ਮੌਕੇ ’ਤੇ ਹੀ 100 ਰੁਪਏ ਦਾ ਚਲਾਨ ਕੀਤਾ ਗਿਆ।
ਟੀਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਵਿਚ ਸਟੋਰ ਕੀਤੇ ਪਾਣੀ ਨੂੰ ਢੱਕ ਕੇ ਰੱਖਿਆ ਜਾਵੇ। ਡੇਂਗੂ ਅਤੇ ਮਲੇਰੀਆ ਦਾ ਮੱਛਰ ਸਾਫ਼ ਖੜ੍ਹੇ ਪਾਣੀ ਵਿਚ ਪੈਂਦਾ ਹੁੰਦਾ ਹੈ। ਇਸ ਲਈ ਖੜ੍ਹੇ ਪਾਣੀ ਵਿਚ ਕਾਲਾ ਸੜਿਆ ਹੋਇਆ ਤੇਲ ਪਾਇਆ ਜਾਵੇ। ਟੀਮ ਨੇ ਸਰਕਾਰੀ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਕਿਤੇ ਵੀ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਸੰਸਥਾ ਦੇ ਮੁਖੀ ਤੋਂ ਜੁਰਮਾਨਾ ਵਸੂਲਿਆ ਜਾਵੇਗਾ। ਇਸ ਮੌਕੇ ਰਜਿੰਦਰ ਸਿੰਘ ਹੈਲਥ ਇੰਸਪੈਕਟਰ ਅਤੇ ਸਿਹਤ ਕਰਮਚਾਰੀ ਦਲਜੀਤ ਸਿੰਘ ਆਦਿ ਹਾਜ਼ਰ ਸਨ।