ਸਰਕਾਰੀ ਹਸਪਤਾਲ ''ਚ ਦਾਖਲ ਮਰੀਜ਼ ਬਾਹਰੋਂ ਦਵਾਈਆਂ ਲੈਣ ਲਈ ਮਜਬੂਰ
Sunday, Oct 29, 2017 - 06:28 AM (IST)
ਸੰਗਰੂਰ(ਵਿਵੇਕ ਸਿੰਧਵਾਨੀ, ਯਾਦਵਿੰਦਰ)- ਸ਼ਹਿਰ ਸੰਗਰੂਰ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 'ਚ ਦਿਨੋ-ਦਿਨ ਵਾਧਾ ਹੋ ਰਿਹਾ ਹੈ ਅਤੇ ਸਰਕਾਰੀ ਪੱਧਰ 'ਤੇ ਡੇਂਗੂ ਨੂੰ ਰੋਕਣ ਦੇ ਪ੍ਰਬੰਧ ਥੋੜ੍ਹੇ ਪੈ ਰਹੇ ਹਨ। ਸਰਕਾਰੀ ਹਸਪਤਾਲਾਂ 'ਚ ਯੋਗ ਪ੍ਰਬੰਧਾਂ ਦੀ ਘਾਟ ਕਾਰਨ ਡੇਂਗੂ ਦੇ ਮਰੀਜ਼ ਬਾਹਰੋਂ ਪ੍ਰਾਈਵੇਟ ਹਸਪਤਾਲਾਂ 'ਚੋਂ ਇਲਾਜ ਕਰਵਾਉਣ ਨੂੰ ਪਹਿਲ ਦੇ ਰਹੇ ਹਨ। ਸਰਕਾਰੀ ਤੌਰ 'ਤੇ ਚਾਹੇ ਜ਼ਿਲੇ ਵਿਚ ਕਰੀਬ ਸਵਾ 200 ਡੇਂਗੂ ਦੇ ਮਰੀਜ਼ ਹੋਣ ਦੀ ਪੁਸ਼ਟੀ ਹੋਈ ਹੈ ਪਰ ਸੂਤਰਾਂ ਅਨੁਸਾਰ ਜ਼ਿਲੇ ਵਿਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਸੈਂਕੜਿਆਂ 'ਚ ਨਹੀਂ ਹਜ਼ਾਰਾਂ ਵਿਚ ਹੈ।
ਸਿਰਫ ਡੇਂਗੂ ਵਾਰਡ ਬਣਾ ਕੇ ਸੁਰਖਰੂ ਹੋਇਆ ਸਿਹਤ ਵਿਭਾਗ
ਜ਼ਿਲੇ 'ਚ ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕੇ ਡੇਂਗੂ ਦੇ ਮਰੀਜ਼ਾਂ ਲਈ ਸਿਹਤ ਵਿਭਾਗ ਸਿਵਲ ਹਸਪਤਾਲ ਵਿਚ ਇਕ ਡੇਂਗੂ ਵਾਰਡ ਬਣਾ ਕੇ ਸੁਰਖਰੂ ਹੋ ਗਿਆ ਲੱਗਦਾ ਹੈ। ਇਥੇ ਆਏ ਮਰੀਜ਼ਾਂ ਨੂੰ ਬੈੱਡ ਤਾਂ ਜ਼ਰੂਰ ਮਿਲ ਜਾਂਦੇ ਹਨ ਪਰ ਇਲਾਜ ਲਈ ਜ਼ਿਆਦਾਤਰ ਦਵਾਈਆਂ ਬਾਹਰੋਂ ਹੀ ਲਿਆਉਣੀਆਂ ਪੈਂਦੀਆਂ ਹਨ। ਅੱਜ ਜਦੋਂ 'ਜਗ ਬਾਣੀ' ਦੀ ਟੀਮ ਨੇ ਡੇਂਗੂ ਦੇ ਮਰੀਜ਼ਾਂ ਨਾਲ ਸਿਵਲ ਹਸਪਤਾਲ ਵਿਚ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਕ-ਦੋ ਹੀ ਦਵਾਈਆਂ ਸਾਨੂੰ ਹਸਪਤਾਲ ਵਿਚ ਮਿਲਦੀਆਂ ਹਨ। ਬਾਕੀ ਸਾਰੀਆਂ ਦਵਾਈਆਂ ਬਾਹਰੋਂ ਲਿਆਉਣੀਆਂ ਪੈਂਦੀਆਂ ਹਨ। ਸਿੰਗਲ ਡੋਨਰ ਪਲੇਟਲੈੱਟਸ ਮਸ਼ੀਨ ਵੀ ਨਹੀਂ ਆਈ ਹੁਸ਼ਿਆਰਪੁਰ ਤੋਂ ਵਾਪਸ
ਡੇਂਗੂ ਦੇ ਮਰੀਜ਼ਾਂ ਲਈ ਇਥੇ ਮੌਜੂਦ ਸਿੰਗਲ ਡੋਨਰ ਪਲੇਟਲੈੱਟਸ ਮਸ਼ੀਨ ਨੂੰ 4 ਵਰ੍ਹੇ ਪਹਿਲਾਂ ਹੁਸ਼ਿਆਰਪੁਰ ਭੇਜ ਦਿੱਤਾ ਗਿਆ ਸੀ, ਜੋ ਅਜੇ ਤੱਕ ਵਾਪਸ ਨਹੀਂ ਮੰਗਵਾਈ ਗਈ। ਇਹ ਮਸ਼ੀਨ, ਜੋ ਕਿ ਡੋਨਰ ਵਿਚੋਂ ਪਲੇਟਲੈੱਟਸ ਸੈੱਲ ਕੱਢ ਕੇ ਮਰੀਜ਼ ਵਿਚ ਪਾ ਕੇ ਸੈੱਲ ਪੂਰੇ ਕਰਨ ਦਾ ਕੰਮ ਕਰਦੀ ਹੈ ਅਤੇ ਇਕ ਵਾਰ ਵਿਚ ਇਸ ਮਸ਼ੀਨ ਵੱਲੋਂ 40 ਹਜ਼ਾਰ ਸੈੱਲ ਕੱਢ ਕੇ ਪਾਏ ਜਾ ਸਕਦੇ ਹਨ ਪਰ ਇਹ ਮਸ਼ੀਨ ਹੁਣ ਇਥੇ ਨਾ ਹੋਣ ਕਾਰਨ ਡੇਂਗੂ ਦੇ ਮਰੀਜ਼ਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਿਵਲ ਹਸਪਤਾਲ ਖੁਦ ਦੇ ਰਿਹੈ ਡੇਂਗੂ ਨੂੰ ਸੱਦਾ
ਡੇਂਗੂ ਤੋਂ ਬਚਣ ਲਈ ਲੋਕਾਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ ਰੱਖਣ ਦੀ ਨਸੀਹਤ ਦੇਣ ਵਾਲੇ ਸਿਵਲ ਹਸਪਤਾਲ ਵਿਚ ਸਫਾਈ ਪ੍ਰਬੰਧਾਂ ਦਾ ਬੁਰਾ ਹਾਲ ਹੈ। ਹਸਪਤਾਲ ਦੀ ਐਮਰਜੈਂਸੀ ਦੇ ਪਿੱਛੇ ਨਾਲੀਆਂ ਵਿਚਲਾ ਗੰਦਾ ਪਾਣੀ ਡੇਂਗੂ ਦੇ ਮੱਛਰਾਂ ਨੂੰ ਸੱਦਾ ਦੇ ਰਿਹਾ ਹੈ। ਇਸ ਤੋਂ ਇਲਾਵਾ ਕਈ ਥਾਵਾਂ 'ਤੇ ਪਾਣੀ ਵੀ ਖੜ੍ਹਾ ਹੈ। ਇਥੇ ਰੱਖੇ ਕੂਲਰਾਂ ਵਿਚ ਚਾਹੇ ਪਾਣੀ ਨਹੀਂ ਸੀ ਪਰ ਮੱਛਰਾਂ ਦੀ ਭਰਮਾਰ ਦੇਖਣ ਨੂੰ ਮਿਲੀ।
ਡੇਂਗੂ ਨਾਲ ਨਹੀਂ ਹੋਈ ਕੋਈ ਮੌਤ : ਨੋਡਲ ਅਫਸਰ
ਜਦੋਂ ਇਸ ਸਬੰਧੀ ਨੋਡਲ ਅਫਸਰ ਉਪਾਸਨਾ ਬਿੰਦਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ 3 ਵਰ੍ਹਿਆਂ ਵਿਚ ਡੇਂਗੂ ਨਾਲ ਕੋਈ ਮੌਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਦਵਾਈਆਂ ਦਾ ਪੂਰਾ ਪ੍ਰਬੰਧ ਹੈ। ਅੱਜ ਤੱਕ 229 ਡੇਂਗੂ ਦੇ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ।
ਲੋਕਾਂ ਵਿਚ ਡੇਂਗੂ ਦਾ ਡਰ ਜ਼ਿਆਦਾ : ਸਿਵਲ ਸਰਜਨ
ਇਸ ਸਬੰਧੀ ਸਿਵਲ ਸਰਜਨ ਡਾ. ਕਿਰਨਜੀਤ ਕੌਰ ਬਾਲੀ ਨੇ ਕਿਹਾ ਕਿ ਲੋਕਾਂ ਵਿਚ ਡੇਂਗੂ ਦਾ ਡਰ ਜ਼ਿਆਦਾ ਹੈ। ਜਦੋਂ ਕਿ ਇਸ ਸਬੰਧੀ ਜਾਗਰੂਕ ਹੋਣ ਦੀ ਜ਼ਰੂਰਤ ਹੈ। ਮਰੀਜ਼ਾਂ ਨੂੰ ਪੂਰੀਆਂ ਦਵਾਈਆਂ ਨਾ ਮਿਲਣ ਸਬੰਧੀ ਉਨ੍ਹਾਂ ਕਿਹਾ ਕਿ ਡੇਂਗੂ ਦੇ ਮਰੀਜ਼ਾਂ ਨੂੰ ਜ਼ਿਆਦਾਤਰ ਪੈਰਾਸਿਟਾਮੋਲ ਦਵਾਈ ਦੀ ਹੀ ਜ਼ਰੂਰਤ ਹੈ ਅਤੇ ਉਹ ਹਸਪਤਾਲ ਵਿਚ ਉਪਲੱਬਧ ਹੈ। ਸਿੰਗਲ ਡੋਨਰ ਪਲੇਟਲੈੱਟਸ ਮਸ਼ੀਨ ਸਬੰਧੀ ਉਨ੍ਹਾਂ ਕਿਹਾ ਕਿ ਉਹ ਮਸ਼ੀਨ ਐਕਸਪਾਇਰ ਹੋ ਚੁੱਕੀ ਹੈ ਅਤੇ ਜਦੋਂ ਵਿਭਾਗ ਨਵੀਂ ਮਸ਼ੀਨ ਖਰੀਦੇਗਾ ਤਾਂ ਸਥਾਨਕ ਹਸਪਤਾਲ ਵਿਚ ਵੀ ਆਵੇਗੀ। ਹਸਪਤਾਲ ਵਿਚ ਸਫਾਈ ਪ੍ਰਬੰਧਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਖੁਦ ਇਸ ਨੂੰ ਦੇਖਣਗੇ।
