ਬਸੰਤ ਮੌਕੇ ਸਰਕਾਰੀ ਛੁੱਟੀ ਹੋਵੇਗੀ ਜਾਂ ਨਹੀਂ ! ਪੜ੍ਹੋ ਪੂਰੀ ਖ਼ਬਰ
Tuesday, Jan 20, 2026 - 07:52 PM (IST)
ਨੈਸ਼ਨਲ ਡੈਸਕ : ਬਸੰਤ ਪੰਚਮੀ ਦਾ ਤਿਉਹਾਰ ਭਾਰਤ 'ਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਖ਼ਾਸ ਕਰ ਕੇ ਉੱਤਰੀ ਭਾਰਤ ਵਿੱਚ ਇਸ ਦਿਨ ਪੀਲੇ ਕੱਪੜੇ ਪਹਿਨਣ ਤੇ ਪਤੰਗਬਾਜ਼ੀ ਦਾ ਵਿਸ਼ੇਸ਼ ਮਹੱਤਵ ਹੈ। ਇਸ ਵਾਰ ਲੋਕਾਂ ਦੇ ਮਨਾਂ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਬਸੰਤ ਪੰਚਮੀ ਦੇ ਮੌਕੇ 'ਤੇ ਸਰਕਾਰੀ ਛੁੱਟੀ ਹੋਵੇਗੀ ਜਾਂ ਨਹੀਂ। ਇਸ ਸਬੰਧੀ ਪੰਜਾਬ ਤੇ ਗੁਆਂਢੀ ਰਾਜ ਰਾਜਸਥਾਨ ਦੇ ਹਾਲਾਤ ਕੁਝ ਇਸ ਤਰ੍ਹਾਂ ਹਨ।
ਜਾਣਕਾਰੀ ਅਨੁਸਾਰ ਪੰਜਾਬ 'ਚ ਸ਼ੁੱਕਰਵਾਰ ਯਾਨੀ 23 ਜਨਵਰੀ ਨੂੰ ਰਾਖਵੀਂ ਛੁੱਟੀ ਰਹੇਗੀ। ਸਾਲ 2026 ਦੇ ਛੁੱਟੀਆਂ ਦੇ ਅਧਿਕਾਰਤ ਕੈਲੰਡਰ ਮੁਤਾਬਕ ਇਸ ਦਿਨ ਬਸੰਤ ਪੰਚਮੀ ਤੇ ਸਤਿਗੁਰੂ ਰਾਮ ਸਿੰਘ ਜੀ ਦਾ ਜਨਮ ਦਿਹਾੜਾ ਹੈ, ਜਿਸ ਦੇ ਚੱਲਦੇ ਪੰਜਾਬ ਵਿਚ ਰਾਖਵੀਂ ਛੁੱਟੀ ਐਲਾਨੀ ਗਈ ਹੈ। ਦੂਜੇ ਪਾਸੇ ਰਾਜਸਥਾਨ ਦੇ ਭਰਤਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਰਕਾਰੀ ਛੁੱਟੀਆਂ ਦੀ ਸੂਚੀ 'ਚ ਇੱਕ ਵੱਡਾ ਬਦਲਾਅ ਕੀਤਾ ਹੈ। ਭਰਤਪੁਰ ਜ਼ਿਲ੍ਹਾ ਕੁਲੈਕਟਰ ਕਮਰ ਚੌਧਰੀ ਨੇ 23 ਜਨਵਰੀ (ਬਸੰਤ ਪੰਚਮੀ) ਦੀ ਸਥਾਨਕ ਛੁੱਟੀ ਰੱਦ ਕਰਦੇ ਹੋਏ ਇੱਕ ਨਵਾਂ ਆਦੇਸ਼ ਜਾਰੀ ਕੀਤਾ ਹੈ। ਪ੍ਰਸ਼ਾਸਨ ਦੇ ਫੈਸਲੇ ਤੋਂ ਬਾਅਦ ਜ਼ਿਲ੍ਹੇ ਦੇ ਸਾਰੇ ਸਰਕਾਰੀ ਦਫ਼ਤਰ ਤੇ ਵਿਦਿਅਕ ਸੰਸਥਾਵਾਂ ਉਸ ਦਿਨ ਆਮ ਵਾਂਗ ਖੁੱਲ੍ਹੀਆਂ ਰਹਿਣਗੀਆਂ।
ਛੁੱਟੀਆਂ ਰੱਦ ਕਰਨ ਦਾ ਮੁੱਖ ਕਾਰਨ
ਪ੍ਰਸ਼ਾਸਨ ਨੇ ਇਸ ਬਦਲਾਅ ਦਾ ਕਾਰਨ "ਪ੍ਰਸ਼ਾਸਕੀ ਕੰਮ" ਦੱਸਿਆ। 23 ਜਨਵਰੀ ਨੂੰ ਹਰੇਕ ਗਿਰਦਾਵਰ ਸਰਕਲ 'ਤੇ ਇੱਕ ਦਿਨ ਦਾ ਵਿਸ਼ੇਸ਼ ਕੈਂਪ ਤੈਅ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਨੇ ਪਹਿਲਾਂ ਹੀ ਸਕੂਲਾਂ ਵਿੱਚ "ਮੈਗਾ ਪੀਟੀਐਮ," "ਨਿਪੁਣ ਮੇਲਾ" ਤੇ "ਕ੍ਰਿਸ਼ਨ ਭੋਗ" ਵਰਗੇ ਮਹੱਤਵਪੂਰਨ ਪ੍ਰੋਗਰਾਮਾਂ ਦਾ ਸਮਾਂ ਪਹਿਲਾਂ ਹੀ ਤੈਅ ਕਰ ਲਿਆ ਸੀ। ਛੁੱਟੀ ਹੋਣ ਕਾਰਨ ਇਨ੍ਹਾਂ ਸਰਕਾਰੀ ਪ੍ਰੋਗਰਾਮਾਂ ਦੇ ਸੰਚਾਲਨ ਨੂੰ ਲੈ ਕੇ ਅਧਿਆਪਕਾਂ ਅਤੇ ਅਧਿਕਾਰੀਆਂ ਵਿੱਚ ਭੰਬਲਭੂਸਾ ਸੀ, ਜਿਸ ਬਾਰੇ ਹੁਣ ਸਪੱਸ਼ਟ ਕਰ ਦਿੱਤਾ ਗਿਆ ਹੈ।
ਨਵੀਂ ਛੁੱਟੀ ਦਾ ਐਲਾਨ ਕਦੋਂ ਕੀਤਾ ਜਾਵੇਗਾ?
23 ਜਨਵਰੀ ਦੀ ਛੁੱਟੀ ਦੇ ਬਦਲੇ ਜ਼ਿਲ੍ਹਾ ਪ੍ਰਸ਼ਾਸਨ ਨੇ 14 ਸਤੰਬਰ, 2026 ਨੂੰ ਛੁੱਟੀ ਦਾ ਐਲਾਨ ਕਰਨ ਦਾ ਫੈਸਲਾ ਕੀਤਾ ਹੈ। ਇਹ ਦਿਨ ਗਣੇਸ਼ ਚਤੁਰਥੀ ਦੇ ਮੌਕੇ 'ਤੇ ਪੂਰੇ ਭਰਤਪੁਰ ਜ਼ਿਲ੍ਹੇ ਵਿੱਚ ਸਥਾਨਕ ਜਨਤਕ ਛੁੱਟੀ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
