ਏਮਜ਼ ਤੇ ਆਈ. ਸੀ. ਐੱਮ. ਆਰ. ਨੇ ਕੀਤੀ ਰਿਸਰਚ 35 ਫੀਸਦੀ ਕੇਸਾਂ ਦੀ ਰਿਪੋਰਟ ਕਰਦਾ ਹੈ ਸਿਹਤ ਵਿਭਾਗ

Sunday, Oct 29, 2017 - 02:39 AM (IST)

ਲੁਧਿਆਣਾ(ਸਹਿਗਲ)- ਡੇਂਗੂ ਬੁਖਾਰ ਦੇ ਕੇਸ ਸਿਹਤ ਵਿਭਾਗ ਵੱਲੋਂ ਰਿਪੋਰਟ ਕੀਤੇ ਗਏ ਕੇਸਾਂ ਤੋਂ ਕਈ ਗੁਣਾ ਵੱਧ ਹੁੰਦੇ ਹਨ, ਜਦੋਂਕਿ ਨੈਸ਼ਨਲ ਬੈਕਟਰ ਬੋਰਨ ਡਿਸੀਜ਼ਿਜ਼ ਕੰਟਰੋਲ ਪ੍ਰੋਗਰਾਮ ਤਹਿਤ ਮੁਹੱਈਆ ਕਲੀਨਿਕਲ ਡਾਟਾ ਤੋਂ ਸਿਰਫ 35 ਫੀਸਦੀ ਡੇਂਗੂ ਦੇ ਕੇਸਾਂ ਨੂੰ ਉਜਾਗਰ ਕਰਦਾ ਹੈ। ਘੱਟ ਅੰਕੜਿਆਂ ਦੀ ਰਿਪੋਰਟ ਤੋਂ ਸਰਕਾਰ ਡੇਂਗੂ ਦੀ ਸਥਿਤੀ 'ਤੇ ਸਹੀ ਫੈਸਲੇ ਲੈਣ ਵਿਚ ਅਸਫਲ ਰਹਿੰਦੀ ਹੈ। ਆਲ ਇੰਡੀਆ ਮੈਡੀਕਲ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੀ ਸਾਂਚੀ ਰਿਸਰਚ ਤੋਂ ਇਹ ਅਹਿਮ ਖੁਲਾਸਾ ਹੋਇਆ ਹੈ। ਇਹ ਗੈਰ-ਵਿਵਸਥਾ ਸਾਰੇ ਦੇਸ਼ ਵਿਚ ਪਾਈ ਗਈ ਹੈ। ਇਹੀ ਕਾਰਨ ਹੈ ਕਿ ਘੱਟ ਦਰਸਾਏ ਗਏ ਅੰਕੜਿਆਂ ਕਾਰਨ ਲੋਕ ਬਚਾਅ ਕਾਰਜ ਕਰਨ 'ਚ ਸਫਲ ਨਹੀਂ ਹੁੰਦੇ ਅਤੇ ਡੇਂਗੂ ਦੀ ਵੈਕਸੀਨ ਦੇ ਖੋਜ ਕਾਰਜਾਂ ਵਿਚ ਵੀ ਸੁਸਤੀ ਆਉਂਦੀ ਹੈ। ਜਰਨਲ ਆਫ ਇਨਫੈਕਸ਼ਨ ਐਂਡ ਪਬਲਿਕ ਹੈਲਥ ਦੇ ਤਾਜ਼ਾ ਅੰਕ 'ਚ ਪ੍ਰਕਾਸ਼ਿਤ ਉਕਤ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਡੇਂਗੂ ਦੇ ਹਰ ਕੇਸ ਦੀ ਰਿਪੋਰਟ ਨੂੰ ਸਿਹਤ ਵਿਭਾਗ ਨੂੰ ਦੇਣਾ ਯਕੀਨੀ ਬਣਾਇਆ ਜਾਵੇ। ਇਸ ਲਈ ਇਲੈਕਟ੍ਰੋਨਿਕ ਰਿਪੋਰਟਿੰਗ ਦੀ ਵੀ ਵਿਵਸਥਾ ਹੋਵੇ। ਇਸ ਸਿਲਸਿਲੇ ਵਿਚ ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਡਾ ਨੇ ਮੰਗਲਵਾਰ ਨੂੰ ਸਾਰੇ ਸੂਬਿਆਂ ਨੂੰ ਡੇਂਗੂ ਨੂੰ ਨੋਟੀਫਾਈਏਬਲ ਡਿਸੀਜ਼ਿਜ਼ ਐਲਾਨਣ ਨੂੰ ਕਿਹਾ ਹੈ। ਧਿਆਨਦੇਣ ਯੋਗ ਹੈ ਕਿ ਇਸ ਸਿਲਸਿਲੇ ਵਿਚ ਪੰਜਾਬ 'ਚ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਪਰ ਸਿਹਤ ਵਿਭਾਗ ਦੇ ਰਵੱਈਏ ਕਾਰਨ ਕਈ ਹਸਪਤਾਲ ਵੀ ਡੇਂਗੂ ਦੇ ਕੇਸ ਵਿਚ ਰਿਪੋਰਟ ਕਰਨ ਤੋਂ ਕਤਰਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਡੇਂਗੂ ਪਾਜ਼ੇਟਿਵ ਆਉਣ ਦੇ ਮਾਮਲੇ ਵਿਚ ਇੰਨੇ ਸਵਾਲ ਤੇ ਇਤਰਾਜ਼ ਕਰਦਾ ਹੈ ਕਿ ਉਨ੍ਹਾਂ ਨੂੰ ਕਹਿਣਾ ਪੈਂਦਾ ਹੈ ਕਿ ਇਹ ਡੇਂਗੂ ਨਹੀਂ, ਵਾਇਰਲ ਦਾ ਕੇਸ ਹੈ। ਅਜਿਹੇ 'ਚ ਉਹ ਕਿਉਂ ਰਿਪੋਰਟਿੰਗ ਕਰਨ।
ਕੇਸ ਲੁਕਾਉਣ ਨਾਲ ਹੁੰਦੇ ਹਨ ਹਾਲਾਤ ਭਿਆਨਕ : ਮਾਹਿਰ
ਮਾਹਿਰਾਂ ਦਾ ਮੰਨਣਾ ਹੈ ਕਿ ਡੇਂਗੂ ਦੇ ਕੇਸ ਲੁਕਾਉਣ ਨਾਲ ਸਥਿਤੀ ਵਿਗੜਦੀ ਹੈ ਤੇ ਹਾਲਾਤ ਭਿਆਨਕ ਹੋ ਕੇ ਮਹਾਮਾਰੀ ਵਾਲੇ ਬਣ ਜਾਂਦੇ ਹਨ ਕਿਉਂਕਿ 65 ਫੀਸਦੀ ਕੇਸਾਂ 'ਚ ਸਿਹਤ ਵਿਭਾਗ ਫੋਕਲ ਸਪਰੇਅ ਤੇ ਬਚਾਅ ਕਾਰਜ ਨਹੀਂ ਕਰਦਾ। ਮਸਲੇ ਵਜੋਂ ਜ਼ਿਲੇ ਵਿਚ 3000 ਦੇ ਕਰੀਬ ਕੇਸ ਸਾਹਮਣੇ ਆਉਣ 'ਤੇ 329 ਡੇਂਗੂ ਦੇ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਤੇ ਗਾਈਡਲਾਈਨਜ਼ ਮੁਤਾਬਕ 329 ਮਰੀਜ਼ਾਂ ਦੇ ਘਰਾਂ ਸਮੇਤ ਆਲੇ-ਦੁਆਲੇ ਦੇ 20 ਘਰਾਂ ਵਿਚ ਸਪਰੇਅ ਕੀਤੀ ਗਈ ਤਾਂ ਕਿ ਬੀਮਾਰੀ ਨਾ ਫੈਲੇ ਪਰ 2671 ਮਰੀਜ਼ਾਂ ਦੇ ਕੇਸਾਂ ਵਿਚ ਅਜਿਹਾ ਨਹੀਂ ਕੀਤਾ ਗਿਆ। ਇਸ ਨਾਲ ਬੀਮਾਰੀ ਫੈਲਣ ਦੀ ਉਮੀਦ ਕਈ ਸੌ ਗੁਣਾ ਵੱਧ ਗਈ ਤੇ ਅਜਿਹਾ ਹੋਇਆ ਵੀ, ਜਿਸ ਨਾਲ ਲੁਧਿਆਣਾ ਵਿਚ ਹਾਲਾਤ ਮਹਾਮਾਰੀ ਵਾਲੇ ਬਣੇ ਅਤੇ ਹਸਪਤਾਲਾਂ 'ਚ ਹਾਊਸਫੁਲ ਦੀ ਸਥਿਤੀ ਬਣੀ ਹੋਈ ਹੈ।
ਹਸਪਤਾਲਾਂ ਦੀ ਰਿਪੋਰਟ 'ਚ ਹੁੰਦੀ ਹੈ ਕਾਂਟ-ਛਾਂਟ
ਕ੍ਰਾਸ ਚੈਕਿੰਗ ਦੇ ਨਾਂ 'ਤੇ ਸਿਹਤ ਵਿਭਾਗ ਹਸਪਤਾਲਾਂ ਦੀ ਰਿਪੋਰਟ ਦੀ ਕਾਂਟ-ਛਾਂਟ ਕਰ ਦਿੰਦਾ ਹੈ। ਉਦਾਹਰਣ ਵਜੋਂ ਸਿਹਤ ਵਿਭਾਗ ਨੇ ਲੁਧਿਆਣਾ ਵਿਚ 652 ਵਿਅਕਤੀਆਂ ਵਿਚ ਡੇਂਗੂ ਦੀ ਪੁਸ਼ਟੀ ਕੀਤੀ ਹੈ, ਜਿਨ੍ਹਾਂ 'ਚੋਂ 388 ਲੁਧਿਆਣਾ ਦੇ ਰਹਿਣ ਵਾਲੇ ਹਨ, ਜਦੋਂਕਿ ਇਕੱਲੇ ਦਯਾਨੰਦ ਹਸਪਤਾਲ ਹੀ 1850 ਤੋਂ ਵੱਧ ਮਰੀਜ਼ਾਂ ਵਿਚ ਡੇਂਗੂ ਦੀ ਪੁਸ਼ਟੀ ਕਰ ਚੁੱਕਾ ਹੈ। ਜ਼ਿਲੇ ਵਿਚ ਡੇਂਗੂ ਦੇ 3000 ਦੇ ਕਰੀਬ ਮਰੀਜ਼ ਸਾਹਮਣੇ ਆ ਚੁੱਕੇ ਹਨ।


Related News