ਟੋਲ ਪਲਾਜਿਆਂ ਨੂੰ ਸਸਪੈਂਡ ਕਰਨ ਦੇ ਵਿਰੋਧ 'ਚ ਪ੍ਰਦਰਸ਼ਨ,  ਕੇਂਦਰ ਸਰਕਾਰ ਨੂੰ ਦਿੱਤੀ ਚੇਤਾਵਨੀ

Friday, May 14, 2021 - 09:12 PM (IST)

ਟੋਲ ਪਲਾਜਿਆਂ ਨੂੰ ਸਸਪੈਂਡ ਕਰਨ ਦੇ ਵਿਰੋਧ 'ਚ ਪ੍ਰਦਰਸ਼ਨ,  ਕੇਂਦਰ ਸਰਕਾਰ ਨੂੰ ਦਿੱਤੀ ਚੇਤਾਵਨੀ

ਭਵਾਨੀਗੜ੍ਹ (ਵਿਕਾਸ): ਕੇਂਦਰ ਸਰਕਾਰ ਵਲੋਂ ਐੱਨ. ਐੱਚ. ਏ. ਆਈ. ਦੇ ਅਧੀਨ ਪੰਜਾਬ ਤੇ ਹਰਿਆਣਾ ਸੂਬੇ ਅੰਦਰ  ਚੱਲਦੇ ਟੋਲ ਬੈਰੀਅਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਿਸ ਦੇ ਵਿਰੋਧ 'ਚ ਸ਼ੁੱਕਰਵਾਰ ਨੂੰ ਪੰਜਾਬ ਦੇ ਸਮੂਹ ਟੋਲ ਪਲਾਜ਼ਿਆਂ ਦੇ ਕਰਮਚਾਰੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਆਪਣੀਆਂ ਨੌਕਰੀਆਂ ਬਚਾਉਣ ਲਈ ਸੰਘਰਸ਼ ਵਿੱਢਣ ਦਾ ਐਲਾਨ ਕੀਤਾ। ਅੱਜ ਬਠਿੰਡਾ -ਜੀਰਕਪੁਰ ਨੈਸ਼ਨਲ ਹਾਈਵੇਅ 'ਤੇ ਪਿੰਡ ਕਾਲਾਝਾੜ ਵਿਖੇ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਯੂਨੀਅਨ ਆਗੂਆਂ ਨੇ ਸਰਕਾਰ ਤੋਾਂ ਟੋਲ ਪਲਾਜ਼ੇ ਸਸਪੈਂਡ ਕਰਨ ਦੇ ਹੁਕਮਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਟੋਲ ਪਲਾਜ਼ਾ ਸਸਪੈਂਡ ਕਰਨ ਨਾਲ ਪੰਜਾਬ ਤੇ ਹਰਿਆਣਾ ਦੋਨੋ ਸੂਬਿਆਂ ਦੇ 18 ਹਜ਼ਾਰ ਕਰਮਚਾਰੀ ਬੇਰੁਜ਼ਗਾਰ ਹੋ ਜਾਣਗੇ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦਾ ਪੇਟ ਭਰਨਾ ਔਖਾ ਹੋ ਜਾਵੇਗਾ। ਲਾਡੀ ਨੇ ਕਿਹਾ ਕਿ ਪੰਜਾਬ ਦੀਆਂ ਜ਼ਿਆਦਾਤਰ ਟੋਲ ਪਲਾਜ਼ਾ ਕੰਪਨੀਆਂ ਨੇ ਕਰਮਚਾਰੀਆਂ ਨੂੰ ਪਿਛਲੇ ਸਾਲ ਦਸੰਬਰ ਮਹੀਨੇ ਤੋਂ ਉਜਰਤਾਂ ਨਹੀਂ ਦਿਤੀਆਂ, ਜਿਸ ਕਰਕੇ ਕਰੋੜਾਂ ਰੁਪਏ ਬਕਾਏ ਟੋਲ ਕੰਪਨੀਆਂ ਵੱਲ ਅਧੂਰੇ ਹਨ। ਅਜਿਹੇ ਵਿੱਚ ਟੋਲ ਪਲਾਜ਼ਾ ਸਸਪੈਂਡ ਕਰਨ ਦੇ ਸਰਕਾਰ ਦੇ ਹੁਕਮਾਂ ਨਾਲ ਵਰਕਰਾਂ ਨੂੰ ਤਨਖਾਹਾਂ ਲੈਣ ਵਿੱਚ ਹੋਰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਟੋਲ ਕੰਪਨੀਆਂ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਬਕਾਏ ਦੀ ਅਦਾਇਗੀ ਨਹੀਂ ਕਰਦੀਆਂ ਅਤੇ ਨਵੀਂ ਆਉਣ ਵਾਲੀ ਕੰਪਨੀ ਕਰਮਚਾਰੀਆਂ ਨੂੰ ਡਿਊਟੀ 'ਤੇ ਰੈਗੂਲਰ ਨਹੀਂ ਕਰਦੀ, ਉਦੋਂ ਤੱਕ ਟੋਲ ਪਲਾਜ਼ਿਆ ਨੂੰ ਨਵੀਂ ਕੰਪਨੀ ਦੇ ਹੱਥਾਂ 'ਚ ਨਾ ਸੌਂਪਿਆ ਜਾਵੇ। ਆਗੂਆਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਟੋਲ ਪਲਾਜਾ ਕਰਮਚਾਰੀਆਂ ਨਾਲ ਧੱਕਾ ਹੋਇਆ ਤਾਂ ਜਲਦ ਹੀ ਪ੍ਰਧਾਨ ਮੰਤਰੀ ਦੇ ਨਿਵਾਸ ਅਤੇ ਸੰਸਦ ਭਵਨ ਸਮੇਤ ਨੈਸ਼ਨਲ ਹਾਈਵੇਅਅ ਅਥਾਰਟੀ ਆਫ ਇੰਡੀਆ ਦੇ ਮੁੱਖ ਦਫਤਰਾਂ ਦਾ ਯੂਨੀਅਨ ਵੱਲੋਂ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਦਵਿੰਦਰਪਾਲ, ਨਰੈਣ ਸਿੰਘ, ਗੁਰਮੀਤ ਸਿੰਘ, ਗੁਰਜੰਟ ਸਿੰਘ, ਬਿਕਰਮਜੀਤ ਸਿੰਘ, ਚਰਨਜੀਤ ਸਿੰਘ, ਮਲਕੀਤ ਸਿੰਘ, ਲੱਖਾ ਸਿੰਘ, ਨਰਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।


author

Anuradha

Content Editor

Related News