ਬੁੜੈਲ ਜੇਲ੍ਹ ਦੇ ਕੈਦੀਆਂ ਦੇ ਹਰਬਲ ਰੰਗਾਂ ਦੀ ਮੰਗ ਵਧੀ

Tuesday, Mar 11, 2025 - 04:11 PM (IST)

ਬੁੜੈਲ ਜੇਲ੍ਹ ਦੇ ਕੈਦੀਆਂ ਦੇ ਹਰਬਲ ਰੰਗਾਂ ਦੀ ਮੰਗ ਵਧੀ

ਚੰਡੀਗੜ੍ਹ (ਸ਼ੀਨਾ) : ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਸਿਟੀ ਬਿਊਟੀਫੁਲ ਦੇ ਬਜ਼ਾਰਾਂ ’ਚ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਹੋਲੀ ’ਤੇ ਸ਼ਹਿਰ ਵਾਸੀ ਮਾਡਲ ਜੇਲ੍ਹ ਬੁੜੈਲ ਦੇ ਕੈਦੀਆਂ ਵੱਲੋਂ ਤਿਆਰ ਕੀਤੇ ਵਾਤਾਵਰਣ-ਅਨੁਕੂਲ ਹਰਬਲ ਰੰਗਾਂ ਦਾ ਆਨੰਦ ਲੈ ਸਕਦੇ ਹਨ, ਹਾਲਾਂਕਿ ਜੇਲ੍ਹ ’ਚ ਮੁਰੰਮਤ ਦਾ ਕੰਮ ਚੱਲਣ ਕਾਰਨ ਇਸ ਵਾਰ ਮਠਿਆਈਆਂ ਨਹੀਂ ਤਿਆਰ ਕੀਤੀ ਗਈਆਂ। ਸੈਕਟਰ-22 ਵਿਖੇ ਮਾਡਲ ਜੇਲ੍ਹ ਬੁੜੈਲ ਦੇ ਨਵ ਸਿਰਜਣ ਮਾਡਲ ਜੇਲ੍ਹ ਬੁੜੈਲ ਹੈਂਡਮੇਡ ਸਾਮਾਨ ਦੇ ਸਟੋਰ ਦੀ ਮੈਨੇਜਰ ਜਯਾ ਸਰਕਾਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖ਼ਾਸ ਹੋਲੀ ਲਈ ਕਿਫ਼ਾਇਤੀ ਕੀਮਤਾਂ ’ਤੇ ਹਰਬਲ ਰੰਗ ਬਣਾਏ ਗਏ ਹਨ। ਇਨ੍ਹਾਂ ਰੰਗਾਂ ’ਚ ਗੁਲਾਲ, ਗੁਲਾਬੀ ਰੰਗ, ਪੀਲਾ, ਹਰਾ, ਨੀਲਾ ਰੰਗ ਦੇ ਈਕੋ ਫਰੈਂਡਲੀ ਪੈਕਿੰਗ ਪਲਾਸਟਿਕ ਦੀ ਵਰਤੋਂ ਕਰਦਿਆਂ 200 ਗ੍ਰਾਮ ਦਾ ਪੈਕੇਟ 40 ਰੁਪਏ ’ਚ ਤੇ 100 ਗ੍ਰਾਮ ਦਾ ਪੈਕੇਟ 20 ਰੁਪਏ ਦੀ ਕੀਮਤ ਦੇ ਉਪਲੱਬਧ ਹਨ। ਜਯਾ ਨੇ ਦੱਸਿਆ ਕਿ ਇਸ ਵਾਰ ਜੇਲ੍ਹ ’ਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਮਠਿਆਈਆਂ ਨਹੀਂ ਤਿਆਰ ਕੀਤੀਆਂ ਗਈਆਂ। ਕੈਦੀਆਂ ਵੱਲੋਂ ਕੁਦਰਤੀ ਅਤੇ ਚਮੜੀ-ਅਨੁਕੂਲ ਸਮੱਗਰੀ ਦੀ ਵਰਤੋਂ ਕਰ ਕੇ ਬਣਾਇਆ ਖ਼ਾਸ ਹਰਬਲ ਗੁਲਾਲ ਬੱਚਿਆਂ ਲਈ ਸੁਰੱਖਿਅਤ ਹੈ।
ਬੱਚੇ ਜ਼ਿਆਦਾ ਖ਼ਰੀਦ ਰਹੇ ਹਰਬਲ ਗੁਲਾਲ ਦੇ ਪੈਕੇਟ
ਸੈਕਟਰ-20 ਸੀ ਵਿਖੇ ਥੋਕ ਵਿਕ੍ਰੇਤਾ ਸੰਜੀਵ ਨੇ ਦੱਸਿਆ ਕਿ ਉਹ 20 ਸਾਲਾਂ ਤੋਂ ਕੰਮ ਕਰ ਰਹੇ ਹਨ। ਸਿਲਕ ਗੁਲਾਲ ਦੀ ਖ਼ਰੀਦ ਜ਼ਿਆਦਾ ਹੋ ਰਹੀ ਹੈ, ਜਿਸ ਦੀ ਥੋਕ ਕੀਮਤ 100 ਗ੍ਰਾਮ ਲਈ 30 ਰੁਪਏ ਹੈ ਅਤੇ ਆਮ ਗੁਲਾਲ ਦੇ 100 ਗ੍ਰਾਮ ਦੇ ਪੈਕੇਟ 20 ਤੋਂ 25 ਰੁਪਏ ਦੇ ਹਨ। ਇਸ ਤੋਂ ਇਲਾਵਾ, 500 ਗ੍ਰਾਮ ਤੋਂ 1 ਕਿੱਲੋ ਦੇ ਪੈਕੇਟ 180 ਰੁਪਏ ਦੀ ਕੀਮਤ ’ਤੇ ਉਪਲਬਧ ਹਨ। ਬੱਚਿਆਂ ਦੀ ਛੋਟੀ ਪਿਚਕਾਰੀ 25 ਰੁਪਏ ਤੋਂ ਸ਼ੁਰੂ ਹੈ ਅਤੇ ਵੱਡੀ ਪਿਚਕਾਰੀ ਗਨ 500 ਤੋਂ 700 ਰੁਪਏ ਦੀ ਕੀਮਤ ਹੈ। ਬੱਚੇ ਹਰਬਲ ਗੁਲਾਲ ਦੇ ਛੋਟੇ ਪੈਕੇਟ ਜ਼ਿਆਦਾ ਖ਼ਰੀਦ ਰਹੇ ਹਨ। ਸਿਹਤ ਨੂੰ ਧਿਆਨ ’ਚ ਰੱਖਦਿਆਂ ਹੁਣ ਲੋਕ ਸੇਫ ਹੋਲੀ ਖੇਡਣਾ ਜ਼ਿਆਦਾ ਪਸੰਦ ਕਰਦੇ ਹਨ। ਸੈਕਟਰ-20 ਦੇ ਹੀ ਥੋਕ ਵਿਕ੍ਰੇਤਾ ਅਨੁਰਾਗ ਨੇ ਦੱਸਿਆ ਕਿ ਨਵੀਂ ਇਲੈਕਟ੍ਰਿਕ ਪਿਚਕਾਰੀ ਦੀ ਵੀ ਬੱਚਿਆਂ ’ਚ ਜ਼ਿਆਦਾ ਮੰਗ ਹੈ। ਨੌਜਵਾਨਾਂ ਜ਼ਿਆਦਾਤਰ ਰੰਗਾਂ ਵਾਲੇ ਸਿਲੰਡਰ ਟਵਿਸਟਰ ਖ਼ਰੀਦ ਰਹੇ ਹਨ। ਹਰਬਲ ਰੰਗ ਦੇ ਇਹ ਸਿਲੰਡਰ 2 ਲੀਟਰ ਤੋਂ 6 ਲੀਟਰ ਦੇ ਹਨ, ਜਿਸ ਦੀ ਕੀਮਤ 500 ਤੋਂ 700 ਰੁਪਏ ਤੱਕ ਹੈ। ਸਪ੍ਰੇਅ ਰੰਗ ਵਾਲੀ ਬੋਤਲ ਦੀ ਕੀਮਤ 40 ਰੁਪਏ ਤੱਕ ਹੈ। ਹੋਲੀ ਲਈ ਖ਼ਾਸ ਟੀ-ਸ਼ਰਟਾਂ ਦੀ ਕੀਮਤ 80 ਰੁਪਏ ਹੈ ਅਤੇ ਦਿਨ ’ਚ 100 ਤੋਂ ਵੱਧ ਵਿਕ ਰਹੀਆਂ ਹਨ। 10 ਤੋਂ 30 ਰੁਪਏ ਦੇ ਰੰਗ ਦੇ ਪੈਕੇਟ ਦੀ ਵੱਧ ਵਿਕਰੀ ਹੋ ਰਹੀ ਹੈ।
ਬੈਗ ਵਾਲੀ ਪਿਚਕਾਰੀ ਦੀ ਮੰਗ ਜ਼ਿਆਦਾ
ਸੈਕਟਰ-22 ਦੇ ਰਿਟੇਲ ਦੁਕਾਨਦਾਰ ਰਮੇਸ਼ ਨੇ ਦੱਸਿਆ ਕਿ ਪਿਚਕਾਰੀ, ਗੁਬਾਰੇ, ਬੈਗ ਵਾਲੀ ਪਿਚਕਾਰੀ ਅਜਿਹੀਆਂ ਚੀਜ਼ਾਂ ਦੀ ਡਿਮਾਂਡ ਹੈ ਅਤੇ ਖ਼ਰੀਦ ਨਾ ਹੋਣ ਕਰ ਕੇ ਕਦੇ-ਕਦੇ ਨੁਕਸਾਨ ਵੀ ਹੁੰਦਾ ਹੈ। ਹੋਲੀ ਦੇ ਲਈ ਰੰਗ ਵਾਲੇ ਵਿਗ ਦਾ ਰੇਟ 100 ਰੁਪਏ, ਪਿਚਕਾਰੀ 180-200 ਰੁਪਏ, ਹੋਲੀ ਟੀ-ਸ਼ਰਟ 100 ਰੁਪਏ, ਗੁਲਾਲ ਸਿਲੰਡਰ 1450 ਰੁਪਏ ਦੀ ਕੀਮਤ ਦਾ ਹੈ। ਇਸ ਤੋਂ ਇਲਾਵਾ ਰੰਗ-ਬਿਰੰਗੇ ਮੁਖੌਟੇ 100 ਤੋਂ 150 ਦੀ ਕੀਮਤ ਤੇ ਪਿਚਕਾਰੀ ਗੰਨ 1200 ਦੀ ਕੀਮਤ ਤੇ ਵੇਚੇ ਜਾ ਰਹੇ ਹਨ।


author

Babita

Content Editor

Related News