ਤਨਖਾਹਾਂ ਤੋਂ ਵਾਂਝੇ ਮੁਲਾਜ਼ਮਾਂ ਦਿੱਤਾ ਵਣਪਾਲ ਖਿਲਾਫ ਧਰਨਾ ਮੁਜ਼ਾਹਰਾ
Wednesday, Jul 19, 2017 - 01:29 AM (IST)
ਹੁਸ਼ਿਆਰਪੁਰ, (ਘੁੰਮਣ)- ਵਣਪਾਲ ਦੀਆਂ ਕਥਿਤ ਮਨਮਾਨੀਆਂ ਅਤੇ ਧੱਕੇਸ਼ਾਹੀਆਂ ਖਿਲਾਫ਼ ਵਣ ਵਿਭਾਗ ਦੇ ਖੋਜ ਸਰਕਲ ਬੱਸੀ ਜਾਨਾ ਵਿਖੇ ਜੰਗਲਾਤ ਵਰਕਰਜ਼ ਯੂਨੀਅਨ ਵੱਲੋਂ ਅੱਜ ਤੀਜੇ ਦਿਨ ਵੀ ਰੋਹ ਭਰਪੂਰ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਵਣਪਾਲ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਦਰਜਾ ਚਾਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਅਸ਼ੋਕ ਕੁਮਾਰ, ਪ. ਸ. ਸ. ਫ. ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਡਰਾਈਵਰ ਤੇ ਟੈਕਨੀਕਲ ਯੂਨੀਅਨ ਦੇ ਮੁੱਖ ਸਲਾਹਕਾਰ ਸੇਵਾ ਸਿੰਘ ਅਤੇ ਪੈਨਸ਼ਨਰਜ਼ ਯੂਨੀਅਨ ਆਗੂ ਬਲਵੀਰ ਸਿੰਘ ਸੈਣੀ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੇ ਵਣਪਾਲ ਖਿਲਾਫ਼ ਮੁਲਾਜ਼ਮਾਂ ਵਿਸ਼ੇਸ਼ ਕਰ ਕੇ ਦਰਜਾ ਚਾਰ ਮੁਲਾਜ਼ਮਾਂ 'ਚ ਉਸ ਦੇ ਕਥਿਤ ਮਾੜੇ ਵਤੀਰੇ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਇਸ ਅਧਿਕਾਰੀ ਵੱਲੋਂ 5 ਸੇਵਾਦਾਰਾਂ ਨੂੰ ਬਿਨਾਂ ਵਜ੍ਹਾ ਮੁਅੱਤਲ ਕਰ ਦਿੱਤਾ ਗਿਆ ਅਤੇ 3 ਬੇਲਦਾਰਾਂ ਦਾ ਦਰਜਾ ਘਟਾ ਦਿੱਤਾ ਗਿਆ ਸੀ ਪਰ ਜਥੇਬੰਦੀ ਵੱਲੋਂ ਮੁੱਖ ਵਣਪਾਲ ਨੂੰ ਮਿਲ ਕੇ ਮੁਲਾਜ਼ਮਾਂ ਨੂੰ ਬਹਾਲ ਕਰਵਾ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਉਨ੍ਹਾਂ ਦੀ ਤਨਖਾਹ ਨਹੀਂ ਦਿੱਤੀ ਜਾ ਰਹੀ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਿਨਾਂ ਕਿਸੇ ਦੇਰੀ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਦਿੱਤੀਆਂ ਤਾਂ 19 ਜੁਲਾਈ ਨੂੰ ਇਸ ਦੇ ਦਫ਼ਤਰ ਅੱਗੇ ਅਰਥੀ ਫੂਕੀ ਜਾਵੇਗੀ। ਇਸ ਮੌਕੇ ਡਰਾਈਵਰ ਤੇ ਟੈਕਨੀਕਲ ਯੂਨੀਅਨ ਦੇ ਜਸਵੰਤ ਸਿੰਘ, ਜਗਦੀਸ਼ ਕੁਮਾਰ ਅਤੇ ਚੇਅਰਮੈਨ ਜਗੀਰ ਸਿੰਘ, ਦਰਜਾ ਚਾਰ ਮੁਲਾਜ਼ਮਾਂ ਦੇ ਜ਼ਿਲਾ ਜਨਰਲ ਸਕੱਤਰ ਜੀਵਨ ਰਾਮ, ਕੈਸ਼ੀਅਰ ਨਿਰਮਲ ਕੁਮਾਰ, ਸੀਨੀਅਰ ਮੀਤ ਪ੍ਰਧਾਨ ਰਾਮ ਪ੍ਰਸ਼ਾਦ, ਜੀਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
