ਦਿੱਲੀ ਮੋਰਚਾ: ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਲਈ 4 ਹਜ਼ਾਰ ਕਿਸਾਨ ਵਾਲੰਟੀਅਰ ਤਾਇਨਾਤ
Thursday, Jan 07, 2021 - 10:37 AM (IST)

ਬਠਿੰਡਾ (ਸੁਖਵਿੰਦਰ): ਖੇਤੀ ਕਾਨੂੰਨਾਂ ਨੂੰ ਲੈ ਕੇ ਪਿਛਲੇ ਲਗਭਗ ਡੇਢ ਮਹੀਨੇ ਤੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਅੰਦੋਲਨ ਕਰ ਰਹੇ ਵੱਖ-ਵੱਖ ਸੂਬਿਆਂ ਦੇ ਕਿਸਾਨ ਆਏ ਦਿਨ ਅੰਦੋਲਨ ਨੂੰ ਸੁਰੱਖਿਅਤ ਰੱਖਣ ਦੇ ਲਈ ਸੁਰੱਖਿਆ ਘੇਰਾ ਮਜਬੂਤ ਕਰ ਰਹੇ ਹਨ। ਕਿਸਾਨ ਜਥੇਬੰਦੀਆਂ ਦਾ ਮੰਨਣਾ ਹੈ ਕਿ ਪਹਿਲੇ ਹੀ ਦਿਨ ਕਿਸਾਨਾਂ ਦੇ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਸਰਕਾਰ ਵਲੋਂ ਵੱਖ-ਵੱਖ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਸਰਕਾਰ ਦੀਆਂ ਇਨ੍ਹਾਂ ਸਾਜਿਸ਼ਾਂ ਨੂੰ ਜੁਆਬ ਦੇਣ ਲਈ ਕਿਸਾਨਾਂ ਨੇ ਪੱਕੇ ਪ੍ਰਬੰਧ ਕਰ ਲਏ ਹਨ। ਉਂਝ ਤਾਂ ਕਿਸਾਨ ਜਥੇਬੰਦੀਆਂ ਵਲੋਂ ਸ਼ੁਰੂ ਤੋਂ ਹੀ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕੀਤਾ ਜਾ ਰਿਹਾ ਹੈ ਅਤੇ ਧਰਨਿਆਂ ’ਚ ਕਈ ਤਰ੍ਹਾਂ ਦੇ ਲੋਕਾਂ ਨੂੰ ਫੜਿਆ ਜਾ ਚੁੱਕਾ ਹੈ ਜੋ ਗਲ਼ਤ ਮਕਸਦ ਨਾਲ ਧਰਨੇ ’ਚ ਘੁਸਪੈਠ ਕਰ ਰਹੇ ਸਨ ਪਰ ਹੁਣ ਕਿਸਾਨ ਜਥੇਬੰਦੀਆਂ ਵਲੋਂ 4 ਹਜ਼ਾਰ ਦੇ ਲਗਭਗ ਵਾਲੰਟੀਅਰਾਂ ਨੂੰ ਤਿਆਰ ਕੀਤਾ ਗਿਆ ਹੈ ਜੋ ਮੁੱਖ ਧਰਨੇ ਵਾਲੇ ਸਥਾਨਾਂ ਤੋਂ ਇਲਾਵਾ ਪੂਰੇ ਕਾਫ਼ਲੇ ’ਤੇ ਆਪਣੀ ਨਜ਼ਰ ਰੱਖਣਗੇ।
ਇਹ ਵੀ ਪੜ੍ਹੋ: ਚਾਈਨਾ ਡੋਰ ਨੇ ਤੋੜੀ 8 ਸਾਲਾ ਬੱਚੇ ਦੀ ਜ਼ਿੰਦਗੀ ਦੀ ਡੋਰ, ਹੋਈ ਦਰਦਨਾਕ ਮੌਤ
ਬੀਤੇ ਦਿਨੀ ਕਿਸਾਨ ਯੂਨੀਅਨ ਦੇ ਨੇਤਾਵਾਂ ਨੇ ਦੱਸਿਆ ਸੀ ਕਿ ਉਕਤ ਵਾਲੰਟੀਅਰਾਂ ਨੂੰ ਪੂਰੀ ਟ੍ਰੇਨਿੰਗ ਦੇ ਕੇ ਉਤਾਰਿਆ ਗਿਆ ਹੈ ਤਾਂ ਜੋ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਸਕਣ।ਉਕਤ ਵਾਲੰਟੀਅਰ ਧਰਨਿਆਂ ’ਚ ਆਉਣ ਵਾਲੇ ਸ਼ੱਕੀ ਲੋਕਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣਗੇ ਅਤੇ ਜ਼ਰੂਰਤ ਪੈਣ ’ਤੇ ਉਨ੍ਹਾਂ ਤੋਂ ਪੁੱਛਗਿੱਛ ਵੀ ਕਰਨਗੇ।ਵਾਲੰਟੀਅਰਾਂ ਦੀ ਇਹ ਫੌਜ ਧਰਨਾ ਸਥਾਨਾਂ ਨੂੰ ਚਾਰਿਆਂ ਪਾਸਿਆਂ ਤੋਂ ਸੁਰੱਖਿਅਤ ਰੱਖਣ ਦਾ ਕੰਮ ਕਰੇਗੀ ਤਾਂ ਜੋ ਕੋਈ ਵੀ ਵਿਰੋਧੀ ਧਰਨਾ ਸਥਾਨ ’ਚ ਸ਼ਾਮਲ ਹੋ ਕਿ ਮਾਹੌਲ ਖਰਾਬ ਨਾ ਕਰ ਸਕੇ।
ਇਹ ਵੀ ਪੜ੍ਹੋ: ਮੰਡੀ ਕਲਾਂ ਦੇ ਨੌਜਵਾਨ ਦੀ ਦਿੱਲੀ ਮੋਰਚੇ ਤੋਂ ਵਾਪਸੀ ਸਮੇਂ ਦਿਲ ਦਾ ਦੌਰਾ ਪੈਣ ਨਾਲ ਮੌਤ
ਨੌਜਵਾਨਾਂ ਨੂੰ ਵੀ ਕਰਨਗੇ ਜਾਗਰੂਕ
ਇਸ ਦੇ ਨਾਲ ਹੀ ਉਕਤ ਵਾਲੰਟੀਅਰ ਧਰਨਿਆਂ ’ਚ ਪਹੁੰਚਣ ਵਾਲੇ ਨੌਜਵਾਨਾਂ ਨੂੰ ਜਾਗਰੂਕ ਵੀ ਕਰਨਗੇ।ਨੌਜਵਾਨਾਂ ਨੂੰ ਸ਼ਰਾਬ ਅਤੇ ਹੋਰ ਨਸ਼ੇ ਦਾ ਸੇਵਨ ਨਾ ਕਰਨ ਸਬੰਧੀ ਵੀ ਜਾਗਰੂਕ ਕੀਤਾ ਜਾਵੇਗਾ, ਜਦਕਿ ਰਾਤ ਨੂੰ ਕੁਝ ਜਗ੍ਹਾ ’ਤੇ ਹੋਣ ਵਾਲੀ ਹੁੱਲੜਬਾਜ਼ੀ ਨੂੰ ਰੋਕਣ ਲਈ ਵੀ ਵਾਲੰਟੀਅਰ ਸਖ਼ਤੀ ਨਾਲ ਕਦਮ ਚੁੱਕਣਗੇ।ਕਿਸਾਨ ਨੇਤਾਵਾਂ ਦਾ ਮੰਨਣਾ ਹੈ ਕਿ ਸ਼ਾਤਮਈ ਅਤੇ ਅਨੁਸਾਸ਼ਿਤ ਅੰਦੋਲਨ ਲੰਮੇਂ ਸਮੇਂ ਤਕ ਚਲਦੇ ਹਨ ਅਤੇ ਸ਼ਾਤਮਈ ਅੰਦੋਲਨ ’ਤੇ ਸਰਕਾਰਾਂ ਵੀ ਕਾਰਵਾਈ ਕਰਨ ਤੋਂ ਕਤਰਾਉਂਦੀਆਂ ਹਨ।ਇਸ ਤਰ੍ਹਾਂ ਸਾਰੇ ਧਰਨਿਆਂ ’ਚ ਅਨੁਸ਼ਾਸਨ ਬਣਾਉਣ ’ਚ ਉਕਤ ਵਾਲੰਟੀਅਰ ਅਹਿਮ ਭੂਮਿਕਾ ਨਿਭਾਉਣਗੇ। ਬੇਸ਼ੱਕ ਉਕਤ ਵਾਲੰਟੀਅਰ ਦਿਨ ’ਚ ਵੀ ਆਪਣਾ ਕੰਮ ਕਰਨਗੇ ਪਰ ਰਾਤ ਦੌਰਾਨ ਜ਼ਿਆਦਾ ਸਰਗਰਮ ਰਹਿਣਗੇ ਅਤੇ ਕਾਫ਼ਲੇ ’ਚ ਪਿੱਛੇ ਖੜ੍ਹੀਆਂ ਟਰਾਲੀਆਂ ਟੈਂਟਾਂ ਆਦਿ ’ਚ ਹੋਣ ਵਾਲੀਆਂ ਗਤੀਵਿਧੀਆਂ ’ਤੇ ਵੀ ਨਜ਼ਰ ਰੱਖਣਗੇ।
ਇਹ ਵੀ ਪੜ੍ਹੋ: ਸੰਗਰੂਰ ’ਚ ਵੱਡੀ ਘਟਨਾ, ਭੇਤਭਰੇ ਹਲਾਤਾਂ ’ਚ 2 ਬੱਚਿਆਂ ਸਣੇ ਮਾਂ ਦੀ ਮਿਲੀ ਲਾਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?