ਦਿੱਲੀ ਹਸਪਤਾਲ ’ਚ ਮਰੀਜ਼ ਦੀ ਮੌਤ ਤੋਂ ਪਰਿਵਾਰਕ ਮੈਂਬਰਾਂ ਨੇ ਮਚਾਇਆ ਬਵਾਲ, ਲਗਾਏ ਗੰਭੀਰ ਦੋਸ਼
Wednesday, Jan 19, 2022 - 01:42 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਜਲਾਲਾਬਾਦ ਰੋਡ ਸਥਿਤ ਨਿਊ ਦਿੱਲੀ ਹਸਪਤਾਲ ’ਚ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ’ਚ ਹੰਗਾਮਾ ਕਰ ਦਿੱਤਾ। ਜ਼ਿਕਰਯੋਗ ਹੈ ਕਿ ਅਜਿਹਾ ਇਸ ਹਸਪਤਾਲ ’ਚ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਕਿਸੇ ਮਰੀਜ਼ ਦੀ ਮੌਤ ਹੋਈ ਹੋਵੇ। ਇਸ ਤੋਂ ਪਹਿਲਾਂ ਵੀ ਤਿੰਨ-ਚਾਰ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਕ ਵਾਰੀ ਤਾਂ ਵਿਅਕਤੀ ਦੀ ਮੌਤ ’ਤੇ ਹਸਪਤਾਲ ’ਚ ਲਗਾਤਾਰ ਧਰਨਾ ਪ੍ਰਦਰਸ਼ਨ ਵੀ ਚੱਲਦਾ ਰਿਹਾ ਸੀ। ਇਸ ਮਾਮਲੇ ’ਚ ਦੋਸ਼ ਲਾਉਂਦਿਆਂ ਰਾਜਵੀਰ ਸਿੰਘ ਵਾਸੀ ਪਿੰਡ ਮਾਂਗਟਕੇਰ ਨੇ ਦੱਸਿਆ ਕਿ ਉਹ ਆਪਣੇ ਮਾਸੜ ਗੁਰਜੰਟ ਸਿੰਘ ਵਾਸੀ ਮਾਂਗਟਕੇਰ ਨੂੰ 16 ਜਨਵਰੀ ਨੂੰ ਸਵੇਰੇ 4 ਵਜੇ ਸਟੰਟ ਪੁਆਉਣ ਲਈ ਮੁਕਤਸਰ ਦੇ ਨਿਊ ਦਿੱਲੀ ਹਸਪਤਾਲ ਲੈ ਕੇ ਆਏ ਸਨ, ਜਿਨ੍ਹਾਂ ਦਾ ਆਯੁਸ਼ਮਾਨ ਯੋਜਨਾ ਤਹਿਤ ਸਟੰਟ ਪਾਇਆ ਜਾਣਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਡਾਕਟਰਾਂ ਨੇ ਦੋ ਦਿਨ ਤਕ ਉਨ੍ਹਾਂ ਦੇ ਸਟੰਟ ਨਹੀਂ ਪਾਇਆ। ਉਸ ਦੇ ਮਾਸੜ ਨੂੰ ਹਲਕਾ ਦਰਦ ਹੋ ਰਿਹਾ ਸੀ ਤੇ ਉਹ ਠੀਕ ਸਨ ਪਰ ਅੱਜ ਸ਼ਾਮ ਨੂੰ ਜਦੋਂ ਹਸਪਤਾਲ ਕੋਲ ਆਯੁਸ਼ਮਾਨ ਯੋਜਨਾ ਤਹਿਤ ਸਟੰਟ ਦੇ ਪੈਸੇ ਆ ਗਏ ਤਾਂ ਉਨ੍ਹਾਂ ਨੇ ਸਟੰਟ ਪਾਉਣਾ ਸੀ ਪਰ ਸਟੰਟ ਪਾਉਣ ਵੇਲੇ ਹਸਪਤਾਲ ਕੋਲ ਡਾਈ ਨਹੀਂ ਸੀ। ਇਸ ਲਈ ਡਾਕਟਰਾਂ ਨੇ ਕਿਹਾ ਕਿ ਡਾਈ ਆਉਣ ਮਗਰੋਂ ਕਲ ਸਟੰਟ ਪਾਇਆ ਜਾਵੇਗਾ।
ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪੰਜ ਮਿੰਟ ਪਹਿਲਾਂ ਤਾ ਮਰੀਜ਼ ਠੀਕ ਸੀ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕਰ ਰਹੇ ਸੀ ਪਰ ਜਦੋਂ ਹਸਪਤਾਲ ਪ੍ਰਬੰਧਕ ਸਟੰਟ ਪਾਉਣ ਲਈ ਲੈ ਗਏ ਤਾਂ ਕੁਝ ਮਿੰਟਾਂ ਬਾਅਦ ਹੀ ਉਸਦੀ ਮੌਤ ਹੋ ਗਈ। ਉਨ੍ਹਾਂ ਦੋਸ਼ ਲਾਇਆ ਕਿ ਡਾਕਟਰਾਂ ਨੇ ਕੋਈ ਗਲਤ ਇੰਜੈਕਸ਼ਨ ਲਾਇਆ ਹੈ ਜਿਸਦੇ ਚੱਲਦਿਆਂ ਮਰੀਜ਼ ਦੀ ਮੌਤ ਹੋ ਗਈ। ਉਨ੍ਹਾਂ ਹਸਪਤਾਲ ’ਚ ਕੋਈ ਪ੍ਰਬੰਧ ਨਾ ਹੋਣ ਦੀ ਗੱਲ ਕਹੀ। ਨਾਲ ਹੀ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਉਧਰ ਪੁਲਸ ਨੇ ਵੀ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਡਾਕਟਰ ਗੌਰਵ ਸਿਸੌਦੀਆ ਦਾ ਕਹਿਣਾ ਹੈ ਕਿ ਜਦੋਂ ਮਰੀਜ਼ ਉਨ੍ਹਾਂ ਕੋਲ ਆਇਆ ਸੀ ਤਾਂ ਛਾਤੀ ’ਚ ਦਰਦ ਹੋ ਰਿਹਾ ਸੀ। ਮਰੀਜ਼ ਆਯੁਸ਼ਮਾਨ ਯੋਜਨਾ ਤਹਿਤ ਇਲਾਜ ਕਰਾਉਣਾ ਚਾਹੁੰਦਾ ਸੀ। ਉਨ੍ਹਾਂ ਮਰੀਜ਼ ਦੀ ਇਜੋਉਗ੍ਰਾਫੀ ਕੀਤੀ ਤਾਂ ਪਹਿਲਾਂ ਪਾਇਆ ਸਟੰਟ ਬਲਾਕ ਹੋਇਆ ਪਿਆ ਸੀ। ਡਾਕਟਰ ਨੇ ਦੱਸਿਆ ਕਿ ਮਰੀਜ਼ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਜਦੋਂ ਬਠਿੰਡਾ ਤੋਂ ਉਸਨੇ ਸਟੰਟ ਪੁਆਇਆ ਸੀ ਉਦੋਂ ਤੋ ਹੀ ਦਰਦ ਹੋ ਰਿਹਾ ਹੈ। ਮਰੀਜ਼ ਲੰਬੇ ਸਮੇਂ ਤੋਂ ਦਵਾਈਆ ਵੀ ਨਹੀਂ ਲੈ ਰਿਹਾ ਸੀ। ਇਲਾਜ ਦੌਰਾਨ ਜਦੋਂ ਉਸਦੀ ਨਾੜ ਖੋਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦੂਜੀ ਨਾੜੀ ਬਲਾਕੇਜ ਦੇ ਚਲਦਿਆਂ ਮਰੀਜ਼ ਦੀ ਮੌਤ ਹੋ ਗਈ। ਇਸ ਸਬੰਧੀ ਜਦੋਂ ਮੌਕੇ ’ਤੇ ਪਹੁੰਚੇ ਏ.ਐੱਸ.ਆਈ ਜਗਦੀਸ਼ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਦੋ ਧਿਰਾਂ ਦੇ ਬਿਆਨ ਨੋਟ ਕਰ ਲਏ ਹਨ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ ।