ਦਿੱਲੀ ਕਮੇਟੀ ਨੇ ਸਰਨਾ ਭਰਾਵਾਂ ਨੂੰ ਤਰਕਵਾਦ ਛੱਡ ਕੇ ਤਰਕਵਾਦੀ ਹੋਣ ਦੀ ਦਿੱਤੀ ਨਸੀਹਤ
Tuesday, Apr 17, 2018 - 10:56 AM (IST)
ਜਲੰਧਰ (ਚਾਵਲਾ)— ਫਿਲਮ 'ਨਾਨਕ ਸ਼ਾਹ ਫਕੀਰ' ਬਾਰੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਬਾਰੇ ਕੀਤੀ ਜਾ ਰਹੀ ਬਿਆਨਬਾਜ਼ੀ ਗੁੰਮਰਾਹਕੁੰਨ ਅਤੇ ਤੱਥਾਂ ਤੋਂ ਦੂਰ ਹੈ। ਉਕਤ ਦਾਅਵਾ ਅਕਾਲੀ ਦਲ ਅਤੇ ਦਿੱਲੀ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਮੀਡੀਆ ਨੂੰ ਜਾਰੀ ਆਪਣੇ ਬਿਆਨ 'ਚ ਕੀਤਾ। ਉਨ੍ਹਾਂ ਕਿਹਾ ਕਿ ਸਰਨਾ ਭਰਾਵਾਂ ਨੇ ਸਿਆਸੀ ਦੂਸ਼ਣਬਾਜ਼ੀ ਦੇ ਚੱਕਰ 'ਚ ਬਿਨਾਂ ਸਬੂਤਾਂ ਦੇ ਅਕਾਲੀ ਆਗੂਆਂ ਦਾ ਅਕਸ ਵਿਗਾੜਨ ਦੀ ਮੁੜ ਤੋਂ ਗੁਸਤਾਖੀ ਕੀਤੀ ਹੈ।
ਸਰਨਾ ਵੱਲੋਂ ਫਿਲਮ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਦੇ ਪੱਖ 'ਚ ਸੁਪਰੀਮ ਕੋਰਟ 'ਚ ਪੇਸ਼ ਹੋਏ ਸੀਨੀਅਰ ਵਕੀਲ ਨੂੰ ਦਿੱਲੀ ਕਮੇਟੀ ਦਾ ਵਕੀਲ ਦੱਸੇ ਜਾਣ 'ਤੇ ਸਖਤ ਇਤਰਾਜ਼ ਜਤਾਉਂਦੇ ਹੋਏ ਉਨ੍ਹਾਂ ਸਵਾਲ ਪੁੱਛਿਆ ਕਿ ਅੱਜ ਸੁਪਰੀਮ ਕੋਰਟ 'ਚ ਸਿੱਕਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਰਾਮ ਜੇਠਮਲਾਨੀ ਨਾਲ ਕੀ ਸਰਨਾ ਪਰਿਵਾਰ ਦੀ ਨੇੜਤਾ ਨਹੀਂ ਹੈ? ਕਾਂਗਰਸੀ ਆਗੂ ਸੱਜਣ ਕੁਮਾਰ ਦੇ ਵਕੀਲ ਵਜੋਂ ਬੀਤੇ ਦਿਨੀਂ ਦਿੱਲੀ ਹਾਈਕੋਰਟ 'ਚ ਪੇਸ਼ ਹੋਏ ਸੀਨੀਅਰ ਵਕੀਲ ਨੇ ਸਰਨਾ ਪਰਿਵਾਰ ਲਈ ਕਈ ਕੇਸ ਨਹੀਂ ਲੜੇ? ਕੀ ਇਸ ਆਧਾਰ 'ਤੇ ਅਸੀਂ ਸਰਨਾ ਭਰਾਵਾਂ ਦੀ ਸਿੱਕਾ ਅਤੇ ਸੱਜਣ ਕੁਮਾਰ ਨਾਲ ਨੇੜਤਾ ਸਾਬਤ ਕਰ ਸਕਦੇ ਹਾਂ? ਉਨ੍ਹਾਂ ਨੇ ਸਰਨਾ ਭਰਾਵਾਂ ਨੂੰ ਤਰਕਵਾਦ ਛੱਡ ਕੇ ਤਰਕਵਾਦੀ ਹੋਣ ਦੀ ਨਸੀਹਤ ਦਿੰਦੇ ਹੋਏ ਮੀਡੀਆ 'ਚ ਜਾਰੀ ਕੀਤੇ ਜਾਂਦੇ ਬਿਆਨਾਂ ਨੂੰ ਸੱਚ ਦੀ ਕਸਵੱਟੀ 'ਤੇ ਪਰਖ ਉਪਰੰਤ ਜਾਰੀ ਕਰਨ ਦੀ ਸਲਾਹ ਦਿੱਤੀ।
