ਲਾਂਡਰਾਂ ਕੈਂਪਸ ਦੀ ਕਨਵੋਕੇਸ਼ਨ : 1400 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
Wednesday, Jul 19, 2017 - 07:38 AM (IST)
ਮੋਹਾਲੀ (ਨਿਆਮੀਆਂ) - ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਲਾਂਡਰਾਂ ਦੀ ਅੱਜ ਇਥੇ ਸਾਲਾਨਾ ਕਨਵੋਕੇਸ਼ਨ ਦੌਰਾਨ ਬੈਚ 2015 ਤੇ 2016 ਦੇ ਕੰਪਿਊਟਰ ਐਪਲੀਕੇਸ਼ਨ, ਬਿਜ਼ਨੈੱਸ ਮੈਨੇਜਮੈਂਟ, ਕਾਮਰਸ, ਹੋਟਲ ਮੈਨੇਜਮੈਂਟ, ਫਾਰਮੇਸੀ, ਬਾਇਓਟੈਕਨਾਲੋਜੀ ਤੇ ਐਜੂਕੇਸ਼ਨ ਦੇ 1400 ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਇਸ ਦੌਰਾਨ ਵੱਖ-ਵੱਖ ਵਿਸ਼ਿਆਂ 'ਚ ਯੂਨੀਵਰਸਿਟੀ 'ਚੋਂ ਅੱਵਲ ਸਥਾਨ ਪ੍ਰਾਪਤ ਕਰਨ ਵਾਲੇ 13 ਵਿਦਿਆਰਥੀਆਂ ਸਮੇਤ 47 ਮੈਰੀਟੋਰੀਅਸ ਵਿਦਿਆਰਥੀਆਂ ਨੂੰ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਡਿਗਰੀ ਵੰਡ ਸਮਾਗਮ ਦੀ ਪ੍ਰਧਾਨਗੀ ਏ. ਸੀ. ਜੀ. ਪੈਮਪੈਕ ਮਸ਼ੀਨਜ਼ ਦੇ ਸੀ. ਈ. ਓ. ਸੰਦੀਪ ਕੁਲਕਰਨੀ ਨੇ ਕੀਤੀ। ਉਨ੍ਹਾਂ ਇਸ ਮੌਕੇ ਡਿਗਰੀਆਂ ਹਾਸਿਲ ਕਰਨ ਵਾਲੇ ਸਮੂਹ ਵਿਦਿਆਰਥੀਆਂ ਨੂੰ ਕਿਹਾ ਕਿ ਜ਼ਿੰਦਗੀ 'ਚ ਪੈਸੇ ਦਾ ਬਹੁਤ ਮਹੱਤਵ ਹੈ ਪਰ ਜੇਕਰ ਤੁਸੀਂ ਵੱਡੀ ਸਫਲਤਾ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਮਨੀ ਮੇਕਿੰਗ ਨਾਲੋਂ ਕੈਰੀਅਰ ਮੇਕਿੰਗ ਵੱਲ ਵਧੇਰੇ ਤਵੱਜੋਂ ਦੇਣੀ ਚਾਹੀਦੀ ਹੈ। ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਲਾਂਡਰਾਂ ਦੇ ਪ੍ਰੈਜ਼ੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਨੇ ਇਸ ਮੌਕੇ ਕਿਹਾ ਕਿ ਭਾਵੇਂ ਵੱਡੀ ਗਿਣਤੀ ਵਿਦਿਆਰਥੀ ਡਿਗਰੀ ਪ੍ਰਾਪਤ ਕਰਨ ਤੋਂ ਪਹਿਲਾਂ ਹੀ ਕਈ-ਕਈ ਮਲਟੀਨੈਸ਼ਨਲ ਕੰਪਨੀਆਂ 'ਚ ਰੁਜ਼ਗਾਰ ਦੀ ਪੇਸ਼ਕਸ਼ ਪ੍ਰਾਪਤ ਕਰਕੇ ਆਰਥਿਕ ਪੱਖੋਂ ਨਿਸ਼ਚਿਤ ਹੋ ਚੁੱਕੇ ਹਨ ਪਰ ਉਨ੍ਹਾਂ ਨੂੰ ਜ਼ਿੰਦਗੀ ਦੀਆਂ ਹੋਰਨਾਂ ਸੁੱਖ ਸਹੂਲਤਾਂ ਦੇ ਨਾਲ-ਨਾਲ ਦੇਸ਼ ਅਤੇ ਸਮਾਜ ਪ੍ਰਤੀ ਆਪਣੇ ਕਰਤੱਵਾਂ ਨੂੰ ਵੀ ਬਾਖ਼ੂਬੀ ਨਿਭਾਉਣਾ ਚਾਹੀਦਾ ਹੈ।
ਇਸ ਮੌਕੇ ਵੱਖ-ਵੱਖ ਇੰਜੀਨੀਅਰਿੰਗ ਵਿਭਾਗਾਂ ਦੇ ਅਧਿਆਪਕਾਂ ਅਤੇ ਮੁਖੀਆਂ ਤੋਂ ਇਲਾਵਾ ਸੀ. ਜੀ. ਸੀ. ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ. ਜਗਤਾਰ ਸਿੰਘ ਖੱਟੜਾ, ਚੰਡੀਗੜ੍ਹ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਆਰ. ਐੱਸ. ਬਾਵਾ ਅਤੇ ਪ੍ਰੋ. ਵਾਈਸ ਚਾਂਸਲਰ ਡਾ. ਬੀ. ਐੱਸ. ਸੋਹੀ ਵੀ ਮੌਜੂਦ ਸਨ।
