ਕੋ-ਆਪ੍ਰੇਟਿਵ ਬੈਂਕ ਦਾ ਵੱਡਾ ਡਿਫਾਲਟਰ ਰਿਸ਼ੀ ਅੜਿੱਕੇ

11/27/2019 10:02:23 AM

ਪਠਾਨਕੋਟ (ਸ਼ਾਰਦਾ) - 250 ਕਰੋੜ ਜਮ੍ਹਾ ਪੂੰਜੀ, 80 ਹਜ਼ਾਰ ਉਪਭੋਗਤਾਵਾਂ ਤੇ 15 ਹਜ਼ਾਰ ਸ਼ੇਅਰ ਧਾਰਕਾਂ ਵਾਲੇ ਦਿ ਹਿੰਦੂ ਕੋ-ਆਪ੍ਰੇਟਿਵ ਬੈਂਕ, ਜਿਸ ਦਾ ਐੱਨ. ਪੀ. ਏ. 80 ਕਰੋੜ ਤੋਂ ਪਾਰ ਹੋ ਗਿਆ ਹੈ। ਆਰ. ਬੀ. ਆਈ. ਨੇ ਮਾਰਚ 2019 ਤੋਂ ਇਸਦੇ ਬੈਂਕ ਖਾਤਿਆਂ ’ਤੇ ਓ. ਡੀ. ਅਤੇ ਸੀ. ਸੀ. ਖਾਤਿਆਂ ’ਚ ਕਿਸੇ ਵੀ ਤਰ੍ਹਾਂ ਦੇ ਵਿੱਤੀ ਲੈਣ-ਦੇਣ ’ਤੇ ਪਿਛਲੇ 7 ਮਹੀਨਿਆਂ ਤੋਂ ਪਾਬੰਦੀ ਲਾਈ ਹੋਈ ਹੈ। ਬੈਂਕ ਪ੍ਰਬੰਧਕ ਐੱਨ. ਪੀ. ਏ. ਧਾਰਕਾਂ ਤੋਂ ਬਣਦੀ ਰਾਸ਼ੀ ਦੀ ਵਸੂਲੀ ਲਈ ਸਖਤ ਮਿਹਨਤ ਕਰ ਰਿਹਾ ਹੈ ਤਾਂ ਜੋ ਬੈਂਕ ਦਾ ਐੱਨ. ਪੀ. ਏ. ਵਾਪਸ ਆਉਣ ਨਾਲ ਆਰ. ਬੀ. ਆਈ. ਖਾਤਿਆਂ ’ਤੇ ਲਾਈਆਂ ਪਾਬੰਦੀਆਂ ਨੂੰ ਹਟਾਉਣ ਮਗਰੋਂ ਉਪਭੋਗਤਾਵਾਂ ਨੂੰ ਭਾਰੀ ਰਾਹਤ ਮਿਲ ਸਕੇ। ਹਾਲਾਂਕਿ 6 ਮਹੀਨੇ ਦੀ ਪਾਬੰਦੀ ਖਤਮ ਹੋਣ ਅਤੇ ਏ. ਪੀ. ਏ. ਦੀ ਇਕ ਤਿਹਾਈ ਰਾਸ਼ੀ ਵਾਪਸ ਆਉਣ ਮਗਰੋਂ ਆਰ. ਬੀ. ਆਈ. ਨੇ ਖਾਤਿਆਂ ’ਤੇ ਲਾਈਆਂ ਪਾਬੰਦੀਆਂ ਨਹੀਂ ਹਟਾਈਆਂ ਅਤੇ ਸਧਾਰਨ ਉਪਭੋਗਤਾਵਾਂ ਨੂੰ ਸਿਰਫ 4 ਹਜ਼ਾਰ ਦੀ ਨਿਕਾਸੀ ਰਾਹਤ ਨੂੰ ਮਾਮੂਲੀ ਤੌਰ ’ਤੇ ਵਧਾਉਂਦੇ ਹੋਏ 10 ਹਜ਼ਾਰ ਕਰ ਦਿੱਤੀ।

ਇਸ ਦੇ ਬਾਅਦ ਬੈਂਕ ਪ੍ਰਬੰਧਕ ਐੱਨ. ਪੀ. ਏ. ਧਾਰਕਾਂ ’ਤੇ ਸ਼ਿਕੰਜਾ ਕੱਸਦਾ ਜਾ ਰਿਹਾ ਸੀ ਪਰ ਵੱਡੇ ਅਤੇ ਰਸੂਖਦਾਰ ਡਿਫਾਲਟਰ ਹੁਣ ਤੱਕ ਬੈਂਕ ਦੀ ਪਕੜ ਤੋਂ ਦੂਰ ਸਨ। ਹਾਲਾਂਕਿ ਡਿਫਾਲਟਰਾਂ ਦੇ ਅਰੈਸਟ ਵਾਰੰਟ ਕੱਢੇ ਗਏ ਅਤੇ ਉਨ੍ਹਾਂ ਨੂੰ ਫੜਨ ਲਈ ਵਾਰ-ਵਾਰ ਉਨ੍ਹਾਂ ਦੇ ਠਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਸੀ। ਇਸੇ ਕੜੀ ਤਹਿਤ ਸੂਬੇ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਿਰਦੇਸ਼ਾਂ ’ਤੇ ਜੇ. ਆਰ. ਪਲਵਿੰਦਰ ਸਿੰਘ ਬੱਲ ਦੀ ਅਗਵਾਈ ਹੇਠ ਬੈਂਕ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਹੈ। ਬੈਂਕ ਦੇ ਅਮਲੇ ਨੇ ਪੁਲਸ ਫੋਰਸ ਨਾਲ ਬੈਂਕ ਦੇ ਡਿਫਾਲਟਰਾਂ (ਐੱਨ. ਪੀ. ਏ. ਧਾਰਕ) ’ਤੇ ਸਿਕੰਜਾ ਕਸਦੇ ਹੋਏ ਇਕ ਐੱਨ. ਪੀ. ਏ. ਧਾਰਕ ਬਨਾਰਸੀ ਦੀ ਹੱਟੀ ਦੇ ਮਾਲਕ ਅਤੇ ਪ੍ਰਸਿੱਧ ਵਪਾਰੀ ਰਿਸ਼ੀ ਅਰੋੜਾ ਨੂੰ ਸਖਤ ਮਿਹਨਤ ਤੋਂ ਬਾਅਦ ਅਰੈਸਟ ਵਾਰੰਟ ਦੀ ਬਦੌਲਤ ਕਾਬੂ ਕਰ ਲਿਆ ਹੈ।

ਇਸ ਸਬੰਧੀ ਜੇ. ਆਰ. ਪਲਵਿੰਦਰ ਸਿੰਘ ਬੱਲ ਨੇ ਦੱਸਿਆ ਕਿ ਬੈਂਕ ਦੇ ਪ੍ਰਬੰਧਕ ਐੱਨ. ਪੀ. ਏ. ਧਾਰਕਾਂ ਖਿਲਾਫ਼ ਮੁਹਿੰਮ ਤੇਜ਼ ਕੀਤੀ ਹੋਈ ਸੀ। ਇਸੇ ਦੌਰਾਨ ਬੈਂਕ ਨੂੰ ਜਾਣਕਾਰੀ ਮਿਲੀ ਕਿ ਉਕਤ ਵਪਾਰੀ ਬਟਾਲਾ ਦੇ ਕਰੀਬ ਪਿੰਡ ਘਸੀਟਪੁਰਾ ਆਉਂਦਾ-ਜਾਂਦਾ ਹੈ। ਇਸਦੇ ਬਾਅਦ ਟੀਮ ਨੇ ਪਹਿਲਾਂ ਪੂਰੀ ਰੇਕੀ ਕੀਤੀ। ਉਪਰੰਤ ਯਕੀਨੀ ਹੋਣ ’ਤੇ ਬਟਾਲਾ ਪੁਲਸ ਦੇ ਸਹਿਯੋਗ ਨਾਲ ਰਿਸ਼ੀ ਅਰੋੜਾ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਰਿਸ਼ੀ (ਬਨਾਰਸੀ ਦੀ ਹੱਟੀ) ਵੱਲ 4 ਕਰੋੜ 15 ਲੱਖ ਦਾ ਆਰੈਸਟ ਵਾਰੰਟ ਸੀ, ਜੋ ਉਸ ਨੇ ਐੱਨ. ਪੀ. ਏ. ਦੇ ਰੂਪ ’ਚ ਰਾਸ਼ੀ ਬੈਂਕ ਨੂੰ ਚੁਕਾਉਣੀ ਸੀ। ਉਨ੍ਹਾਂ ਕਿਹਾ ਕਿ ਕਿਸੇ ਵੀ ਡਿਫਾਲਟਰ ਨੂੰ ਕਿਸੇ ਵੀ ਸੂਰਤ ’ਚ ਬਖਸ਼ਿਆਂ ਨਹੀਂ ਜਾਵੇਗਾ ਅਤੇ ਨਿਯਮਾਂ ਤਹਿਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਬੈਂਕ ਵਿਚ ਜੋ ਡਿਫਾਲਟਰਾਂ ਦੀ 14.5 ਕਰੋੜ ਜਾਇਦਾਦ ਪਲੇਜ਼ ਹੈ, ਦੀ ਵਿਕਰੀ ਦੀ ਕਵਾਇਦ ਜਾਰੀ ਹੈ। ਇਨ੍ਹਾਂ ਦੇ ਵਿਕਣ ਤੋਂ ਬਾਅਦ ਕਾਫ਼ੀ ਐੱਨ. ਪੀ. ਏ. ਬੈਂਕ ਨੂੰ ਹੋਰ ਵਾਪਸ ਆ ਜਾਵੇਗਾ। ਇਸ ਨਾਲ ਬੈਂਕ ਦੀ ਵਿੱਤੀ ਸਥਿਤੀ ਹੋਰ ਸੁਧਰੇਗੀ।

25 ਹਜ਼ਾਰ ਦੀ ਨਿਕਾਸੀ ਕਰਨ ਲਈ ਆਰ. ਬੀ. ਆਈ. ਨੂੰ ਲਿਖਿਆ
ਜੇ. ਆਰ. ਬੱਲ ਨੇ ਦੱਸਿਆ ਕਿ ਬੈਂਕ ਵੱਲੋਂ ਉਪਭੋਗਤਾਵਾਂ ਨੂੰ ਮਿਲ ਰਹੀ 10 ਹਜ਼ਾਰ ਦੀ ਨਿਕਾਸੀ ਦੀ ਰਾਹਤ ਨੂੰ ਵਧਾ ਕੇ 25 ਹਜ਼ਾਰ ਕਰਨ ਲਈ ਆਰ. ਬੀ. ਆਈ. ਦੇ ਦਫਤਰ ਮੁੰਬਈ ਨੂੰ ਲਿਖਿਆ ਗਿਆ ਹੈ। ਇਸਦਾ ਛੇਤੀ ਜਵਾਬ ਮਿਲਣ ਦੀ ਸੰਭਾਵਨਾ ਹੈ। ਇਸ ਦੇ ਬਾਅਦ ਜੇਕਰ ਉਪਭੋਗਤਾਵਾਂ ਨੂੰ ਹੋਰ ਵੱਡੀ ਰਾਹਤ ਦਿਲਾਉਣ ਲਈ ਆਰ. ਬੀ. ਆਈ. ਦਫਤਰ ਜਾਣਾ ਪਵੇ ਤਾਂ ਉਹ ਜ਼ਰੂਰ ਜਾਣਗੇ।

24 ਮੁਲਾਜ਼ਮ ਭੇਜੇ ਡੈਪੂਟੇਸ਼ਨ ’ਤੇ
ਉੱਥੇ ਹੀ ਬੱਲ ਨੇ ਦੱਸਿਆ ਕਿ ਬੈਂਕ ਨੇ ਖਰਚਾ ਘੱਟ ਕਰਨ ਲਈ 24 ਮੁਲਾਜ਼ਮਾਂ ਨੂੰ ਡੈਪੂਟੇਸ਼ਨ ’ਤੇ ਭੇਜ ਦਿੱਤਾ ਹੈ ਅਤੇ 26 ਹੋਰ ਮੁਲਾਜ਼ਮਾਂ ਨੂੰ ਡੈਪੂਟੇਸ਼ਨ ’ਤੇ ਭੇਜਣ ਦੀ ਪ੍ਰਕ੍ਰਿਆ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਫਾਈਲਾਂ ਚੰਡੀਗੜ੍ਹ ’ਚ ਅੰਤਿਮ ਪ੍ਰਕ੍ਰਿਆ ਦਾ ਸਵਰੂਪ ਲੈ ਰਹੀਆਂ ਹਨ। ਕਰੀਬ 50 ਮੁਲਾਜ਼ਮਾਂ ਦੇ ਡੈਪੂਟੇਸ਼ਨ ’ਤੇ ਜਾਣ ਤੋਂ ਬਾਅਦ ਬੈਂਕ ਦੀ ਵਿੱਤੀ ਸਥਿਤੀ ’ਚ ਹੋਰ ਸੁਧਾਰ ਆਉਣ ਦੀ ਉਮੀਦ ਹੈ।


rajwinder kaur

Content Editor

Related News