ਗੁਰਬਾਣੀ ਪ੍ਰਸਾਰਣ ਐਕਟ ’ਚ ਸੋਧ ’ਤੇ ਬੋਲੇ ਦੀਪਕ ਬਾਲੀ, ਸਿੱਖਾਂ ਲਈ ਇਤਿਹਾਸਿਕ ਫ਼ੈਸਲਾ ਤੇ ਬਾਦਲਾਂ ਲਈ ਕਾਲਾ ਦਿਨ

Tuesday, Jun 20, 2023 - 08:55 PM (IST)

ਗੁਰਬਾਣੀ ਪ੍ਰਸਾਰਣ ਐਕਟ ’ਚ ਸੋਧ ’ਤੇ ਬੋਲੇ ਦੀਪਕ ਬਾਲੀ, ਸਿੱਖਾਂ ਲਈ ਇਤਿਹਾਸਿਕ ਫ਼ੈਸਲਾ ਤੇ ਬਾਦਲਾਂ ਲਈ ਕਾਲਾ ਦਿਨ

ਚੰਡੀਗੜ੍ਹ (ਬਿਊਰੋ) : ਗੁਰਬਾਣੀ ਪ੍ਰਸਾਰਣ ਐਕਟ ’ਚ ਪੰਜਾਬ ਵਿਧਾਨ ਸਭਾ ’ਚ  ‘ਆਪ’ ਸਰਕਾਰ ਵੱਲੋਂ ਸੋਧ ਕਰਨ ’ਤੇ ਪੰਜਾਬੀ ਪ੍ਰੇਮੀ ਤੇ ਦਿੱਲੀ ਸਰਕਾਰ ’ਚ ਕਲਾ, ਸੱਭਿਆਚਾਰ ਤੇ ਭਾਸ਼ਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕੀਤੀ ਹੈ। ਬਾਲੀ ਨੇ ਕਿਹਾ ਕਿ ਅੱਜ ਦਾ ਦਿਨ ਸਮੁੱਚੀ ਦੁਨੀਆ ’ਚ ਵਸੀ ਸਿੱਖ ਸੰਗਤ ਲਈ ਬਹੁਤ ਹੀ ਵਡਭਾਗਾ ਤੇ ਚੰਗਾ ਦਿਨ ਹੈ। ਲੋਕ ਦਹਾਕਿਆਂ ਤੱਕ ਵੀ ਇਹੋ ਜਿਹੇ ਫ਼ੈਸਲੇ ਨਹੀਂ ਲੈ ਸਕਦੇ ਕਿ ਕਿਸ ਤਰ੍ਹਾਂ ਕਿਸੇ ਇਕ ਵਿਅਕਤੀ ਦਾ ਗੁਰਬਾਣੀ ਪ੍ਰਸਾਰਣ ’ਤੇ ਏਕਾਧਿਕਾਰ ਹੋ ਸਕਦਾ ਹੈ ਕਿਉਂਕਿ ਸ੍ਰੀ ਹਰਿਮੰਦਰ ਸਾਹਿਬ ਚਹੁੰ ਵਰਣਾਂ ਦਾ ਸਾਂਝਾ ਸਥਾਨ ਹੈ।

ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮੁੱਚੀ ਦੁਨੀਆ ਦੇ ਲੋਕ ਸੀਸ ਝੁਕਾਉਣ ਲਈ ਆਉਂਦੇ ਹਨ ਤੇ ਉਸ ਪਵਿੱਤਰ ਸਥਾਨ ਤੋਂ ਪ੍ਰਸਾਰਿਤ ਹੁੰਦੀ ਗੁਰਬਾਣੀ ਨੂੰ ਇਕ ਚੈਨਲ ਤਕ ਸੀਮਤ ਕਰਨਾ ਤੇ ਬਾਕੀ ਲੋਕਾਂ ਨੂੰ ਉਸ ਨੂੰ ਦਿਖਾਉਣ ਦਾ ਅਧਿਕਾਰ ਨਾ ਦੇਣਾ ਗੁਰਬਾਣੀ, ਸਿੱਖ ਸੰਗਤ ਦੀ ਭਾਵਨਾ ਤੇ ਸਿੱਖ ਧਰਮ ਤੇ ਸਮੁੱਚੀ ਪੰਜਾਬੀਅਤ ਦੇ ਪ੍ਰਚਾਰ-ਪ੍ਰਸਾਰ ਨਾਲ ਇਕ ਬਹੁਤ ਵੱਡਾ ਧੋਖਾ ਸੀ, ਜੋ ਇਕ ‘ਸੋ ਕਾਲਡ’ ਪੰਥਕ ਪਰਿਵਾਰ ਨੇ ਕੀਤਾ ਸੀ। 

ਬਾਲੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਬਿਆਨ ’ਤੇ ਬੋਲਦਿਆਂ ਕਿਹਾ ਕਿ ਐਡਵੋਕੇਟ ਧਾਮੀ ਕਹਿ ਰਹੇ ਹਨ ਕਿ ਅੱਜ ਕਾਲਾ ਦਿਨ ਹੈ ਪਰ ਅੱਜ ਦਾ ਦਿਨ ਸੋਨੇ ਦੇ ਅੱਖਰਾਂ ਨਾਲ ਲਿਖਿਆ ਜਾਣਾ ਚਾਹੀਦਾ ਹੈ। ਜਿਹੜੇ ਹੋਰ ਚੈਨਲ, ਜੋ ਗੁਰਬਾਣੀ ਦਾ ਪ੍ਰਚਾਰ-ਪ੍ਰਸਾਰ ਕਰਨਾ ਚਾਹੁੰਦੇ ਹਨ, ਉਨ੍ਹਾਂ ’ਤੇ ਕਿਸ ਗੱਲ ਦੀ ਪਾਬੰਦੀ ਹੈ ਕਿਉਂਕਿ ਗੁਰਬਾਣੀ ਤਾਂ ਲੋਕਾਈ ਲਈ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੂੰ ਕਿਹਾ ਕਿ ਉਹ ਸਿੱਖ ਸੰਗਤ, ਐੱਸ. ਜੀ. ਪੀ. ਸੀ. ਦੇ ਸੇਵਾਦਾਰ ਹਨ ਤੇ ਉਨ੍ਹਾਂ ਦੇ ਜ਼ਿੰਮੇ ਸ੍ਰੀ ਦਰਬਾਰ ਸਾਹਿਬ ਤੇ ਸਿੱਖੀ ਦਾ ਪ੍ਰਚਾਰ-ਪ੍ਰਸਾਰ ਕਰਨ ਦੀ ਸੇਵਾ ਲੱਗੀ ਹੋਈ ਹੈ, ਨਾ ਕਿ ਇਕ ਪਰਿਵਾਰ ਦੇ ਇਸ਼ਾਰਿਆਂ ’ਤੇ ਕੰਮ ਕਰਨਾ ਜਾਂ ਬੋਲਣਾ ਕਿਉਂਕਿ ਇਹ ਉਨ੍ਹਾਂ ਨੂੰ ਸੋਭਦਾ ਨਹੀਂ ਹੈ।

ਬਾਲੀ ਨੇ ਕਿਹਾ ਕਿ ਧਾਮੀ ਜੀ ਬਹੁਤ ਸਤਿਕਾਰਯੋਗ ਹਨ, ਇਸ ਲਈ ਉਨ੍ਹਾਂ ਵੱਲੋਂ ਕਿਸੇ ਦੇ ਇਸ਼ਾਰਿਆਂ ’ਤੇ ਗੱਲਾਂ ਕਰਨਾ ਚੰਗਾ ਨਹੀਂ ਲੱਗਦਾ। ਬਾਲੀ ਨੇ ਬਾਦਲਾਂ ਬਾਰੇ ਬੋਲਦਿਆਂ ਕਿਹਾ ਕਿ ਇਹ ਸਿੱਖਾਂ ਲਈ ਇਤਿਹਾਸਿਕ ਫ਼ੈਸਲਾ ਤੇ ਬਾਦਲਾਂ ਲਈ ਕਾਲਾ ਦਿਨ ਹੈ। ਉਨ੍ਹਾਂ ਦਾ ਰੈਵੇਨਿਊ ਟੁੱਟਣਾ, ਦੁਕਾਨਾਂ ਬੰਦ ਹੋਣੀਆਂ ਤੇ ਉਨ੍ਹਾਂ ਦਾ ਬਿਜ਼ਨੈੱਸ ਮਾਡਲ ਫੇਲ੍ਹ ਹੋਣਾ ਹੈ ਤੇ ਇਹ ਹੋਣਾ ਵੀ ਚਾਹੀਦਾ ਹੈ ਕਿਉਂਕਿ ਗੁਰਬਾਣੀ ਨੂੰ ਕਿਸੇ ਇਕ ਤੱਕ ਸੀਮਤ ਕਰਨ ਦਾ ਕੋਈ ਮਤਲਬ ਹੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਇਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੇ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਲਏ ਫ਼ੈਸਲੇ ਦੀ ਸ਼ਲਾਘਾ ਕਰਦਾ ਹਾਂ ਤੇ ਸਮੁੱਚੀ ਸਿੱਖ ਸੰਗਤ ਦੇ ਨਾਲ-ਨਾਲ ਪੂਰੀ ਪੰਜਾਬੀਅਤ ਨੂੰ ਵਧਾਈ ਦਿੰਦਾ ਹਾਂ ਕਿ ਅੱਜ ਦੇ ਦਿਨ ਤੋਂ ਸਾਡੀ ਗੁਰਬਾਣੀ, ਸਾਡੇ ਸਿੱਖ ਸਿਧਾਂਤ ਤੇ ਸਾਡੀ ਸਿੱਖ ਵਿਚਾਰਧਾਰਾ ਹੋਰ ਵਧੇ-ਫੁੱਲੇਗੀ।


author

Manoj

Content Editor

Related News