ਮਾਂ ਦਿਵਸ ਨੂੰ ਸਮਰਪਿਤ : ਪ੍ਰਦੇਸੋਂ ਆਇਆ ਪੁੱਤ

Monday, May 11, 2020 - 06:03 PM (IST)

ਮਾਂ ਦਿਵਸ ਨੂੰ ਸਮਰਪਿਤ : ਪ੍ਰਦੇਸੋਂ ਆਇਆ ਪੁੱਤ

ਜਗਬਾਣੀ ਸਾਹਿਤ ਵਿਸ਼ੇਸ਼
ਲੇਖਕ : ਵੀਰ ਸਿੰਘ ਵੀਰਾ 

ਅੱਜ ਸਵੇਰ ਦਾ ਜਦੋਂ ਦਿਨ ਚੜ੍ਹਿਆ, ਉਸ ਮਾਂ ਦਾ ਚਿਹਰਾ ਗੁਲਾਬ ਵਾਂਗ ਖਿੜਿਆ ਹੋਇਆ ਸੀ, ਜਿਸ ਦਾ ਪੁੱਤ ਕਈ ਵਰ੍ਹਿਆਂ ਤੋਂ ਪ੍ਰਦੇਸੀਂ ਜਾ ਕੇ ਵੱਸ ਗਿਆ ਸੀ, ਅੱਜ ਪਤਾ ਨਹੀਂ ਕਿਉਂ, ਬਨੇਰੇ ਤੇ ਬੈਠਾ ਕਾਂ ਵੀ ਕਾਂ....ਕਾਂ...ਕਰੀ ਜਾ ਰਿਹਾ ਸੀ। ਘਰੇ ਸੈਮਸੰਗ ਦਾ ਛੋਟਾ ਜਿਹਾ ਮੋਬਾਈਲ ਸੀ, ਜਿਹਦੀ ਬੈਟਰੀ ਪੈਣ ਵਾਲੀ ਸੀ। ਕਈ ਵਾਰੀ ਪੁੱਤ ਦਾ ਫੋਨ ਆਉਂਦਾ, ਕਦੇ ਗੱਲ ਹੋ ਜਾਂਦੀ, ਕਦੇ ਨਾ ਹੁੰਦੀ। ਹੁਣ ਤਾਂ ਜਿੱਦਣ ਦਾ ਲੌਕ ਡਾਊਨ ਹੋਇਆ ਸੀ, ਦੁਕਾਨਾਂ ਖੁਲ੍ਹੀਆਂ ਨਾ ਹੋਣ ਕਰਕੇ ਨਵੀਂ ਬੈਟਰੀ ਮਿਲਣੀ ਔਖੀ ਸੀ। ਅੱਗ ਲੱਗਣਾ ਮੋਬਾਈਲ ਹੁਣ ਤਾਂ ਬਿਲਕੁਲ ਬੰਦ ਹੋ ਗਿਆ ਸੀ। ਨਾ ਪੁੱਤ ਨਾਲ ਕੋਈ ਗੱਲ ਹੋਈ, ਨਾ ਕੋਈ ਪਤਾ, ਕਿਸ ਹਾਲ ਵਿੱਚ ਹੋਏਗਾ ਮੇਰਾ ਪੁੱਤ। ਜਿਹੜੀ ਵੀ ਕੋਈ ਉਹਨੂੰ ਮਿਲਦੀ, ਆਖਦੀ, 
...ਤੇਰਾ ਪੁੱਤ ਤਾਂ ਉਸ ਦੇਸ਼ ਵਿੱਚ ਆ, ਜਿੱਥੇ ਬਹੁਤ ਜਿਆਦਾ ਬੀਮਾਰੀ ਫੈਲੀ ਹੋਈ ਆ। ਰੱਬ ਖੈਰ ਕਰੇ...। 
ਇੰਨਾ ਸੁਣਦਿਆਂ ਹੀ ਉਸ ਮਾਂ ਦਾ ਦਿਲ ਵਿੰਨਿਆਂ ਜਾਂਦਾ। ਕਿੰਨੇ ਹੀ ਦਿਨਾਂ ਤੋਂ ਫਿਕਰਾਂ ਨਾਲ ਮਾਂ ਬਿਮਾਰ ਹੋਈ ਪਈ ਸੀ। ਉਦਾਸ ਜਿਹੀ ਹੋਈ ਡਾਉਰ ਭਾਉਰੀ ਰਹਿੰਦੀ ਸੀ, ਨਾ ਹੱਸਦੀ ਨਾ ਬੋਲਦੀ, ਗੁੰਮ- ਸੁੰਮ ਜਿਹੀ ਰਹਿੰਦੀ ਸੀ। ਅੱਜ ਸਵੇਰ ਵੇਲੇ ਜਦੋਂ ਗੁਰਦੁਆਰੇ ਗਈ, ਉਸਨੂੰ ਕਿਸੇ ਨੇ ਦੱਸਿਆ, ਕਿ ਤੇਰਾ ਪੁੱਤ ਜਹਾਜ ਰਾਹੀਂ ਘਰੇ ਵਾਪਿਸ ਆ ਰਿਹਾ ਹੈ। ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ । ਭੱਜ- ਭੱਜ ਕੇ ਸਭ ਕੁੱਝ ਕਰ ਰਹੀ ਸੀ। ਪੁੱਤ ਦੇ ਘਰੇ ਆਉਣ ਦਾ ਬੜਾ ਚਾਅ ਸੀ। ਘੜੀ-ਮੁੜੀ ਗੇਟ ਵੱਲ ਤੱਕਦੀ ਸੀ। ਦੋਧੀ ਨੂੰ ਵੀ ਵਾਧੂ ਦੁੱਧ ਲੈਣ ਲਈ, ਅਤੇ ਪਨੀਰ ਬਾਰੇ ਆਖ ਛੱਡਿਆ ਸੀ। ਮੇਰੇ ਪੁੱਤ ਨੂੰ ਬੜੀ ਭੁੱਖ ਲੱਗੀ ਹੋਣੀ ਏਂ। ਕੰਮ ਕਰਦੀ ਹੋਈ ਨੂੰ ਬਾਹਰੋਂ ਦੋਧੀ ਨੇ ਆਵਾਜ ਮਾਰੀ, 
...ਬੀਬੀ ਜੀ ਆਹ ਪਨੀਰ ਤੇ ਦੁੱਧ ਲੈ ਲਉ... 
ਸੁਣਦਿਆਂ ਸਾਰ ਹੀ ਹੱਥ ਵਿੱਚ ਬਾਲਟੀ ਫੜ ਕੇ ਗੇਟ ਵੱਲ ਨੂੰ ਭੱਜ ਪਈ। 
ਲਿਆ ਵੇ ਦੋਧੀਆ... ਛੇਤੀ ਕਰ ਦੁੱਧ ਪਾ ਦੇ...। 
ਬੀਬੀ ਹੌਲੀ ਆ...ਹੌਲੀ... ਡਿੱਗ ਨਾ ਪਈਂ, ਮੈਨੂੰ ਪਤਾ ਤੂੰ ਕਿਹੜੀ ਗੱਲੋਂ ਖੁਸ਼ ਆਂ, ਅੱਜ ਤੇਰਾ ਲਾਡਲਾ ਪੁੱਤ ਆ ਗਿਆ,ਦੋਧੀ ਨੇ ਆਖਿਆ।
 ਹੈਂ!... ਆ...ਗਿਆ ? ਤੈਨੂੰ ਕਿਹਨੇ ਦੱਸਿਆ ਕਿੱਥੇ ਆ.....? 
ਆਹ ਜਿਹੜਾ ਆਪਣੀ ਸ਼ੜਕ ਤੇ ਕਾਲਜ ਆ ਨਾ, ਉਥੇ ਆ ਗਿਆ। ਉਹਦੇ ਨਾਲ ਹੋਰ ਵੀ ਬੜੇ ਜਣੇ ਆ...। ਸਰਕਾਰ ਨੇ ਜਹਾਜ਼ ਰਾਹੀਂ ਲੈ ਆਂਦਾ ਏ। ਆਪਣੇ ਸਾਰੇ ਦੇਸ਼ ਦੇ ਸਾਰੇ ਮੁੰਡਿਆਂ ਨੂੰ। 
ਦੋਧੀ ਨੇ ਜਵਾਬ ਦਿੱਤਾ। ਜੁਗ-ਜੁਗ ਜੀਵੇਂ ਨੀ ਸਰਕਾਰੇ, ਮੇਰੀ ਉਮਰ ਵੀ ਥੋਨੂੰ ਲੱਗ ਜੇ। ਉਹਨਾਂ ਸਰਕਾਰੀ ਬੰਦਿਆਂ ਨੂੰ। ਜਿੰਨਾਂ ਨੇ ਮੇਰੇ ਪੁੱਤ ਨੂੰ ਸਹੀ ਸਲਾਮਤ ਘਰੇ ਲੈ ਆਂਦਾ, ਥੋਡੇ ਪੁੱਤ ਜੀਣ, ਤੁਹਾਡੀਆਂ ਲੰਮੀਆਂ ਉਮਰਾਂ ਹੋਣ, ਕਾਲਜੇ ਨੂੰ ਠੰਡ ਪੈ ਗਈ ਪੁੱਤ, ਇੱਥੇ ਖੜ੍ਹਾ ਰਾਹੀਂ ਜਾਈਂ ਨਾ ਮੈਂ ਤੇਰਾ ਮੂੰਹ ਮਿੱਠਾ ਕਰਾਉਣੀ ਆਂ...
 ਇੰਨਾ ਕਹਿੰਦੀ ਹੋਈ ਭੱਜ ਕੇ ਘਰੇ ਗਈ, ਅਤੇ ਬਰਫੀ ਵਾਲੇ ਡੱਬੇ ਚੋਂ ਰੁੱਗ ਭਰਕੇ ਬਰਫੀ ਲਿਆ ਕੇ, ਦੋਧੀ ਦੇ ਹੱਥ ਤੇ ਧਰ ਦਿੱਤੀ। ਅਜੇ ਪਿਛਾਂਹ ਵੱਲ ਨੂੰ ਮੁੜਨ ਹੀ ਲੱਗੀ ਸੀ , ਕਿ ਸਰਪੰਚ ਨੇ ਆਵਾਜ ਮਾਰ ਦਿੱਤੀ। 
ਭਰਜਾਈ ਵਧਾਈ ਹੋਵੇ...ਤੇਰਾ ਪੁੱਤ ਆ ਗਿਆ। ਚੱਲ ਜਲਦੀ ਕਰ, ਸਕੂਲੇ ਬੈਠੇ ਨੇ ਜਾ ਮਿਲ ਲਾ, ਮੈਂ ਤੈਨੂੰ ਲੈਣ ਆਇਆਂ। ਅੱਜ ਮਾਂ ਦੀਆਂ ਅੱਖਾਂ ਵਿੱਚ ਅਨੋਖੀ ਚਮਕ ਸੀ, ਸੁਣ ਕੇ ਐਨੀ ਖੁਸ਼ੀ ਹੋਈ, ਕਿ ਅੱਖਾਂ ਵਿੱਚੋਂ ਪਰਲ-ਪਰਲ ਹੰਝੂ ਵਗਣ ਪਏ,ਗਲ਼ ਭਰ ਆਇਆ ਸੀ। ਕਈਆਂ ਸਾਲਾਂ ਬਾਅਦ ਪੁੱਤ ਮਾਂ ਨੂੰ ਮਿਲਣ ਲੱਗਾ ਸੀ 
 
ਮੋਬਾ : 9780253156


author

jasbir singh

News Editor

Related News