ਪਟਾਕਿਆਂ 'ਤੇ ਪਾਬੰਦੀ ਹੈ ਜਾਂ ਨਹੀਂ, ਚੰਡੀਗੜ੍ਹ ਅੱਜ ਲਵੇਗਾ ਫੈਸਲਾ

Friday, Nov 06, 2020 - 05:42 PM (IST)

ਪਟਾਕਿਆਂ 'ਤੇ ਪਾਬੰਦੀ ਹੈ ਜਾਂ ਨਹੀਂ, ਚੰਡੀਗੜ੍ਹ ਅੱਜ ਲਵੇਗਾ ਫੈਸਲਾ

ਚੰਡੀਗੜ੍ਹ (ਰਾਏ/ਰਾਜਿੰਦਰ) : ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ. ਜੀ. ਟੀ.) 'ਚ ਵੀਰਵਾਰ ਨੂੰ ਜਿਨ੍ਹਾਂ 18 ਰਾਜਾਂ 'ਚ ਪਟਾਕਿਆਂ 'ਤੇ ਰੋਕ ਲਾਉਣ ਨੂੰ ਲੈ ਕੇ ਸੁਣਵਾਈ ਹੋਈ, ਉਨ੍ਹਾਂ 'ਚ ਚੰਡੀਗੜ੍ਹ ਵੀ ਸ਼ਾਮਲ ਹੈ। ਐੱਨ. ਜੀ. ਟੀ. ਨੇ ਇਸ ਸਬੰਧ 'ਚ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਅਤੇ ਸਾਰੇ ਰਾਜਾਂ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਤੱਕ ਜਵਾਬ ਮੰਗਿਆ ਹੈ। ਐੱਨ. ਜੀ. ਟੀ. ਨੇ ਇਨ੍ਹਾਂ 18 ਰਾਜਾਂ ਤੋਂ ਪੁੱਛਿਆ ਹੈ ਕਿ ਉਨ੍ਹਾਂ ਦੇ ਉੱਥੇ ਏਅਰ ਕੁਆਲਿਟੀ ਕਿਵੇਂ ਦੀ ਹੈ ਅਤੇ ਦੀਵਾਲੀ ਤੋਂ 10 ਦਿਨ ਪਹਿਲਾਂ ਅਤੇ ਬਾਅਦ ਵਿਚ ਹਵਾ ਪ੍ਰਦੂਸ਼ਣ ਨੂੰ ਰੋਕਣ ਦੇ ਕੀ ਉਪਾਅ ਕੀਤੇ ਜਾ ਸਕਦੇ ਹਨ? ਇਸ ਫ਼ੈਸਲਾ ਤੋਂ ਬਾਅਦ ਦਿੱਲੀ ਨੇ ਤਾਂ ਪਟਾਕਿਆਂ 'ਤੇ ਪਾਬੰਦੀ ਲਾ ਦਿੱਤੀ, ਜਦੋਂਕਿ ਚੰਡੀਗੜ੍ਹ ਪ੍ਰਸ਼ਾਸਨ ਸ਼ੁੱਕਰਵਾਰ ਨੂੰ ਹੀ ਅੰਤਿਮ ਫ਼ੈਸਲਾ ਲਵੇਗਾ। ਇਸ ਨੂੰ ਲੈ ਕੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਸ਼ੁੱਕਰਵਾਰ ਨੂੰ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਬੈਠਕ ਬੁਲਾਈ ਹੈ, ਜਿਸ ਵਿਚ ਐੱਨ. ਜੀ. ਟੀ. ਦੇ ਨੋਟਿਸ 'ਤੇ ਜਵਾਬ ਦੇਣ ਦੇ ਸੰਬੰਧ 'ਚ ਫੈਸਲਾ ਲਿਆ ਜਾਵੇਗਾ। ਇਸ ਤੋਂ ਪਹਿਲਾਂ ਵੀਰਵਾਰ ਨੂੰ ਬੈਠਕ ਬੁਲਾਈ ਗਈ ਸੀ, ਜਿਸਨੂੰ ਕੁਝ ਕਾਰਨਾਂ ਦੇ ਚਲਦੇ ਟਾਲ ਦਿੱਤਾ ਗਿਆ।

ਸਟਾਲ ਦੇ ਡਰਾਅ ਕੱਢ ਚੁੱਕੇ
ਪ੍ਰਸ਼ਾਸਨ ਵਲੋਂ 96 ਲੋਕਾਂ ਨੂੰ 14 ਥਾਂਵਾਂ 'ਤੇ ਪਟਾਕਿਆਂ ਦੇ ਸਟਾਲ ਲਾਉਣ ਦੇ ਸਥਾਨ ਅਲਾਟ ਕਰਨ ਦਾ ਡਰਾਅ ਕੱਢਿਆ ਜਾ ਚੁੱਕਿਆ ਹੈ ਪਰ ਨਤੀਜਾ ਰੋਕ ਦਿੱਤੀ ਗਈ। ਸ਼ਹਿਰ 'ਚ ਪਟਾਕੇ ਵੇਚਣ ਅਤੇ ਚਲਾਉਣ ਦੀ ਇਜਾਜ਼ਤ ਦਿੱਤੇ ਜਾਣ 'ਤੇ ਅੰਤਿਮ ਫ਼ੈਸਲੇ ਤੋਂ ਬਾਅਦ ਹੀ ਡਰਾਅ ਦੇ ਨਤੀਜੇ ਐਲਾਨੇ ਜਾਣਗੇ। ਯਾਦ ਰਹੇ ਕਿ ਪਿਛਲੇ ਦਿਨ ਐੱਨ. ਜੀ. ਟੀ. ਨੇ ਇਸ ਸੰਬੰਧ ਵਿਚ ਦਰਜ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਦਿੱਲੀ, ਯੂ. ਪੀ., ਰਾਜਸਥਾਨ ਅਤੇ ਹਰਿਆਣਾ ਨੂੰ ਅਗਲੀ ਸੁਣਵਾਈ ਲਈ ਨੋਟਿਸ ਜਾਰੀ ਕੀਤੇ ਸਨ ਪਰ ਬਾਅਦ ਵਿਚ 14 ਅਤੇ ਰਾਜ ਸ਼ਾਮਲ ਕੀਤੇ ਗਏ, ਜਿੱਥੇ ਹਵਾ ਦੀ ਗੁਣਵੱਤਾ ਘੱਟ ਹੈ। ਇਨ੍ਹਾਂ ਵਿਚ ਚੰਡੀਗੜ੍ਹ ਵੀ ਸ਼ਾਮਿਲ ਹੈ।

ਇਹ ਵੀ ਪੜ੍ਹੋ : 1500 ਸਮਾਰਟ ਸਕੂਲਾਂ ਦਾ ਕੱਲ ਵਰਚੁਅਲ ਉਦਘਾਟਨ ਕਰਨਗੇ ਮੁੱਖ ਮੰਤਰੀ, ਪਿੰਡ ਵਾਸੀ ਬਣਨਗੇ ਗਵਾਹ

ਪਟਾਕਾ ਵਪਾਰੀ ਬੋਲੇ : ਅਸੀ ਬਰਬਾਦ ਹੋ ਜਾਵਾਂਗੇ
ਚੰਡੀਗੜ੍ਹ ਕ੍ਰੈਕਰਜ਼ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਗੁਪਤਾ ਨੇ ਕਿਹਾ ਕਿ ਜਿੰਨੇ ਵੱਡੇ ਵਪਾਰੀ ਹਨ, ਉਹ ਪਟਾਕਿਆਂ ਦੇ ਆਰਡਰ ਦੇ ਚੁੱਕੇ ਹਨ ਅਤੇ ਪੈਸੇ ਵੀ ਦੇ ਚੁੱਕੇ ਹਨ। ਐਸੋਸੀਏਸ਼ਨ ਦੇ ਜਨਰਲ ਸਕੱਤਰ ਚਿਰਾਗ ਅਗਰਵਾਲ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਰਾਜ ਸਰਕਾਰਾਂ ਨੂੰ ਹਰ ਸਾਲ ਦੀਵਾਲੀ ਦੇ ਦਿਨਾਂ ਵਿਚ ਹੀ ਪ੍ਰਦੂਸ਼ਣ ਦੀ ਚਿੰਤਾ ਕਿਉਂ ਹੁੰਦੀ ਹੈ। ਪੰਜਾਬ 'ਚ ਵੱਡੇ ਪੱਧਰ 'ਤੇ ਪਰਾਲੀ ਸਾੜੀ ਜਾਂਦੀ ਹੈ, ਜੋ ਕਿ ਪ੍ਰਦੂਸ਼ਣ ਦਾ ਵੱਡਾ ਕਾਰਣ ਹੈ। ਅਗਰਵਾਲ ਨੇ ਕਿਹਾ ਕਿ ਵਪਾਰੀ ਲੱਖਾਂ ਦਾ ਆਰਡਰ ਦੇ ਚੁੱਕੇ ਹਨ ਅਤੇ ਲੱਖਾਂ ਦੇ ਪਿਛਲੇ ਸਾਲ ਦੇ ਪਟਾਕੇ ਵੀ ਸਟਾਕ ਵਿਚ ਪਏ ਹਨ। ਹੁਣ ਜੇਕਰ ਰੋਕ ਲੱਗਦੀ ਹੈ ਤਾਂ ਉਹ ਲੋਕ ਤਾਂ ਬਰਬਾਦ ਹੋ ਜਾਣਗੇ।

ਕਾਂਗਰਸ ਨੂੰ ਜਾਰੀ ਕਰਣਾ ਪਿਆ ਬਿਆਨ
ਕਾਂਗਰਸ ਕੌਂਸਲਰ ਦਵਿੰਦਰ ਸਿੰਘ ਬਬਲਾ ਨੇ ਵੀ ਪ੍ਰਸ਼ਾਸਕ ਨੂੰ ਅਪੀਲ ਕੀਤੀ ਕਿ ਪਟਾਕਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਲੱਗਣੀ ਚਾਹੀਦੀ ਹੈ। ਪਟਾਕਿਆਂ ਦੇ ਵਪਾਰੀਆਂ ਨੇ ਬਬਲਾ ਦੇ ਬਿਆਨ ਦੀ ਆਲੋਚਨਾ ਕੀਤੀ। ਗੱਲ ਵਧੀ ਤਾਂ ਕਾਂਗਰਸ ਨੂੰ ਸ਼ਾਮ ਨੂੰ ਬਿਆਨ ਜਾਰੀ ਕਰਨਾ ਪਿਆ। ਪਾਰਟੀ ਵਲੋਂ ਕਿਹਾ ਗਿਆ ਕਿ ਵਪਾਰੀ ਪਹਿਲਾਂ ਹੀ ਆਰਥਿਕ ਮੰਦੀ ਝੱਲ ਰਹੇ ਹਨ। ਜੇਕਰ ਪਟਾਕਿਆਂ ਦੀ ਵਿਕਰੀ ਦੀ ਮਨਜ਼ੂਰੀ ਨਾ ਦਿੱਤੀ ਤਾਂ ਉਨ੍ਹਾਂ ਨੂੰ ਲੱਖਾਂ ਦਾ ਨੁਕਸਾਨ ਝੱਲਣਾ ਪਵੇਗਾ। ਕਾਂਗਰਸ ਦੇ ਸਾਬਕਾ ਮੇਅਰ ਹਰਫੂਲਚੰਦਰ ਕਲਿਆਣ ਅਤੇ ਕਾਉਂਸਲਰ ਸਤੀਸ਼ ਕੈਂਥ ਨੇ ਵੀ ਕਿਹਾ ਕਿ ਚੰਡੀਗੜ੍ਹ ਵਿਚ ਪਟਾਕਿਆਂ ਦੀ ਵਿਕਰੀ ਹੋਣੀ ਚਾਹੀਦੀ ਹੈ।

ਗਰੀਨ ਕਵਰ ਬਚਿਆ ਰਿਹਾ ਪ੍ਰਦੂਸ਼ਣ ਤੋਂ
ਦੱਸਿਆ ਜਾਂਦਾ ਹੈ ਕਿ ਚੰਡੀਗੜ੍ਹ ਵਿਚ ਪ੍ਰਦੂਸ਼ਣ ਦਾ ਪੱਧਰ ਉੱਤਰ ਭਾਰਤ ਦੇ ਸਾਰੇ ਦੂਜੇ ਸ਼ਹਿਰਾਂ ਨਾਲੋਂ ਬਿਹਤਰ ਹੈ। ਚੰਡੀਗੜ੍ਹ ਇਕੱਲਾ ਅਜਿਹਾ ਸ਼ਹਿਰ ਹੈ, ਜਿਸ ਦਾ ਏ. ਕਿਊ. ਆਈ. 300 ਦੇ ਆਸ-ਪਾਸ ਰਿਹਾ ਹੈ ਜਦੋਂਕਿ ਉੱਤਰ ਭਾਰਤ ਦੇ ਕਈ ਸ਼ਹਿਰਾਂ ਦਾ ਪਰਟੀਕਿਊਲੇਟ ਮੈਟਰ 900 ਤੋਂ ਵੀ ਜ਼ਿਆਦਾ ਰਹਿ ਚੁੱਕਿਆ ਹੈ। ਚੰਡੀਗੜ੍ਹ ਵਿਚ ਕਰੀਬ 40 ਫੀਸਦੀ ਹਿੱਸਾ ਹਰਿਆਲੀ ਨਾਲ ਕਵਰ ਹੈ। ਹਵਾ ਪ੍ਰਦੂਸ਼ਣ ਵਿਚ ਗਰੀਨ ਕਵਰ ਸ਼ਹਿਰ ਨੂੰ ਸੁਰੱਖਿਆ ਦੇ ਰਿਹਾ ਹੈ। ਗਰੀਨ ਕਵਰ ਪਰਟੀਕਿਊਲੇਟ ਮੈਟਰ ਨੂੰ ਸੋਖਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸ਼ਹਿਰ ਨੂੰ ਕੇਵਲ ਪੌਦਿਆਂ ਨਾਲ, ਜੈਵ ਵਿਭਿੰਨਤਾ 'ਤੇ ਧਿਆਨ ਕੇਂਦਰਿਤ ਕਰਨ, ਟ੍ਰੈਫਿਕ ਘੱਟ ਕਰਣ ਦੀ ਠੋਸ ਨੀਤੀ ਅਤੇ ਦਰਖਤਾਂ ਨੂੰ ਮੁੜ ਲਾਉਣ 'ਤੇ ਧਿਆਨ ਦੇਣ ਦੀ ਲੋੜ ਹੈ।

ਇਹ ਵੀ ਪੜ੍ਹੋ : ਲੁਧਿਆਣਾ: ਵਿਹੜੇ 'ਚ ਖੇਡ ਰਹੀ 6 ਸਾਲਾ ਬੱਚੀ ਨਾਲ 45 ਸਾਲਾ ਵਿਅਕਤੀ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ

ਗੁਆਂਢੀ ਖੇਤਰਾਂ ਤੋਂ ਆਉਣ ਵਾਲੇ ਪ੍ਰਦੂਸ਼ਕ ਤੱਤਾਂ 'ਤੇ ਕੋਈ ਕੰਟਰੋਲ ਨਹੀਂ
ਚੰਡੀਗੜ੍ਹ ਦੇ ਵਾਤਾਵਰਣ ਵਿਭਾਗ ਦੇ ਡਾਇਰੈਕਟਰ ਦਵਿੰਦਰ ਦਲਾਈ ਨੇ ਕਿਹਾ ਕਿ ਗਰੀਨ ਕਵਰ ਅਤੇ ਹਵਾ ਗੁਣਵੱਤਾ ਦੋ ਵੱਖ-ਵੱਖ ਚੀਜ਼ਾਂ ਹਨ। ਵਿਸ਼ੇਸ਼ ਖੇਤਰ ਦੀ ਵਿਗੜ ਦੀ ਹਵਾ ਗੁਣਵੱਤਾ ਲਈ ਕਈ ਕਾਰਕ ਜ਼ਿੰਮੇਵਾਰ ਹਨ। ਚੰਡੀਗੜ੍ਹ ਨੇ ਗਰੀਨ ਕਵਰ ਹਾਸਿਲ ਕਰ ਲਿਆ ਹੈ ਪਰ ਗੁਆਂਢੀ ਖੇਤਰਾਂ ਤੋਂ ਆਉਣ ਵਾਲੇ ਪ੍ਰਦੂਸ਼ਕ ਤੱਤਾਂ 'ਤੇ ਕੋਈ ਕੰਟਰੋਲ ਨਹੀਂ ਹੈ। ਚੰਡੀਗੜ੍ਹ ਦੇ ਹਿੱਸੇ ਵਿਚ ਹਵਾ ਪ੍ਰਦੂਸ਼ਣ ਦਾ ਇਕ ਵੱਡਾ ਸਰੋਤ ਵਾਹਨਾਂ ਦੀ ਆਵਾਜਾਈ ਹੈ।

160 ਰਿਹਾ ਪ੍ਰਦੂਸ਼ਣ ਦਾ ਪੱਧਰ
ਚੰਡੀਗੜ੍ਹ ਵਿਚ ਸੋਮਵਾਰ ਨੂੰ ਹਵਾ ਪ੍ਰਦੂਸ਼ਣ ਦਾ ਪੱਧਰ 157 ਦਰਜ ਕੀਤਾ ਗਿਆ ਸੀ। ਮੰਗਲਵਾਰ ਨੂੰ 166, ਬੁੱਧਵਾਰ ਨੂੰ 167 ਦਰਜ ਕੀਤਾ ਗਿਆ ਸੀ। ਵੀਰਵਾਰ ਨੂੰ ਇਹ ਪੱਧਰ 160 ਦਰਜ ਕੀਤਾ ਗਿਆ। ਇਸ ਨੂੰ ਖ਼ਰਾਬ ਹੀ ਮੰਨਿਆ ਜਾਵੇਗਾ। ਹਾਲਾਂਕਿ ਚੰਡੀਗੜ੍ਹ ਦੀ ਹਾਲਤ ਉੱਤਰ ਭਾਰਤ ਦੇ ਹੋਰ ਰਾਜਾਂ ਨਾਲੋਂ ਬਿਹਤਰ ਹੈ। ਫਿਰ ਵੀ ਹਵਾ ਗੁਣਵੱਤਾ ਦੇ ਨਿਰਧਾਰਤ ਮਾਨਕਾਂ ਨੂੰ ਪੂਰਾ ਨਾ ਕਰਨ ਲਈ ਨਾਨ-ਰੀਸੀਟ ਸ਼ਹਿਰਾਂ ਦੇ ਰੂਪ ਵਿਚ ਪਹਿਚਾਣੇ ਜਾਣ ਵਾਲੇ 112 ਭਾਰਤੀ ਸ਼ਹਿਰਾਂ ਵਿਚ ਸ਼ਾਮਲ ਹੈ।

ਇਹ ਵੀ ਪੜ੍ਹੋ : ਡਿਟੈਕਟਿਵ ਏਜੰਸੀ ਦੀ ਵੱਡੀ ਕਾਰਵਾਈ, ਲਿੰਗ ਨਿਰਧਾਰਨ ਟੈਸਟ ਕਰਨ ਵਾਲੇ ਜਲੰਧਰ ਦੇ ਹਸਪਤਾਲ ਦਾ ਕੀਤਾ ਪਰਦਾਫਾਸ਼


author

Anuradha

Content Editor

Related News