ਕਰਜ਼ਾਈ ਕਿਸਾਨ 13196 , ''ਮੁਆਫੀ'' ਸਿਰਫ 2563 ਨੂੰ
Wednesday, Jan 03, 2018 - 08:15 AM (IST)
ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਪੰਜਾਬ ਸਰਕਾਰ ਵਲੋਂ ਖੇਤੀਬਾੜੀ ਸਹਿਕਾਰੀ ਸਭਾਵਾਂ ਨਾਲ ਜੁੜੇ ਕਿਸਾਨਾਂ ਦੀ ਫਸਲੀ ਕਰਜ਼ਾ ਮੁਆਫ ਕਰਨ ਦੀ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸਮਰਾਲਾ ਸਬ-ਡਵੀਜ਼ਨ ਦੇ 2563 ਕਿਸਾਨਾਂ ਦਾ 20 ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨ ਦੀ ਸੂਚੀ ਪ੍ਰਸ਼ਾਸਨ ਕੋਲ ਪੁੱਜ ਚੁੱਕੀ ਹੈ ਤੇ ਜਲਦ ਹੀ ਇਸ 'ਤੇ ਅਮਲ ਹੋ ਜਾਵੇਗਾ ਪਰ ਸਰਕਾਰ ਦੀ ਇਸ ਮੁਆਫੀ ਦਾ ਲਾਭ ਸਭਾਵਾਂ ਨਾਲ ਜੁੜੇ 19.50 ਫੀਸਦੀ ਕਿਸਾਨਾਂ ਨੂੰ ਹੀ ਮਿਲੇਗਾ। ਇਕੱਤਰ ਕੀਤੇ ਗਏ ਅੰਕੜਿਆਂ ਅਨੁਸਾਰ ਸਮਰਾਲਾ ਸਬ-ਡਵੀਜ਼ਨ ਵਿਚ 55 ਸਹਿਕਾਰੀ ਸਭਾਵਾਂ ਦਾ ਇਲਾਕੇ ਦੇ 13196 ਕਿਸਾਨਾਂ ਨੇ 148 ਕਰੋੜ 34 ਲੱਖ ਰੁਪਏ ਦਾ ਕਰਜ਼ਾ ਦੇਣਾ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਰਜ਼ਾ ਮੁਆਫੀ ਦੇ ਐਲਾਨ ਤੋਂ ਬਾਅਦ ਇਨ੍ਹਾਂ ਸਭਾਵਾਂ ਨਾਲ ਜੁੜੇ ਕਿਸਾਨਾਂ ਨੇ ਕਰਜ਼ੇ ਦੀਆਂ ਕਿਸ਼ਤਾਂ ਮੋੜਨੀਆਂ ਬੰਦ ਕਰ ਦਿੱਤੀਆਂ, ਜਿਸ ਨਾਲ ਕਈ ਕਿਸਾਨ ਡਿਫਾਲਟਰ ਵੀ ਹੋ ਗਏ। ਪੰਜਾਬ ਸਰਕਾਰ ਵਲੋਂ ਜਿਹੜੇ ਕਿਸਾਨਾਂ ਦੀ ਸੂਚੀ ਭੇਜੀ ਗਈ ਹੈ, ਉਸ ਵਿਚ ਕੇਵਲ ਢਾਈ ਏਕੜ ਤਕ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ ਜਿਸ ਵਿਚ ਸਮਰਾਲਾ ਸਬ-ਡਵੀਜ਼ਨ ਦੇ 2563 ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ ਤੇ ਉਨ੍ਹਾਂ ਦਾ 20 ਕਰੋੜ ਰੁਪਏ ਦਾ ਕਰਜ਼ਾ ਮੁਆਫ ਹੋਵੇਗਾ, ਜਦਕਿ ਬਾਕੀ ਕਿਸਾਨਾਂ ਨੂੰ ਇਸ ਕਰਜ਼ੇ ਦੀ ਰਾਸ਼ੀ ਅਦਾ ਕਰਨੀ ਪਵੇਗੀ।
ਜਿਥੇ ਸਮਰਾਲਾ ਸਬ-ਡਵੀਜ਼ਨ ਦੇ ਸਭਾਵਾਂ ਨਾਲ ਜੁੜੇ 13196 ਕਿਸਾਨਾਂ 'ਚੋਂ ਕੇਵਲ 2563 ਨੂੰ ਮੁਆਫੀ ਮਿਲਣ ਕਾਰਨ ਬਾਕੀ ਦੇ ਕਰੀਬ 10633 ਕਿਸਾਨ ਨਿਰਾਸ਼ਾ ਦੇ ਆਲਮ 'ਚ ਹਨ, ਉਥੇ ਹੀ ਹੁਣ ਇਨ੍ਹਾਂ 'ਚੋਂ ਕਾਫੀ ਕਿਸਾਨ, ਜੋ ਕਰਜ਼ਾ ਮੁਆਫੀ ਦੀ ਆਸ 'ਚ ਇਨ੍ਹਾਂ ਸਭਾਵਾਂ ਦੇ ਡਿਫਾਲਟਰ ਹੋ ਗਏ, ਨੂੰ ਚਿੰਤਾ ਸਤਾਉਣ ਲੱਗ ਪਈ ਹੈ ਕਿ ਹੁਣ ਉਹ ਕਰਜ਼ੇ ਦੀ ਰਾਸ਼ੀ ਕਿਵੇਂ ਚੁਕਤਾ ਕਰਨਗੇ।
926 ਕਿਸਾਨਾਂ ਨੇ ਇਤਰਾਜ਼ ਜਿਤਾਏ
ਸਮਰਾਲਾ ਸਬ-ਡਵੀਜ਼ਨ ਅਧੀਨ ਜਿਥੇ 2563 ਕਿਸਾਨਾਂ ਦਾ 20 ਕਰੋੜ ਰੁਪਏ ਕਰਜ਼ਾ ਮੁਆਫ ਕਰਨ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ, ਉਥੇ ਹੀ ਇਨ੍ਹਾਂ ਸਭਾਵਾਂ ਨਾਲ ਜੁੜੇ 926 ਕਿਸਾਨਾਂ ਨੇ ਇਤਰਾਜ਼ ਜਿਤਾਏ ਹਨ ਕਿ ਉਨ੍ਹਾਂ ਕੋਲ ਵੀ ਢਾਈ ਏਕੜ ਤੋਂ ਘੱਟ ਜ਼ਮੀਨ ਹੈ ਤੇ ਕਰਜ਼ਾ ਵੀ 2 ਲੱਖ ਰੁਪਏ ਤੋਂ ਘੱਟ ਤਕ ਦਾ ਹੈ, ਇਸ ਲਈ ਉਨ੍ਹਾਂ ਨੂੰ ਵੀ ਕਰਜ਼ਾ ਮੁਆਫੀ ਦੇ ਘੇਰੇ 'ਚ ਲਿਆਂਦਾ ਜਾਵੇ। ਸਹਿਕਾਰੀ ਸਭਾਵਾਂ ਦੇ ਸਕੱਤਰਾਂ ਵਲੋਂ ਅਜਿਹੇ ਕਿਸਾਨਾਂ ਤੋਂ ਘੋਸ਼ਣਾ ਪੱਤਰ ਲੈ ਕੇ ਮਾਲ ਵਿਭਾਗ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ ਤੇ ਉਸ ਤੋਂ ਬਾਅਦ ਹੀ ਜੇਕਰ ਉਹ ਕਰਜ਼ਾ ਮੁਆਫੀ ਦੇ ਘੇਰੇ 'ਚ ਆਉਣਗੇ ਤਾਂ ਉਨ੍ਹਾਂ ਦਾ ਕਰਜ਼ਾ ਮੁਆਫ ਹੋਣ ਦੀ ਸੰਭਾਵਨਾ ਹੈ।
ਕਿਸਾਨਾਂ ਨੂੰ ਵੱਧ ਕਰਜ਼ਾ ਲੈਣ ਲਈ ਝੂਠ ਬੋਲਣਾ ਮਹਿੰਗਾ ਪਿਆ
ਕਿਸਾਨਾਂ ਵਲੋਂ ਜਦੋਂ ਕੁਝ ਸਾਲ ਪਹਿਲਾਂ ਸਹਿਕਾਰੀ ਸਭਾਵਾਂ ਤੋਂ ਫਸਲੀ ਕਰਜ਼ਾ ਲੈਣ ਲਈ ਆਪਣੇ ਦਸਤਾਵੇਜ਼ ਦਿੱਤੇ ਗਏ ਤਾਂ ਉਸ ਸਮੇਂ ਉਨ੍ਹਾਂ ਹਲਫੀਆ ਬਿਆਨ ਦਿੱਤੇ ਕਿ ਉਹ ਜ਼ਮੀਨ ਠੇਕੇ 'ਤੇ ਲੈ ਕੇ ਵਾਹੁੰਦੇ ਹਨ ਜਾਂ ਉਨ੍ਹਾਂ ਆਪਣੇ ਪਿਤਾ ਦੀ ਜ਼ਮੀਨ ਦੀ ਫਰਦ ਨਾਲ ਲਾ ਕੇ 2 ਲੱਖ ਰੁਪਏ ਤੋਂ ਵੱਧ ਦਾ ਕਰਜ਼ਾ ਲੈ ਲਿਆ, ਬੇਸ਼ੱਕ ਉਨ੍ਹਾਂ ਕੋਲ ਜ਼ਮੀਨ ਢਾਈ ਏਕੜ ਤੋਂ ਘੱਟ ਹੈ ਪਰ ਕਰਜ਼ਾ 3 ਜਾਂ 4 ਲੱਖ ਦਾ ਲਿਆ ਹੋਣ ਕਾਰਨ ਕਈ ਕਿਸਾਨ ਮੁਆਫੀ ਦੇ ਘੇਰੇ 'ਚ ਨਹੀਂ ਆਏ, ਜਿਸ ਕਾਰਨ ਉਨ੍ਹਾਂ ਨੂੰ ਕਰਜ਼ਾ ਲੈਣ ਮੌਕੇ ਇਹ ਝੂਠ ਬੋਲਣਾ ਹੁਣ ਮਹਿੰਗਾ ਪੈ ਰਿਹਾ ਹੈ।
ਬੇਸ਼ੱਕ ਕਿਸਾਨ ਸਹਿਕਾਰੀ ਸਭਾਵਾਂ 'ਚ ਜਾ ਕੇ ਸਫਾਈਆਂ ਦੇ ਰਹੇ ਹਨ ਕਿ ਉਨ੍ਹਾਂ ਦੀ ਜ਼ਮੀਨ ਢਾਈ ਏਕੜ ਤੋਂ ਘੱਟ ਹੈ ਪਰ ਉਨ੍ਹਾਂ ਦਾ ਕਰਜ਼ਾ ਮੁਆਫ ਹੁੰਦਾ ਦਿਖਾਈ ਨਹੀਂ ਦੇ ਰਿਹਾ। ਹੋਰ ਤਾਂ ਹੋਰ ਕਈ ਥਾਵਾਂ 'ਤੇ ਅਜਿਹੇ ਮਾਮਲੇ ਵੀ ਦੇਖਣ ਨੂੰ ਮਿਲੇ ਕਿ ਸਾਰੀ ਜ਼ਮੀਨ ਪਿਤਾ ਦੇ ਨਾਂ 'ਤੇ ਹੈ ਪਰ ਅੱਗੋਂ 2 ਜਾਂ 3 ਪੁੱਤਰ ਹੋਣ ਕਾਰਨ ਹਰੇਕ ਦੇ ਹਿੱਸੇ 2-2 ਏਕੜ ਜ਼ਮੀਨ ਆਉਂਦੀ ਹੈ ਪਰ ਉਹ ਵੀ ਘੱਟ ਜ਼ਮੀਨ ਦੇ ਮਾਲਕ ਹੋਣ ਦੇ ਬਾਵਜੂਦ ਸਰਕਾਰ ਦੀ ਕਰਜ਼ਾ ਮੁਆਫੀ ਦੇ ਘੇਰੇ 'ਚ ਨਾ ਆ ਸਕੇ।
