ਛੁੱਟੀ ''ਤੇ ਆਏ ਨੌਜਵਾਨ ਫੌਜੀ ਦੀ ਸ਼ੱਕੀ ਹਲਾਤਾਂ ''ਚ ਮੌਤ

06/25/2018 7:43:14 AM

ਸ੍ਰੀ ਮੁਕਤਸਰ ਸਾਹਿਬ (ਦਰਦੀ, ਪਵਨ ਤਨੇਜਾ) : ਬੀਤੇ ਦਿਨੀਂ ਪਿੰਡ ਖੋਖਰ 'ਚ ਆਪਣੇ ਘਰ ਛੁੱਟੀ 'ਤੇ ਆਏ ਇਕ 25 ਸਾਲਾਂ ਨੌਜਵਾਨ ਫੌਜੀ ਦੀ ਸ਼ੱਕੀ ਹਲਾਤਾਂ 'ਚ ਮੌਤ ਹੋ ਗਈ। ਉਸ ਦੀ ਮੌਤ ਹੋਣ ਦੇ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ। ਥਾਣਾ ਬਰੀਵਾਲਾ ਦੀ ਪੁਲਸ ਨੇ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। 
ਮਿਲੀ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ (25) ਪੁੱਤਰ ਮੇਵਾ ਸਿੰਘ ਨਿਵਾਸੀ ਪਿੰਡ ਖੋਖਰ ਜੋ ਫੌਜ 'ਚ ਤੈਨਾਤ ਸੀ, ਬੀਤੇ ਦਿਨੀਂ ਛੁੱਟੀ ਕੱਟਣ ਲਈ ਆਪਣੇ ਘਰ ਆਇਆ ਹੋਇਆ ਸੀ। ਛੁੱਟੀ ਦੇ ਕੁਝ ਦਿਨਾਂ ਬਾਅਦ ਹੀ ਉਸ ਦੀ ਹਾਲਤ ਖਰਾਬ ਹੋ ਗਈ ਅਤੇ ਉਸ ਨੂੰ ਕਮਾਂਡ ਹਸਪਤਾਲ ਪੰਚਕੁਲਾ (ਆਰਮੀ) ਵਿਖੇ ਦਾਖਲ ਕਰਵਾ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਉਕਤ ਨੌਜਵਾਨ ਦੀ ਮੌਤ ਦੇ ਕਾਰਨ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ। ਥਾਣਾ ਬਰੀਵਾਲਾ ਦੇ ਏ.ਐੱਸ.ਆਈ. ਸ਼ਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਲਾਸ਼ ਦਾ ਸਿਵਲ ਹਸਪਤਾਲ ਮੁਕਤਸਰ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ, ਜਿਸ ਦਾ ਦੇਰ ਸ਼ਾਮ ਸਰਕਾਰੀ ਸਨਮਾਨਾਂ ਨਾਲ ਪਿੰਡ ਖੋਖਰ 'ਚ ਅੰਤਿਮ ਸੰਸਕਾਰ ਕੀਤਾ ਗਿਆ। 
ਦੱਸਣਯੋਗ ਹੈ ਕਿ ਮ੍ਰਿਤਕ ਫੌਜੀ ਨੌਜਵਾਨ ਦਾ ਵਿਆਹ ਕਰੀਬ ਇਕ ਸਾਲ ਪਹਿਲਾ ਹੋਇਆ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਦੀਪ ਸਿੰਘ 'ਕਾਕਾ ਬਰਾੜ', ਸਰਪੰਚ ਗੁਰਮੀਤ ਭਲਵਾਨ, ਸਾਬਕਾ ਵਿਧਾਇਕ ਕਰਨ ਕੌਰ ਬਰਾੜ, ਸਾਬਕਾ ਸਰਪੰਚ ਗੁਰਾਦਿੱਤਾ ਸਿੰਘ ਆਦਿ ਸਮੁੱਚੇ ਪਿੰਡ ਨੇ ਮ੍ਰਿਤਕ ਫੌਜੀ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।


Related News