ਸੜਕ ਹਾਦਸੇ 'ਚ 2 ਫੌਜੀ ਜਵਾਨਾਂ ਦੀ ਮੌਤ
Wednesday, Oct 04, 2017 - 02:21 AM (IST)
ਮੁਕੇਰੀਆਂ, (ਬਲਬੀਰ)- ਜੀ. ਟੀ. ਰੋਡ ਜਲੰਧਰ-ਪਠਾਨਕੋਟ 'ਤੇ ਸਥਿਤ ਕਸਬਾ ਮੀਲਵਾਂ ਦੇ ਕੋਲ ਇਕ ਭਿਆਨਕ ਸੜਕ ਹਾਦਸੇ 'ਚ ਫੌਜ ਦੇ 2 ਜਵਾਨਾਂ ਦੀ ਮੌਤ ਹੋ ਗਈ। ਇਸ ਬਾਰੇ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਰਾਜਪੁਰਾ ਪਟਿਆਲਾ ਤੇ ਹਰਜੀਤ ਸਿੰਘ ਪੁੱਤਰ ਹਜ਼ੂਰ ਸਿੰਘ ਵਾਸੀ ਸਿਆਨਾ ਸੈਦਾ (ਹਰਿਆਣਾ), ਜੋ ਕਿ ਸਾਂਬਾ 25 ਰੈਜੀਮੈਂਟ ਵਿਖੇ ਭਾਰਤੀ ਫੌਜ 'ਚ ਡਿਊਟੀ 'ਤੇ ਤਇਨਾਤ ਸਨ। ਅੱਜ ਬਾਅਦ ਦੁਪਹਿਰ ਦੋਵੇਂ ਬੁਲੇਟ ਮੋਟਰਸਾਈਕਲ ਨੰ. ਪੀ. ਬੀ.-06, ਏ. ਕੇ.-0154 'ਤੇ ਬੈਠ ਕੇ ਵਾਪਸ ਆਪਣੇ ਘਰ ਨੂੰ ਆ ਰਹੇ ਸੀ। ਜਦ ਉਹ ਦੋਵੇਂ ਮੀਲਵਾਂ ਤੋਂ ਥੋੜ੍ਹੀ ਪਹਿਲਾਂ ਉਲੈਹੜੀਆਂ ਮੋੜ ਦੇ ਨਜ਼ਦੀਕ ਪਹੁੰਚੇ ਤਾਂ ਇੰਨੇ ਨੂੰ ਇਕ ਟਰੈਕਟਰ-ਟਰਾਲੀ ਲਿੰਕ ਰੋਡ ਤੋਂ ਜੀ. ਟੀ. ਰੋਡ 'ਤੇ ਚੜ੍ਹਣ ਲੱਗਿਆਂ ਉਨ੍ਹਾਂ 'ਚ ਆ ਟਕਰਾਈ।

ਜਿਸ ਕਾਰਨ ਅਮਨਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਸਰੇ ਹਰਜੀਤ ਸਿੰਘ ਦੀ ਐਂਬੂਲੈਂਸ 'ਚ ਸਰਕਾਰੀ ਹਸਪਤਾਲ ਲਿਆਂਦਿਆਂ ਰਸਤੇ 'ਚ ਮੌਤ ਹੋ ਗਈ। ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
