ਭਰਾ ਦੀ ਕੁੱਟਮਾਰ ਹੁੰਦੀ ਦੇਖ ਛਡਵਾਉਣ ਗਈ ਭੈਣ ਨੂੰ ਹਮਲਾਵਰਾਂ ਨੇ ਦਿੱਤੀ ਦਰਦਨਾਕ ਮੌਤ, ਕਾਰ ਨਾਲ ਦਰੜਿਆ

Monday, Apr 24, 2023 - 12:19 PM (IST)

ਭਰਾ ਦੀ ਕੁੱਟਮਾਰ ਹੁੰਦੀ ਦੇਖ ਛਡਵਾਉਣ ਗਈ ਭੈਣ ਨੂੰ ਹਮਲਾਵਰਾਂ ਨੇ ਦਿੱਤੀ ਦਰਦਨਾਕ ਮੌਤ, ਕਾਰ ਨਾਲ ਦਰੜਿਆ

ਗਿੱਦੜਬਾਹਾ (ਚਾਵਲਾ) : ਗਿੱਦੜਬਾਹਾ-ਮਲੋਟ ਰੋਡ ’ਤੇ ਸਥਿਤ ਮਾਰਕਫੈੱਡ ਪਲਾਂਟ ਨੇੜੇ ਆਪਣੇ ਭਰਾ ਨੂੰ ਲੜਾਈ ਵਿਚ ਦੂਜੀ ਧਿਰ ਕੋਲੋਂ ਛੁਡਾਉਣ ਆਈ ਔਰਤ ਦੀ ਭੇਤਭਰੇ ਹਾਲਤ ਵਿਚ ਦੂਜੀ ਧਿਰ ਦੀ ਕਾਰ ਹੇਠ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਦਕਿ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ 5 ਨੌਜਵਾਨਾਂ ’ਤੇ ਔਰਤ ਨੂੰ ਜ਼ਬਰਦਸਤੀ ਕਾਰ ਹੇਠ ਦੇ ਕੇ ਮਾਰਨ ਦੇ ਦੋਸ਼ ਲਾਏ ਹਨ। ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਮੌਜੂਦ ਅਰਜੁਨ ਪੁੱਤਰ ਸ਼ਿਵ ਕੁਮਾਰ ਵਾਸੀ ਨੇੜੇ ਮਾਰਕਫੈੱਡ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਉਸਦਾ ਦੀਪੂ, ਗੋਰਾ, ਰਵਿੰਦਰ ਕੁਮਾਰ, ਕਾਲਾ ਅਤੇ ਬਬਲੀ ਆਦਿ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ’ਤੇ ਉਕਤ ਵਿਅਕਤੀ ਉਸਦੀ ਕੁੱਟਮਾਰ ਕਰਨ ਲੱਗੇ।

ਇਹ ਵੀ ਪੜ੍ਹੋ- ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰੀ ਬਠਿੰਡਾ ਦੀ ਮਲਟੀਸਟੋਰੀ ਪਾਰਕਿੰਗ, ਵਿਜੀਲੈਂਸ ਜਾਂਚ ਤੱਕ ਪਹੁੰਚੀ ਗੱਲ

ਇਸੇ ਦੌਰਾਨ ਉਸਨੇ ਨਜ਼ਦੀਕ ਹੀ ਰਹਿੰਦੀ ਆਪਣੀ ਵਿਆਹੁਤਾ ਭੈਣ ਮਾਲਾ ਰਾਣੀ ਪਤਨੀ ਸੁਨੀਲ ਕੁਮਾਰ ਨੂੰ ਉਕਤ ਨੌਜਵਾਨਾਂ ਤੋਂ ਛੁਡਾਉਣ ਲਈ ਬੁਲਾਇਆ। ਜਦੋਂ ਮਾਲਾ ਰਾਣੀ ਲੜਾਈ ਵਾਲੀ ਜਗ੍ਹਾ 'ਤੇ ਪੁੱਜੀ ਤਾਂ ਉਕਤ ਵਿਅਕਤੀ ਜੋ ਸੈਂਟਰੋ ਕਾਰ ’ਤੇ ਆਏ ਸਨ, ਮੁੜ ਕਾਰ ਵਿਚ ਸਵਾਰ ਹੋ ਗਏ ਅਤੇ ਉਨ੍ਹਾਂ ਕਾਰ ਨੂੰ ਜਦੋਂ ਉਸ 'ਤੇ (ਅਰਜੁਨ) ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸੇ ਦੌਰਾਨ ਕਾਰ ਉਸਦੀ ਭੈਣ ਦੀਆਂ ਦੋਵਾਂ ਲੱਤਾਂ ਉਪਰ ਚੜ੍ਹ ਗਈ ਜਦਕਿ ਉਕਤ ਵਿਅਕਤੀਆਂ ਨੇ ਕਾਰ ਨੂੰ ਮੁੜ ਬੈਕ ਕਰਦੇ ਹੋਏ ਉਸਦੀ ਭੈਣ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ- ਇਨਕਮ ਟੈਕਸ ਦੇਣ ਵਾਲੇ ਜ਼ਰਾ ਸਾਵਧਾਨ, ਠੱਗ ਨੇ ਰਿਟਰਨਾਂ 'ਚ ਹੇਰਾ-ਫੇਰੀ ਕਰ ਮਾਰੀ ਐਸੀ ਠੱਗੀ ਕੇ ਅਧਿਕਾਰੀ ਵੀ ਹੈਰਾਨ

ਅਰਜੁਨ ਨੇ ਦੱਸਿਆ ਕਿ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਆਪਣੀ ਭੈਣ ਮਾਲਾ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਲਿਆਏ, ਜਿੱਥੋਂ ਡਾਕਟਰਾਂ ਨੇ ਉਸਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਅਤੇ ਕੁਝ ਸਮੇਂ ਬਾਅਦ ਮਾਲਾ ਰਾਣੀ ਦੀ ਬਠਿੰਡਾ ਵਿਖੇ ਮੌਤ ਹੋ ਗਈ। ਓਧਰ ਥਾਣਾ ਗਿੱਦੜਬਾਹਾ ਪੁਲਸ ਵੱਲੋਂ ਮਾਲਾ ਰਾਣੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਲਿਆਂਦਾ, ਜਿੱਥੇ ਮ੍ਰਿਤਕ ਮਾਲਾ ਦੇ ਪਰਿਵਾਰਕ ਮੈਂਬਰਾਂ ਕੁੜੀ ਸਵਾਤੀ ਰਾਣੀ ਅਤੇ ਭੈਣ ਜੋਤੀ ਨੇ ਕਿਹਾ ਕਿ ਜਦੋਂ ਤੱਕ ਮਾਲਾ ਨੂੰ ਇਨਸਾਫ ਨਹੀਂ ਮਿਲਦਾ, ਉਹ ਅੰਤਿਮ ਸੰਸਕਾਰ ਨਹੀਂ ਕਰਨਗੇ। ਇਸ ਸਬੰਧੀ ਥਾਣਾ ਗਿੱਦੜਬਾਹਾ ਦੇ ਐੱਸ. ਐੱਚ. ਓ. ਗੁਰਦੀਪ ਸਿੰਘ ਨੇ ਕਿਹਾ ਕਿ ਮ੍ਰਿਤਕ ਮਾਲਾ ਰਾਣੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News