ਪੇਪਰ ਦੇਣ ਜਾ ਰਹੇ ਵਿਦਿਆਰਥੀ ਦੀ ਸੜਕ ਹਾਦਸੇ ''ਚ ਮੌਤ
Friday, Mar 09, 2018 - 04:37 AM (IST)
ਲਾਂਬੜਾ,(ਵਰਿੰਦਰ)— ਜਲੰਧਰ-ਨਕੋਦਰ ਹਾਈਵੇ 'ਤੇ ਪਿੰਡ ਤਾਜਪੁਰ ਨੇੜੇ ਅੱਜ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸ 'ਚ ਪੇਪਰ ਦੇਣ ਜਾ ਰਹੇ 11ਵੀਂ ਦੇ ਵਿਦਿਆਰਥੀ ਦੀ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਨਰਿੰਦਰ ਕੁਮਾਰ (18) ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਲਾਂਬੜਾ, ਜੋ ਲਾਇਲਪੁਰ ਖਾਲਸਾ ਸਕੂਲ ਨਕੋਦਰ ਚੌਕ ਜਲੰਧਰ ਵਿਚ 11ਵੀਂ ਜਮਾਤ ਦਾ ਵਿਦਿਆਰਥੀ ਸੀ, ਅੱਜ ਬੱਸ 'ਚ ਪੇਪਰ ਦੇਣ ਲਈ ਰਵਾਨਾ ਹੋਇਆ। ਰਸਤੇ ਵਿਚ ਪਿੰਡ ਤਾਜਪੁਰ ਉਸ ਨੇ ਦੋਸਤ ਕੋਲੋਂ ਪ੍ਰੈਕਟੀਕਲ ਦੀ ਕਾਪੀ ਫੜਨੀ ਸੀ। ਕਾਪੀ ਲੈਣ ਲਈ ਨਰਿੰਦਰ ਬੱਸ ਵਿਚੋਂ ਉੱਤਰ ਕੇ ਜਦ ਸੜਕ ਪਾਰ ਕਰਨ ਲੱਗਾ ਤਾਂ ਅਚਾਨਕ ਜਲੰਧਰ ਵਲੋਂ ਆਈ ਇਕ ਤੇਜ਼ ਰਫਤਾਰ ਕਾਰ ਨੇ ਨਰਿੰਦਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਸਿੱਟੇ ਵਜੋਂ ਨਰਿੰਦਰ ਗੰਭੀਰ ਜ਼ਖਮੀ ਹੋ ਗਿਆ।
ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਚਾਲਕ ਮੌਕੇ ਤੋਂ ਕਾਰ ਸਮੇਤ ਨਕੋਦਰ ਵੱਲ ਨੂੰ ਫਰਾਰ ਹੋ ਗਿਆ। ਗੰਭੀਰ ਜ਼ਖਮੀ ਨਰਿੰਦਰ ਨੂੰ ਇਥੋਂ ਦੇ ਇਕ ਹਸਪਤਾਲ ਲਿਜਾਇਆ ਗਿਆ ਜਿੱਥੇ ਜ਼ਖਮਾਂ ਦੀ ਤਾਬ ਨਾ ਸਹਿੰਦਿਆਂ ਉਸ ਨੇ ਦਮ ਤੋੜ ਦਿੱਤਾ। ਪੋਸਟਮਾਟਮ ਕਰਵਾਉਣ ਲਈ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਸ ਵਲੋਂ ਜਾਂਚ ਜਾਰੀ ਸੀ।
2 ਭੈਣਾਂ ਦਾ ਗੋਦ ਲਿਆ ਇਕਲੌਤਾ ਭਰਾ ਸੀ ਨਰਿੰਦਰ
ਨਰਿੰਦਰ ਦੇ ਪਿਤਾ ਅਸ਼ੋਕ ਕੁਮਾਰ ਦੇ ਘਰ 2 ਬੇਟੀਆਂ ਨੇ ਜਨਮ ਲਿਆ ਸੀ। ਅਸ਼ੋਕ ਕੁਮਾਰ ਨੇ ਆਪਣੇ ਇਕ ਕਰੀਬੀ ਰਿਸ਼ਤੇਦਾਰ ਪਾਸੋਂ ਨਰਿੰਦਰ ਨੂੰ ਗੋਦ ਲਿਆ ਸੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਕਿਸਮਤ ਵਿਚ ਤਾਂ ਕੁਝ ਹੋਰ ਹੀ ਲਿਖਿਆ ਹੈ। ਪਲਾਂ ਵਿਚ ਹੀ ਅੱਜ ਇਕ ਖੁਸ਼ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ। ਹਸਮੁੱਖ ਨਰਿੰਦਰ ਦੇ ਇੰਨੀ ਛੋਟੀ ਉਮਰ ਵਿਚ ਚਲੇ ਜਾਣ ਕਾਰਨ ਸਾਰੇ ਪਿੰਡ ਵਿਚ ਮਾਹੌਲ ਬੜਾ ਗਮਗੀਨ ਹੋ ਗਿਆ।
