ਡਿਸਪੋਜ਼ਲ ਪੰਪ 'ਚ ਸੀਵਰੇਜ ਵਿਭਾਗ ਦੇ ਕਾਮੇ ਨਾਲ ਵਾਪਰਿਆ ਹਾਦਸਾ, ਮੌਤ
Monday, Dec 30, 2019 - 09:48 PM (IST)
ਮੌਡ਼ ਮੰਡੀ, (ਪ੍ਰਵੀਨ)- ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੀ ਲਾਹਪ੍ਰਵਾਹੀ ਕਾਰਣ ਅੱਜ ਸਥਾਨਕ ਸ਼ਹਿਰ ਦੇ ਡੀ.ਏ.ਵੀ. ਸਕੂਲ ਕੋਲ ਲੱਗੇ ਡਿਸਪੋਜ਼ਲ ਸੀਵਰੇਜ ਪੰਪ ਦੇ ਪੱਖੇ ਦੀ ਲਪੇਟ ’ਚ ਆਉਣ ਕਾਰਨ ਇਕ ਕੱਚੇ ਕਾਮੇ ਦੀ ਮੌਤ ਹੋ ਗਈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਉਮਰ 22 ਸਾਲ ਪੁੱਤਰ ਜਸਵੀਰ ਸਿੰਘ ਵਾਸੀ ਮੌÎਡ਼ ਕਲਾਂ ਇਕ ਪ੍ਰਾਈਵੇਟ ਠੇਕੇਦਾਰ ਕੋਲ ਸਥਾਨਕ ਸ਼ਹਿਰ ਦੇ ਵਾਟਰ ਵਰਕਸ ’ਚ ਕੱਚੇ ਕਾਮੇ ਦੇ ਤੌਰ ’ਤੇ ਬੇਲਦਾਰ ਵਜੋਂ ਸੇਵਾਵਾਂ ਦੇ ਰਿਹਾ ਸੀ ਪਰ ਸੀਵਰੇਜ ਬੋਰਡ ਦੇ ਅਧਿਕਾਰੀਆਂ ਵੱਲੋਂ ਆਪਣੇ ਪੱਧਰ ’ਤੇ ਹੀ ਅਣਅਧਿਕਾਰਤ ਤੌਰ ’ਤੇ ਉਕਤ ਨੌਜਵਾਨ ਮਨਦੀਪ ਸਿੰਘ ਦੀ ਸ਼ਹਿਰ ਦੇ ਸੀਵਰੇਜ ਡਿਸਪੋਜ਼ਲ ਪੰਪ ਨੂੰ ਚਲਾਉਣ ਲਈ ਡਿਊਟੀ ਲਾ ਦਿੱਤੀ, ਜਦੋਂ ਕਿ ਉਕਤ ਨੌਜਵਾਨ ਪੰਪ ਚਲਾਉਣ ਤੋਂ ਬਿੱਲਕੁਲ ਅਣਜਾਣ ਸੀ, ਜਦ ਉਹ ਅੱਜ ਪੰਪ ਚਲਾਉਣ ਲੱਗਾ ਤਾਂ ਮੋਟਰ ਦੇ ਪੱਖੇ ’ਚ ਲੋਈ ਆਉਣ ਆਪਣੀ ਲਪੇਟ ’ਚ ਲੈ ਲਿਆ, ਪੱਖਾ ਜਦ ਤੱਕ ਬੰਦ ਹੁੰਦਾ ਉਸ ਤੋਂ ਪਹਿਲਾਂ ਮਨਦੀਪ ਸਿੰਘ ਦੀ ਮੌਤ ਹੋ ਚੁੱਕੀ ਸੀ।
ਜ਼ਿਕਰਯੋਗ ਹੈ ਕਿ ਮਨਦੀਪ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੇ ਇਕ ਛੋਟੀ ਭੈਣ ਹੈ। ਗਰੀਬ ਪਰਿਵਾਰ ਹੋਣ ਕਾਰਣ ਮਨਦੀਪ ਸਿੰਘ ਹੀ ਪਰਿਵਾਰ ਦੇ ਪਾਲਣ ਪੋਸ਼ਣ ਲਈ ਭਾਰੀ ਮਿਹਨਤ ਕਰ ਰਿਹਾ ਸੀ। ਇਸ ਅਣਹੋਣੀ ਮੌਤ ਕਾਰਣ ਜਿਥੇ ਪੂਰੇ ਪਰਿਵਾਰ ’ਚ ਹਨੇਰ ਛਾ ਗਿਆ ਉਥੇ ਮੌਡ਼ ਇਲਾਕੇ ਅੰਦਰ ਵੀ ਸੋਗ ਦੀ ਲਹਿਰ ਦੌਡ਼ ਗਈ। ਘਟਨਾ ਸਥੱਲ ’ਤੇ ਮਨਦੀਪ ਸਿੰਘ ਦੇ ਪਿਤਾ ਜਸਵੀਰ ਸਿੰਘ ਦਾ ਰੋ-ਰੋ ਕੇ ਬੁਰਾ ਹਾਲ ਸੀ। ਘਟਨਾ ਵਾਪਰਨ ਉਪਰੰਤ ਇਸ ਮਾਮਲੇ ’ਚੋਂ ਆਪਣਾ ਬਚਾਅ ਕਰਨ ਲਈ ਵਿਭਾਗ ਦੇ ਅਧਿਕਾਰੀ ਭੱਜ-ਨੱਠ ਕਰਦੇ ਦਿਸੇ। ਗੁਪਤ ਜਾਣਕਾਰੀ ਅਨੁਸਾਰ ਇਸ ਪੰਪ ’ਤੇ ਲੱਗੇ ਇਕ ਹਾਜ਼ਰੀ ਰਜਿਸਟਰ ਅਤੇ ਕੁਝ ਹੋਰ ਕਾਗਜ਼ ਪੱਤਰਾਂ ਨੂੰ ਵਿਭਾਗ ਦੇ ਕਾਮੇ ਤੁਰੰਤ ਹੀ ਸਮੇਟ ਕੇ ਲੈ ਗਏ।
ਹਾਦਸਾ ਵਾਪਰਨ ਲਈ ਜ਼ਿੰਮੇਵਾਰ ਕਾਰਣ
ਮਨਦੀਪ ਸਿੰਘ ਦੀ ਡਿਊਟੀ ਬੇਲਦਾਰ ਦੀ ਸੀ ਜਦੋਂ ਕਿ ਉਸ ਤੋਂ ਅਣ-ਅਧਿਕਾਰਿਤ ਤੌਰ ’ਤੇ ਪੰਪ ਆਪਰੇਟਰ ਦਾ ਕੰਮ ਲਿਆ ਜਾ ਰਿਹਾ ਸੀ। ਦੂਜਾ ਇਸ ਸੀਵਰੇਜ ਡਿਸਪੋਜ਼ਲ ਪੰਪ ’ਤੇ ਆਪਰੇਟਰ ਦੇ ਬੈਠਣ ਲਈ ਪੂਰੇ ਪ੍ਰਬੰਧ ਨਹੀਂ ਸਨ ਅਤੇ ਪੰਪ ਅਾਪਰੇਟਰ ਨੂੰ ਠੰਡ ਤੋਂ ਬਚਣ ਲਈ ਪੰਪ ਦੇ ਕੋਲ ਬੈਠ ਕੇ ਹੀ ਡਿਊਟੀ ਦੇਣੀ ਪੈਂਦੀ ਸੀ। ਜੇਕਰ ਇਕ ਬੇਲਦਾਰ ਪੰਪ ਅਾਪਰੇਟਰ ਦੀ ਡਿਊਟੀ ਦੇ ਰਿਹਾ ਸੀ ਤਾਂ ਫਿਰ ਅਸਲ ਪੰਪ ਅਾਪਰੇਟਰ ਕਿੱਥੇ ਸੀ। ਪੰਪ ਦੀ ਲਪੇਟੇ ’ਚ ਆਉਣ ਤੋਂ ਬਚਾਅ ਕਰਨ ਲਈ ਪੱਖੇ ਦੇ ਦੁਆਲੇ ਕਿਸੇ ਕਿਸਮ ਦੇ ਜਾਲ ਦੀ ਵਿਵਸਥਾ ਨਹੀ ਸੀ।
ਜਥੇਬੰਦੀਆਂ ਅਤੇ ਸਮਾਜ ਸੇਵੀਆਂ ਨੇ ਮਦਦ ਦੀ ਕੀਤੀ ਫਰਿਆਦ
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਰੇਸ਼ਮ ਸਿੰਘ ਯਾਤਰੀ, ਬਹੁਜਨ ਸਮਾਜ ਪਾਰਟੀ ਦੇ ਦੁਸਹਿਰਾ ਸਿੰਘ, ਲੋਕ ਜਗਾਓ ਕਮੇਟੀ ਦੇ ਸੁਰੇਸ਼ ਕੁਮਾਰ ਹੈਪੀ, ਭਾਰਤ ਭੂਸ਼ਣ, ਗੁਰਪਾਲ ਸਿੰਘ, ਵਿੱਕੀ ਕੁਮਾਰ ਆਦਿ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਧਿਕਾਰੀਆਂ ਦੀ ਅਣਗਹਿਲੀ ਕਾਰਣ ਦੁਰਘਟਨਾ ਦਾ ਸ਼ਿਕਾਰ ਹੋਏ ਮਨਦੀਪ ਸਿੰਘ ਦੇ ਗਰੀਬ ਪਰਿਵਾਰ ਨੂੰ 25 ਲੱਖ ਰੁਪਏ ਦੀ ਤੁਰੰਤ ਆਰਥਿਕ ਮਦਦ ਕੀਤੀ ਜਾਵੇ ਅਤੇ ਉਸ ਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਇਹ ਪਰਿਵਾਰ ਫਿਰ ਤੋਂ ਆਪਣੇ ਪੈਰਾਂ ’ਤੇ ਖੜ੍ਹਾ ਹੋ ਸਕੇ। ਇਸ ਦੇ ਨਾਲ ਹੀ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਘਟਨਾ ਦੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਸੀਵਰੇਜ ਬੋਰਡ ਦੇ ਐੱਸ.ਡੀ.ਓ. ਅਸ਼ਵਨੀ ਕੁਮਾਰ ਭਾਵੇਂ ਮੌਕੇ ’ਤੇ ਪੁੱਜੇ ਪਰ ਉਹ ਪੱਤਰਕਾਰਾਂ ਤੋਂ ਦੂਰ ਦੂਰ ਰਹੇ।
ਬਣਦੀ ਕਾਰਵਾਈ ਕੀਤੀ ਜਾਵੇਗੀ : ਐੱਸ.ਐੱਚ.ਓ
ਘਟਨਾ ਸਥੱਲ ’ਤੇ ਪੁੱਜੇ ਐੱਸ.ਐੱਚ.ਓ. ਮੌਡ਼ ਰਾਜੇਸ਼ ਕੁਮਾਰ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ ਹੈ ਜਦੋਂ ਕਿ ਬਿਆਨਾਂ ਦੇ ਅਾਧਾਰ ’ਤੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।