ਟਿੱਪਰ ਦੀ ਟੱਕਰ ਨਾਲ ਵਿਅਕਤੀ ਦੀ ਮੌਤ
Monday, Jan 29, 2018 - 12:47 AM (IST)

ਤਪਾ ਮੰਡੀ, (ਸ਼ਾਮ, ਗਰਗ)— ਮਾਨਸਾ-ਬਰਨਾਲਾ ਮੁੱਖ ਮਾਰਗ 'ਤੇ ਸਥਿਤ ਪ੍ਰਾਈਵੇਟ ਫੈਕਟਰੀ ਧੌਲਾ 'ਚ ਕੰਮ ਕਰਦੇ ਮੁਲਾਜ਼ਮ ਦੀ ਟਿੱਪਰ ਦੀ ਟੱਕਰ ਕਾਰਨ ਮੌਤ ਹੋ ਗਈ।
ਜਾਂਚ ਅਧਿਕਾਰੀ ਭੀਮ ਸੈਨ ਨੇ ਦੱਸਿਆ ਕਿ ਪੂਰਨ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਨੱਥੋਹੇੜੀ (ਸੰਗਰੂਰ) 26 ਜਨਵਰੀ ਨੂੰ ਸ਼ਾਮ 5 ਵਜੇ ਦੀ ਡਿਊਟੀ ਕਰ ਕੇ ਫੈਕਟਰੀ ਦੇ ਬਾਹਰ ਮੋਟਰਸਾਈਕਲ ਸਣੇ ਆਪਣੇ ਸਾਥੀ ਨਾਲ ਖੜ੍ਹਾ ਸੀ ਕਿ ਟਰਾਈਡੈਂਟ ਦੇ ਹੀ ਇਕ ਤੇਜ਼ ਰਫਤਾਰ ਟਿੱਪਰ ਦੇ ਡਰਾਈਵਰ ਸੁਖਦੇਵ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਅਕਲੀਆਂ ਨੇ ਲਾਪ੍ਰਵਾਹੀ ਵਰਤਦੇ ਹੋਏ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਮੋਟਰਸਾਈਕਲ ਬੁਰੀ ਤਰ੍ਹÎਾਂ ਨੁਕਸਾਨਿਆ ਗਿਆ। ਉਸ ਦੇ ਸਾਥੀ ਨੇ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ।
ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਡੀ. ਐੱਮ. ਸੀ. ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ, ਜਿਥੇ ਉਹ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਏ ਦਮ ਤੋੜ ਗਿਆ।
ਮ੍ਰਿਤਕ ਦਾ ਅਗਲੇ ਮਹੀਨੇ ਸੀ ਵਿਆਹ
ਪਰਿਵਾਰਕ ਮੈਂਬਰਾਂ ਅਨੁਸਾਰ ਪੂਰਨ ਸਿੰਘ ਦਾ ਅਗਲੇ ਮਹੀਨੇ ਦੀ 11 ਤਰੀਕ ਨੂੰ ਵਿਆਹ ਰੱਖਿਆ ਹੋਇਆ ਸੀ। ਪੁਲਸ ਨੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਪੁਲਸ ਦੀ ਗ੍ਰਿਫਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ।